Lawrance Bishnoi: ਜੈਮਰ ਦੇ ਸਵਾਲ ‘ਤੇ ਹਾਈਕੋਰਟ ਨੇ ਮੁੱਖ ਸਕੱਤਰ ਨੂੰ ਕੀਤਾ ਤਲਬ; ਇੱਕ ਮਹੀਨੇ ਵਿੱਚ ਪੂਰੀ ਹੋਵੇਗੀ ਐਸਆਈਟੀ ਜਾਂਚ

Updated On: 

05 Sep 2024 17:54 PM

Lawrance Jail Interview Case: ਗੈਂਗਸਟਰ ਲਾਰੈਂਸ ਇਸ ਸਮੇਂ ਨਸ਼ਾ ਤਸਕਰੀ ਨਾਲ ਜੁੜੇ ਇੱਕ ਮਾਮਲੇ ਵਿੱਚ ਗੁਜਰਾਤ ਦੀ ਜੇਲ੍ਹ ਵਿੱਚ ਬੰਦ ਹੈ। ਉਸਨੂੰ ਅਹਿਮਦਾਬਾਦ ਦੇ ਸਾਬਰਮਤੀ ਦੀ ਹਾਈ ਸਿਕਉਰਿਟੀ ਵਾਲੀ ਜੇਲ੍ਹ ਵਿੱਚ ਰੱਖਿਆ ਗਿਆ ਹੈ। ਹਾਲ ਹੀ 'ਚ ਇਕ ਪਾਕਿਸਤਾਨੀ ਡੌਨ ਨਾਲ ਈਦ ਦੀ ਵਧਾਈ ਨੂੰ ਲੈ ਕੇ ਉਸ ਦੀ ਵੀਡੀਓ ਕਾਲ ਦੀ ਰਿਕਾਰਡਿੰਗ ਵੀ ਵਾਇਰਲ ਹੋਈ ਸੀ।

Lawrance Bishnoi: ਜੈਮਰ ਦੇ ਸਵਾਲ ਤੇ ਹਾਈਕੋਰਟ ਨੇ ਮੁੱਖ ਸਕੱਤਰ ਨੂੰ ਕੀਤਾ ਤਲਬ; ਇੱਕ ਮਹੀਨੇ ਵਿੱਚ ਪੂਰੀ ਹੋਵੇਗੀ ਐਸਆਈਟੀ ਜਾਂਚ

ਗੈਂਗਸਟਰ ਲਾਰੈਂਸ ਬਿਸ਼ਨੋਈ

Follow Us On

ਜੇਲ੍ਹ ਤੋਂ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਦੇ ਮਾਮਲੇ ਵਿੱਚ ਵੀਰਵਾਰ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਸੁਣਵਾਈ ਹੋਈ। ਅਦਾਲਤ ਨੇ ਹੁਣ ਪੰਜਾਬ ਦੇ ਮੁੱਖ ਸਕੱਤਰ ਨੂੰ ਤਲਬ ਕੀਤਾ ਹੈ। ਅਗਲੀ ਸੁਣਵਾਈ ਸ਼ੁੱਕਰਵਾਰ ਸਵੇਰੇ ਹੋਣੀ ਹੈ। ਉੱਧਰ, ਇਸ ਮਾਮਲੇ ਦੀ ਜਾਂਚ ਕਰ ਰਹੀ ਐਸਆਈਟੀ ਨੇ ਦੱਸਿਆ ਕਿ ਉਨ੍ਹਾਂ ਦੀ ਜਾਂਚ ਜਾਰੀ ਹੈ। ਅਕਤੂਬਰ ਦੇ ਪਹਿਲੇ ਹਫ਼ਤੇ ਤੱਕ ਜਾਂਚ ਪੂਰੀ ਕਰ ਲਈ ਜਾਵੇਗੀ।

ਸੁਣਵਾਈ ਦੌਰਾਨ ਅਦਾਲਤ ਨੇ ਜੇਲ੍ਹਾਂ ‘ਚ ਜੈਮਰ ਲਗਾਉਣ ਦੇ ਮੁੱਦੇ ‘ਤੇ ਸਵਾਲ ਕੀਤਾ ਤਾਂ ਸਰਕਾਰੀ ਵਕੀਲ ਨੇ ਦੱਸਿਆ ਕਿ ਜੈਮਰ ਲਗਾਉਣ ਦੀ ਇੱਕ ਪ੍ਰਕਿਰਿਆ ਹੈ। ਜੈਮਰ ਲਗਾਉਣ ਲਈ ਬਕਾਇਦਾ ਟੈਂਡਰ ਅਤੇ ਹੋਰ ਰਸਮੀ ਕਾਰਵਾਈਆਂ ਹੁੰਦੀਆਂ ਹਨ। ਇਸ ਤੋਂ ਬਾਅਦ ਅਦਾਲਤ ਨੇ ਮੁੱਖ ਸਕੱਤਰ ਨੂੰ ਤਲਬ ਕੀਤਾ। ਅੱਧੇ ਘੰਟੇ ਦਾ ਸਮਾਂ ਦਿੱਤਾ। ਉਨ੍ਹਾਂ ਨੂੰ ਅੱਧੇ ਘੰਟੇ ਵਿੱਚ ਵੀਡੀਓ ਕਾਨਫਰਸਿੰਗ ਰਾਹੀਂ ਅਦਾਲਤ ਵਿੱਚ ਪੇਸ਼ ਹੋਣ ਲਈ ਕਿਹਾ ਸੀ । ਪਰ ਉਹ ਕਿਸਾਨਾਂ ਨਾਲ ਮੀਟਿੰਗ ਕਰਕੇ ਪੇਸ਼ ਨਹੀਂ ਹੋ ਸਕੇ। ਹੁਣ ਮਾਮਲੇ ਦੀ ਸੁਣਵਾਈ ਕੱਲ੍ਹ ਯਾਨੀ ਸ਼ੁੱਕਰਵਾਰ ਸਵੇਰੇ ਹੋਵੇਗੀ।

ਪਹਿਲੇ ਇੰਟਰਵਿਊ ‘ਚ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲਈ ਸੀ

ਲਾਰੈਂਸ ਦਾ ਪਹਿਲਾ ਇੰਟਰਵਿਊ 14 ਮਾਰਚ ਨੂੰ ਪ੍ਰਸਾਰਿਤ ਕੀਤਾ ਗਿਆ ਸੀ। ਜਿਸ ਵਿੱਚ ਲਾਰੈਂਸ ਨੇ ਸਿੱਧੂ ਮੂਸੇਵਾਲਾ ਦਾ ਕਤਲ ਕਰਵਾਉਣ ਦੀ ਗੱਲ ਕਬੂਲੀ ਸੀ। ਲਾਰੈਂਸ ਨੇ ਕਿਹਾ ਕਿ ਮੂਸੇਵਾਲਾ ਸਿੰਗਿੰਗ ਦੀ ਬਜਾਏ ਗੈਂਗ ਵਾਰ ਵਿੱਚ ਵੜ੍ਹ ਰਿਹਾ ਹੈ। ਉਸਦੇ ਕਾਲਜ ਦੇ ਦੋਸਤ, ਅਕਾਲੀ ਆਗੂ ਵਿੱਕੀ ਮਿੱਡੂਖੇੜਾ ਦੇ ਕਤਲ ਵਿੱਚ ਵੀ ਮੂਸੇਵਾਲਾ ਦਾ ਹੱਥ ਸੀ। ਇਸੇ ਲਈ ਉਸ ਦਾ ਕਤਲ ਕਰ ਦਿੱਤਾ ਗਿਆ। ਐਸਆਈਟੀ ਦੀ ਰਿਪੋਰਟ ਅਨੁਸਾਰ ਇਹ ਉਹੀ ਇੰਟਰਵਿਊ ਹੈ ਜੋ ਉਸ ਨੇ ਸੀਆਈਏ ਦੀ ਹਿਰਾਸਤ ਵਿੱਚੋਂ ਦਿੱਤਾ ਸੀ।

ਦੂਜੀ ਇੰਟਰਵਿਊ ਵਿੱਚ ਬੈਰਕ ਤੋਂ ਕਾਲ ਕਰਨ ਦਾ ਦਿੱਤਾ ਸਬੂਤ

ਆਪਣੀ ਦੂਜੀ ਇੰਟਰਵਿਊ ਵਿੱਚ ਲਾਰੈਂਸ ਨੇ ਜੇਲ੍ਹ ਦੇ ਅੰਦਰੋਂ ਇੰਟਰਵਿਊ ਕਰਨ ਦਾ ਸਬੂਤ ਵੀ ਦਿੱਤਾ ਸੀ। ਉਸ ਨੇ ਆਪਣੀ ਬੈਰਕ ਵੀ ਦਿਖਾਈ ਅਤੇ ਦੱਸਿਆ ਕਿ ਉਸ ਨੂੰ ਬਾਹਰ ਜਾਣ ਦੀ ਇਜਾਜ਼ਤ ਨਹੀਂ ਹੈ ਪਰ ਉਸ ਦਾ ਮੋਬਾਈਲ ਫੋਨ ਵੀ ਉਸ ਕੋਲ ਆ ਹੀ ਜਾਂਦਾ ਹੈ ਅਤੇ ਸਿਗਨਲ ਵੀ। ਲਾਰੈਂਸ ਨੇ ਆਪਣੇ ਇੰਟਰਵਿਊ ‘ਚ ਕਿਹਾ ਕਿ ਜੇਲ ਦੇ ਗਾਰਡ ਰਾਤ ਨੂੰ ਘੱਟ ਹੀ ਆਉਂਦੇ-ਜਾਂਦੇ ਹਨ, ਇਸ ਲਈ ਉਹ ਰਾਤ ਨੂੰ ਫੋਨ ਕਰ ਰਿਹਾ ਹੈ।

ਲਾਰੈਂਸ ਨੇ ਮੋਬਾਈਲ ਦੇ ਅੰਦਰ ਆਉਣ ਦੀ ਜਾਣਕਾਰੀ ਦਿੱਤੀ ਸੀ। ਲਾਰੈਂਸ ਮੁਤਾਬਕ, ਜੇਲ੍ਹ ਦੇ ਅੰਦਰ ਮੋਬਾਈਲ ਫ਼ੋਨ ਬਾਹਰੋਂ ਸੁੱਟੇ ਜਾਂਦੇ ਹਨ। ਕਈ ਵਾਰ ਜੇਲ੍ਹ ਸਟਾਫ਼ ਉਨ੍ਹਾਂ ਨੂੰ ਫੜ ਵੀ ਲੈਂਦਾ ਹੈ ਪਰ ਬਹੁਤੀ ਵਾਰ ਮੋਬਾਈਲ ਫ਼ੋਨ ਉਨ੍ਹਾਂ ਤੱਕ ਪਹੁੰਚ ਜਾਂਦਾ ਹੈ।

ਵਕੀਲ ਬੋਲੇ- ਪੰਜਾਬ ਪੁਲਿਸ ਵਿੱਚ ਕਾਲੀਆਂ ਭੇਡਾਂ

ਇਸ ਸਬੰਧੀ ਇੰਟਰਵਿਊ ਦੇ ਖਿਲਾਫ ਪਟੀਸ਼ਨ ਦਾਇਰ ਕਰਨ ਵਾਲੋ ਵਕਾਲੀ ਗੌਰਵ ਨੇ ਕਿਹਾ – ਅੱਜ ਦੀ ਸੁਣਵਾਈ ਵਿੱਚ ਇਹ ਸਪੱਸ਼ਟ ਹੋ ਗਿਆ ਹੈ ਕਿ ਪੰਜਾਬ ਪੁਲਿਸ ਵਿੱਚ ਕਾਲੀਆਂ ਭੇਡਾਂ ਹਨ। ਜਿਸ ਨੇ ਇਹ ਇੰਟਰਵਿਊ ਕਰਵਾਈ ਸੀ। ਇਹ ਕਿਸੇ ਆਮ ਆਦਮੀ ਦਾ ਕੰਮ ਨਹੀਂ ਹੈ। ਹਾਲਾਂਕਿ ਸ਼ੁਰੂ ਤੋਂ ਹੀ ਇਸ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਉਨ੍ਹਾਂ ਦੱਸਿਆ ਕਿ ਅਦਾਲਤ ਨੇ ਫੈਸਲਾ ਕੀਤਾ ਹੈ ਕਿ ਜੋ ਵੀ ਇਸ ਮਾਮਲੇ ਵਿੱਚ ਸ਼ਾਮਲ ਹੋਵੇਗਾ, ਉਸ ਖ਼ਿਲਾਫ਼ ਸਿੱਧੀ ਕਾਰਵਾਈ ਕੀਤੀ ਜਾਵੇਗੀ। ਨਾਲ ਹੀ ਇਸ ਮਾਮਲੇ ਵਿੱਚ ਸ਼ਾਮਲ ਸਾਰੇ ਸੁਪਰਵਾਈਜ਼ਰਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਡੀਜੀਪੀ ਇਸ ਮਾਮਲੇ ਵਿੱਚ ਹਲਫ਼ਨਾਮਾ ਦਾਇਰ ਕਰਨਗੇ। ਇਸ ਮਾਮਲੇ ਦੀ ਅਗਲੀ ਸੁਣਵਾਈ 6 ਤਰੀਕ ਨੂੰ ਤੈਅ ਕੀਤੀ ਗਈ ਹੈ।