ਚੰਡੀਗੜ੍ਹ ਪਹੁੰਚੇ ਕੇ.ਸੀ. ਵੇਣੂਗੋਪਾਲ ਤੇ ਸਚਿਨ ਪਾਇਲਟ, 2027 ਦੀਆਂ ਚੋਣਾਂ ਲਈ ਪੰਜਾਬ ਕਾਂਗਰਸ ਦੀਆਂ ਤਿਆਰੀਆਂ ਤੇਜ਼
ਕੇ.ਸੀ. ਵੇਣੂਗੋਪਾਲ ਐਤਵਾਰ ਦੇਰ ਸ਼ਾਮ ਚੰਡੀਗੜ੍ਹ ਪਹੁੰਚੇ। ਉਨ੍ਹਾਂ ਦੇ ਨਾਲ ਸਚਿਨ ਪਾਇਲਟ ਵੀ ਮੌਜੂਦ ਸਨ। ਚੰਡੀਗੜ੍ਹ ਹਵਾਈ ਅੱਡੇ 'ਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪਰਗਟ ਸਿੰਘ ਤੇ ਪਾਰਟੀ ਦੇ ਹੋਰ ਸੀਨੀਅਰ ਆਗੂਆਂ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ।
Pic: X/@INCPunjab
ਪੰਜਾਬ ‘ਚ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕਾਂਗਰਸ ਹਾਈਕਮਾਨ ਨੇ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ। ਪਾਰਟੀ ਸੰਗਠਨ ਨੂੰ ਮਜ਼ਬੂਤ ਕਰਨ ਤੇ ਆਉਣ ਵਾਲੀਆਂ ਚੋਣਾਂ ਲਈ ਰਣਨੀਤੀ ਤਿਆਰ ਕਰਨ ਦੇ ਮਕਸਦ ਨਾਲ ਆਲ ਇੰਡੀਆ ਕਾਂਗਰਸ ਕਮੇਟੀ (AICC) ਦੇ ਜਨਰਲ ਸਕੱਤਰ ਕੇ.ਸੀ. ਵੇਣੂਗੋਪਾਲ ਤੇ ਪੰਜਾਬ ਕਾਂਗਰਸ ਦੇ ਇੰਚਾਰਜ ਸਚਿਨ ਪਾਇਲਟ ਚੰਡੀਗੜ੍ਹ ਪਹੁੰਚ ਗਏ ਹਨ। ਇੱਥੇ ਉਹ ਪੰਜਾਬ ਕਾਂਗਰਸ ਦੇ ਪ੍ਰਧਾਨ ਪਰਗਟ ਸਿੰਘ ਸਮੇਤ ਪਾਰਟੀ ਦੇ ਸੀਨੀਅਰ ਆਗੂਆਂ ਨਾਲ ਅਹਿਮ ਮੀਟਿੰਗਾਂ ਕਰਨਗੇ।
ਕੇ.ਸੀ. ਵੇਣੂਗੋਪਾਲ ਐਤਵਾਰ ਦੇਰ ਸ਼ਾਮ ਚੰਡੀਗੜ੍ਹ ਪਹੁੰਚੇ। ਉਨ੍ਹਾਂ ਦੇ ਨਾਲ ਸਚਿਨ ਪਾਇਲਟ ਵੀ ਮੌਜੂਦ ਸਨ। ਚੰਡੀਗੜ੍ਹ ਹਵਾਈ ਅੱਡੇ ‘ਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪਰਗਟ ਸਿੰਘ ਤੇ ਪਾਰਟੀ ਦੇ ਹੋਰ ਸੀਨੀਅਰ ਆਗੂਆਂ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ।
2027 ਦੀਆਂ ਚੋਣਾਂ ਦੀ ਰਣਨੀਤੀ ‘ਤੇ ਹੋਵੇਗੀ ਚਰਚਾ
ਸੋਮਵਾਰ ਤੇ ਮੰਗਲਵਾਰ ਨੂੰ ਕਾਂਗਰਸ ਦੇ ਸੀਨੀਅਰ ਆਗੂਆਂ ਤੇ ਜ਼ਿਲ੍ਹਾ ਪ੍ਰਧਾਨਾਂ ਨਾਲ ਮੀਟਿੰਗਾਂ ਕੀਤੀਆਂ ਜਾਣਗੀਆਂ। ਇਨ੍ਹਾਂ ਮੀਟਿੰਗਾਂ ‘ਚ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੀ ਤਿਆਰੀ, ਪਾਰਟੀ ਦੇ ਸੰਗਠਨ ਨੂੰ ਮਜ਼ਬੂਤ ਕਰਨ ਤੇ ਆਗੂਆਂ ਤੇ ਵਰਕਰਾਂ ਵਿਚਕਾਰ ਬਿਹਤਰ ਤਾਲਮੇਲ ਬਣਾਉਣ ਵਰਗੇ ਅਹਿਮ ਮੁੱਦਿਆਂ ‘ਤੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ।
ਪਰਗਟ ਸਿੰਘ ਨੂੰ ਪੰਜਾਬ ਕਾਂਗਰਸ ਦੇ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪੇ ਜਾਣ ਤੋਂ ਬਾਅਦ ਪਾਰਟੀ ਸੰਗਠਨ ਨੂੰ ਚੋਣਾਂ ਲਈ ਤਿਆਰ ਕਰਨ ਦੀ ਪ੍ਰਕਿਰਿਆ ਤੇਜ਼ ਹੋ ਗਈ ਹੈ। ਹਾਈਕਮਾਨ ਦੀ ਕੋਸ਼ਿਸ਼ ਹੈ ਕਿ ਸੂਬੇ ਤੋਂ ਲੈ ਕੇ ਜ਼ਿਲ੍ਹਾ ਪੱਧਰ ਤੱਕ ਪਾਰਟੀ ਦੀਆਂ ਗਤੀਵਿਧੀਆਂ ਨੂੰ ਤੇਜ਼ ਕੀਤਾ ਜਾਵੇ ਤੇ ਵਰਕਰਾਂ ਨੂੰ ਚੋਣ ਤਿਆਰੀਆਂ ਨਾਲ ਜੋੜਿਆ ਜਾਵੇ।
ਜ਼ਿਲ੍ਹਾ ਪੱਧਰ ‘ਤੇ ਸੰਗਠਨ ਦੀ ਸਥਿਤੀ ਦੀ ਹੋਵੇਗੀ ਸਮੀਖਿਆ
ਮੀਟਿੰਗਾਂ ਦੌਰਾਨ ਪੰਜਾਬ ‘ਚ ਕਾਂਗਰਸ ਦੇ ਸੰਗਠਨ ਦੀ ਮੌਜੂਦਾ ਸਥਿਤੀ ਦੀ ਸਮੀਖਿਆ ਵੀ ਕੀਤੀ ਜਾਵੇਗੀ। ਇਸ ਦੇ ਨਾਲ ਹੀ ਸੀਨੀਅਰ ਆਗੂਆਂ ਵਿਚਕਾਰ ਤਾਲਮੇਲ ਵਧਾਉਣ, ਜ਼ਿਲ੍ਹਾ ਪੱਧਰ ‘ਤੇ ਪਾਰਟੀ ਦੀ ਕਾਰਗੁਜ਼ਾਰੀ ਨੂੰ ਬਿਹਤਰ ਬਣਾਉਣ ਤੇ ਭਵਿੱਖ ਦੀਆਂ ਚੋਣ ਯੋਜਨਾਵਾਂ ਨੂੰ ਯੋਜਨਾਬੱਧ ਤਰੀਕੇ ਨਾਲ ਅੱਗੇ ਵਧਾਉਣ ਬਾਰੇ ਚਰਚਾ ਹੋਵੇਗੀ। ਕਾਂਗਰਸ ਹਾਈਕਮਾਨ ਚਾਹੁੰਦੀ ਹੈ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪਾਰਟੀ ਦਾ ਢਾਂਚਾ ਮਜ਼ਬੂਤ ਹੋਵੇ ਤੇ ਸਾਰੇ ਆਗੂ ਤੇ ਵਰਕਰ ਇੱਕਜੁੱਟ ਹੋ ਕੇ ਕੰਮ ਕਰਨ।
ਇਹ ਵੀ ਪੜ੍ਹੋ
1 ਨਵੰਬਰ ਦੀ ਰੈਲੀ ਦੀਆਂ ਤਿਆਰੀਆਂ ‘ਤੇ ਵੀ ਹੋਵੇਗੀ ਚਰਚਾ
ਇਨ੍ਹਾਂ ਮੀਟਿੰਗਾਂ ‘ਚ 1 ਨਵੰਬਰ ਨੂੰ ਦਿੱਲੀ ‘ਚ ਪ੍ਰਸਤਾਵਿਤ ‘ਵੋਟ ਬਚਾਓ, ਦੇਸ਼ ਬਚਾਓ’ ਰੈਲੀ ਦੀਆਂ ਤਿਆਰੀਆਂ ਬਾਰੇ ਵੀ ਵਿਚਾਰ-ਵਟਾਂਦਰਾ ਕੀਤਾ ਜਾ ਸਕਦਾ ਹੈ। ਪੰਜਾਬ ਕਾਂਗਰਸ ਦੇ ਆਗੂਆਂ ਨਾਲ ਰੈਲੀ ਸਬੰਧੀ ਯੋਜਨਾਵਾਂ ਤੇ ਪਾਰਟੀ ਦੀ ਭੂਮਿਕਾ ਬਾਰੇ ਚਰਚਾ ਹੋਣ ਦੀ ਸੰਭਾਵਨਾ ਹੈ। ਕੇ.ਸੀ. ਵੇਣੂਗੋਪਾਲ ਤੇ ਸਚਿਨ ਪਾਇਲਟ ਦਾ ਚੰਡੀਗੜ੍ਹ ਦੌਰਾ ਪੰਜਾਬ ਕਾਂਗਰਸ ਲਈ ਅਹਿਮ ਮੰਨਿਆ ਜਾ ਰਿਹਾ ਹੈ, ਇਸ ਦੌਰਾਨ ਪਾਰਟੀ ਦੀ ਭਵਿੱਖੀ ਚੋਣ ਰਣਨੀਤੀ ਤੇ ਸੰਗਠਨ ਨੂੰ ਮਜ਼ਬੂਤ ਕਰਨ ਲਈ ਕੀਤੇ ਜਾਣ ਵਾਲੇ ਕਦਮਾਂ ਬਾਰੇ ਚਰਚਾ ਹੋਵੇਗੀ।
