ਫਿਲਹਾਲ ਬੰਦ ਰਹੇਗਾ ਕਰਤਾਪੁਰ ਲਾਂਘਾ, ਵਿਦੇਸ਼ ਮੰਤਰਾਲੇ ਦਾ ਬਿਆਨ – ਮੌਜੂਦਾ ਸੁਰੱਖਿਆ ਹਾਲਾਤ ਨਹੀਂ ਹਨ ਅਨੁਕੂਲ

Updated On: 

19 Aug 2026 13:21 PM IST

Kartarpur Corridor: ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਲੰਬੇ ਸਮੇਂ ਤੋਂ ਬੰਦ ਰਹਿਣ ਦੇ ਮਾਮਲੇ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਨੇ ਕੇਂਦਰ ਸਰਕਾਰ ਨੂੰ ਜਲਦ ਇਸ ਸਬੰਧੀ ਫ਼ੈਸਲਾ ਕਰਨ ਦੀ ਅਪੀਲ ਕੀਤੀ mr। ਉਨ੍ਹਾਂ ਮੰਗ ਕੀਤੀ ਸੀ ਕਿ ਇਹ ਮਾਮਲਾ ਕਰੋੜਾਂ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਜੁੜਿਆ ਹੋਇਆ ਹੈ, ਇਸ ਲਈ ਸਰਕਾਰ ਨੂੰ ਸਿੱਖ ਸੰਗਤ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦਿਆਂ ਲਾਂਘਾ ਮੁੜ ਖੋਲ੍ਹਣਾ ਚਾਹੀਦਾ ਹੈ। ਹੁਣ ਸਰਕਾਰ ਵੱਲੋਂ ਇਸ ਮੁੱਦੇ ਤੇ ਜਵਾਬ ਦਿੱਤਾ ਗਿਆ ਹੈ।

ਫਿਲਹਾਲ ਬੰਦ ਰਹੇਗਾ ਕਰਤਾਪੁਰ ਲਾਂਘਾ, ਵਿਦੇਸ਼ ਮੰਤਰਾਲੇ ਦਾ ਬਿਆਨ - ਮੌਜੂਦਾ ਸੁਰੱਖਿਆ ਹਾਲਾਤ ਨਹੀਂ ਹਨ ਅਨੁਕੂਲ

(Image Credit: Social Media)

ਵਿਦੇਸ਼ ਮੰਤਰਾਲੇ ਨੇ ਸਪੱਸ਼ਟ ਕੀਤਾ ਹੈ ਕਿ ਪਾਕਿਸਤਾਨ ਵਿੱਚ ਮੌਜੂਦਾ ਸੁਰੱਖਿਆ ਹਾਲਾਤਾਂ ਦੇ ਕਾਰਨ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੀਆਂ ਸੇਵਾਵਾਂ ਫਿਲਹਾਲ ਮੁਅੱਤਲ ਰਹਿਣਗੀਆਂ। ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ 7 ਮਈ, 2025 ਤੋਂ ਬੰਦ ਕੀਤੇ ਗਏ ਲਾਂਘੇ ਨੂੰ ਦੁਬਾਰਾ ਖੋਲ੍ਹਣ ਦੀ ਸਿੱਖ ਸੰਗਠਨਾਂ (SGPC) ਦੀ ਮੰਗ ਦੇ ਸੰਬੰਧ ਵਿੱਚ, ਸਰਕਾਰ ਨੇ ਕਿਹਾ ਹੈ ਕਿ ਸੁਰੱਖਿਆ ਹਾਲਾਤਾਂ ਵਿੱਚ ਹਾਲੇ ਵੀ ਕੋਈ ਬਦਲਾਅ ਨਹੀਂ ਆਇਆ ਹੈ।

ਮਈ 2025 ਦੇ ਪਹਿਲਗਾਮ ਹਮਲੇ ਤੋਂ ਬਾਅਦ ਪੈਦਾ ਹੋਏ ਸੁਰੱਖਿਆ ਖਤਰੇ ਤੋਂ ਬਾਅਦ ਕਰਤਾਰਪੁਰ ਲਾਂਘੇ ਨੂੰ ਬੰਦ ਕਰ ਦਿੱਤਾ ਗਿਆ ਸੀ। ਜਿਸਤੋਂ ਬਾਅਦ ਕਈ ਸਿੱਖ ਜਥੇਬੰਦੀਆਂ ਲਾਂਘੇ ਨੂੰ ਮੁੜ ਤੋਂ ਖੋਲ੍ਹਣ ਦੀ ਮੰਗ ਕਰ ਰਹੀਆਂ ਸਨ। ਪਰ ਵਿਦੇਸ਼ ਮੰਤਰਾਲੇ ਦੇ ਅਨੁਸਾਰ, ਮੌਜੂਦਾ ਸੁਰੱਖਿਆ ਮਾਹੌਲ ਵਿੱਚ ਸੁਧਾਰ ਨਾ ਹੋਣ ਕਾਰਨ ਲਾਂਘੇ ਨੂੰ ਤੁਰੰਤ ਬਹਾਲ ਨਹੀਂ ਕੀਤਾ ਜਾ ਸਕਦਾ।

ਸੁਰੱਖਿਆ ਕਾਰਨਾਂ ਕਰਕੇ ਲਾਂਘੇ ਦੀਆਂ ਸੇਵਾਵਾਂ ਮੁਅੱਤਲ

ਅਕਤੂਬਰ 2024 ਵਿੱਚ, ਇਸ ਲਾਂਘੇ ਨਾਲ ਜੁੜੇ ਸਮਝੌਤੇ ਨੂੰ ਅਗਲੇ 5 ਸਾਲਾਂ (2029 ਤੱਕ) ਲਈ ਵਧਾ ਦਿੱਤਾ ਗਿਆ ਸੀ, ਪਰ ਸੁਰੱਖਿਆ ਕਾਰਨਾਂ ਕਰਕੇ ਜ਼ਮੀਨੀ ਪੱਧਰ ‘ਤੇ ਆਵਾਜਾਈ ਫਿਲਹਾਲ ਮੁਅੱਤਲ ਹੈ। ਪਰ ਲਾਂਘੇ ਦੇ ਬੰਦ ਹੋਣ ਦੇ ਬਾਵਜੂਦ, 1974 ਦੇ ਭਾਰਤ-ਪਾਕਿਸਤਾਨ ਪ੍ਰੋਟੋਕੋਲ ਦੇ ਤਹਿਤ ਸਿੱਖ ਜਥਿਆਂ ਨੂੰ ਵਿਸ਼ੇਸ਼ ਧਾਰਮਿਕ ਮੌਕਿਆਂ ‘ਤੇ ਪਾਕਿਸਤਾਨ ਜਾਣ ਦੀ ਆਗਿਆ ਦਿੱਤੀ ਜਾ ਰਹੀ ਹੈ।

( 18 ਮਿੰਟ ‘ਤੇ ਕਰਤਾਰਪੁਰ ਸਾਹਿਬ ‘ਤੇ ਸਵਾਲ ਅਤੇ 20.35 ‘ਤੇ MEA ਦਾ ਜਵਾਬ)

ਮੌਨਸੂਨ ਸੈਸ਼ਨ ‘ਚ ਵੀ ਉੱਠਿਆ ਸੀ ਮੁੱਦਾ

ਇਹ ਮਾਮਲਾ ਸੰਸਦ ਦੇ ਮੌਨਸੂਨ ਸੈਸ਼ਨ ਦੌਰਾਨ ਵੀ ਉੱਠਿਆ ਸੀ। ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਅਤੇ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਕਰਤਾਰਪੁਰ ਲਾਂਘਾ ਖੋਲ੍ਹਣ ਸਬੰਧੀ ਸਰਕਾਰ ਤੋਂ ਸਥਿਤੀ ਸਪੱਸ਼ਟ ਕਰਨ ਦੀ ਮੰਗ ਕੀਤੀ ਸੀ। ਇਸ ਦੇ ਜਵਾਬ ਵਿੱਚ ਵਿਦੇਸ਼ ਮੰਤਰਾਲੇ ਨੇ ਲਿਖਤੀ ਰੂਪ ਵਿੱਚ ਆਪਣਾ ਪੱਖ ਰੱਖਦਿਆਂ ਕਿਹਾ ਸੀ ਕਿ ਸੁਰੱਖਿਆ ਸਭ ਤੋਂ ਵੱਡੀ ਤਰਜੀਹ ਹੈ ਅਤੇ ਮੌਜੂਦਾ ਹਾਲਾਤਾਂ ਵਿੱਚ ਲਾਂਘਾ ਖੋਲ੍ਹਣਾ ਸੰਭਵ ਨਹੀਂ ਹੈ।

ਸਿੱਖ ਪੰਥ ਵਿੱਚ ਕਰਤਾਰਪੁਰ ਲਾਂਘਾ ਪੂਰੇ ਭਾਈਚਾਰੇ ਲਈ ਧਾਰਮਿਕ ਅਤੇ ਇਤਿਹਾਸਕ ਮਹੱਤਵ ਰੱਖਦਾ ਹੈ। ਇਸ ਕਾਰਨ ਸ਼ਰਧਾਲੂ ਲੰਬੇ ਸਮੇਂ ਤੋਂ ਇਸ ਨੂੰ ਮੁੜ ਖੋਲ੍ਹਣ ਦੀ ਮੰਗ ਕਰ ਰਹੇ ਹਨ, ਪਰ ਕੇਂਦਰ ਸਰਕਾਰ ਨੇ ਫਿਲਹਾਲ ਸੁਰੱਖਿਆ ਕਾਰਨਾਂ ਕਰਕੇ ਮੁੜ ਤੋਂ ਇਸ ਨੂੰ ਬੰਦ ਹੀ ਰੱਖਣ ਦਾ ਫੈਸਲਾ ਬਰਕਰਾਰ ਰੱਖਿਆ ਹੈ।

ਲਾਂਘੇ ਨਾਲ ਜੁੜਿਆ ਇਤਿਹਾਸ

ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦੇ ਆਖ਼ਰੀ ਸਾਲ ਇੱਥੇ ਯਾਨੀ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਬਿਤਾਏ ਸਨ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਮੌਕੇ ਤੇ ਇਹ ਪਵਿੱਤਰ ਲਾਂਘਾ ਦੋਵੇਂ ਮੁਲਕਾਂ ਨੇ ਇੱਕ ਸਮਝੌਤੇ ਤਹਿਤ ਖੋਲ੍ਹਿਆ ਸੀ। ਹਾਲਾਂਕਿ ਕਰੋਨਾ ਮਹਾਂਮਾਰੀ ਵੇਲ੍ਹੇ ਅਸਥਾਈ ਤੌਰ ਤੇ ਲਾਂਘਾ ਬੰਦ ਕਰ ਦਿੱਤਾ ਗਿਆ ਸੀ ਅਤੇ ਮੁੜ 17 ਨਵੰਬਰ 2021 ਨੂੰ ਇਸਨੂੰ ਖੋਲ੍ਹ ਦਿੱਤਾ ਗਿਆ ਸੀ। ਪਰ 22 ਅਪ੍ਰੈਲ 2025 ਪਹਿਲਗਾਮ ਵਿੱਚ ਹੋਏ ਅਤਿਵਾਦੀ ਹਮਲੇ ਤੋਂ ਬਾਅਦ ਭਾਰਤ-ਪਾਕਿਸਤਾਨ ਦਰਮਿਆਨ ਸਰਹੱਦੀ ਤਣਾਅ ਵਧ ਗਿਆ ਸੀ। ਸ਼ਰਧਾਲੂਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਅਸਥਾਈ ਤੌਰ ਤੇ ਇਸ ਲਾਂਘੇ ਨੂੰ ਮੁੜ ਤੋਂ ਬੰਦ ਕਰ ਦਿੱਤਾ ਗਿਆ ਸੀ , ਜਿਸਤੋਂ ਬਾਅਦ ਇਸ ਦੀਆਂ ਸੇਵਾਵਾਂ ਲਗਾਤਾਰ ਬੰਦ ਹਨ।

Loading...
Unable to load recommendations.
Follow Us