ਜਥੇਦਾਰ ਕੁਲਦੀਪ ਸਿੰਘ ਗੜਗੱਜ ਨੂੰ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦਾ ਵਾਧੂ ਚਾਰਜ, ਵਿਰੋਧ ‘ਚ ਨਿੱਤਰੇ ਕਈ ਅਕਾਲੀ ਅਤੇ ਨਿਹੰਗ ਆਗੂ
Gyani Kuldeep Singh Garhganj: ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਅੱਜ ਸਵੇਰੇ ਤੜਕ ਸਾਰ ਪੰਜ ਪਿਆਰਿਆਂ ਦੀ ਹਾਜ਼ਰੀ ਦੇ ਵਿੱਚ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਵੱਜੋ ਤੈਅ ਸਮੇਂ ਤੋਂ ਪਹਿਲਾਂ ਹੀ ਸੇਵਾ ਸੰਭਾਲ ਲਈ ਹੈ। ਤਾਜਪੋਸ਼ੀ ਦਾ ਸਮਾਂ ਸਵੇਰੇ 10 ਵੱਜੇ ਦਾ ਰੱਖਿਆ ਪਰ ਉਹਨਾਂ ਨੇ ਇਹ ਸੇਵਾ ਸਮੇਂ ਤੋਂ ਪਹਿਲਾ ਹੀ ਸੰਭਾਲ ਲਈ।ਇਸ ਦੇ ਨਾਲ ਹੀ ਗਿਆਨੀ ਕੁਲਦੀਪ ਸਿੰਘ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦਾ ਵੀ ਵਾਧੂ ਚਾਰਜ ਦਿੱਤਾ ਗਿਆ ਹੈ।

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਅਤੇ ਸ੍ਰੀ ਕੇਸਗੜ੍ਹ ਸਾਹਿਬ ਤੋਂ ਗਿਆਨੀ ਸੁਲਤਾਨ ਸਿੰਘ ਨੂੰ ਅਹੁਦੇ ਤੋਂ ਹਟਾਉਣ ਤੋਂ ਬਾਅਦ, ਸੋਮਵਾਰ ਸਵੇਰੇ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਗੁਪਤ ਰੂਪ ਵਿੱਚ ਤਾਜਪੋਸ਼ੀ ਕੀਤੀ ਗਈ। ਇਸ ਦੇ ਨਾਲ ਹੀ ਗਿਆਨੀ ਕੁਲਦੀਪ ਸਿੰਘ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦਾ ਵੀ ਵਾਧੂ ਚਾਰਜ ਦਿੱਤਾ ਗਿਆ ਹੈ।
ਨਿਹੰਗ ਜਥੇਬੰਦੀਆਂ ਨੇ ਐਲਾਨ ਕੀਤਾ ਸੀ ਕਿ ਉਹ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਤਾਜਪੋਸ਼ੀ ਨਹੀਂ ਹੋਣ ਦੇਣਗੇ। ਇਸ ਦੇ ਨਾਲ ਹੀ, ਸ਼੍ਰੋਮਣੀ ਕਮੇਟੀ ਨੂੰ ਆਪਣਾ ਫੈਸਲਾ ਬਦਲਣਾ ਪਵੇਗਾ। 96 ਕਰੋੜ ਨਿਹੰਗ ਸਿੰਘ ਸਮੂਹ ਦੇ ਮੁੱਖੀ ਬਾਬਾ ਬਲਬੀਰ ਸਿੰਘ ਨੇ ਇਸ ਫੈਸਲੇ ਦਾ ਸਖ਼ਤ ਵਿਰੋਧ ਕੀਤਾ। ਉਹ ਕੱਲ੍ਹ ਮੁੰਬਈ ਵਿੱਚ ਸਨ ਪਰ ਉਹ ਸਵੇਰੇ ਹੀ ਸ੍ਰੀ ਕੇਸਗੜ੍ਹ ਸਾਹਿਬ ਪਹੁੰਚ ਗਏ। ਉਹਨਾਂ ਦਾ ਕਹਿਣਾ ਹੈ ਕਿ ਉਹ ਸਥਿਤੀ ਦਾ ਜਾਇਜ਼ਾ ਲੈ ਰਹੇ ਹਨ।
ਜ਼ਿਕਰਯੋਗ ਹੈ ਕਿ ਬਾਬਾ ਬਲਬੀਰ ਸਿੰਘ ਨੇ ਜਥੇਦਾਰਾਂ ਦੀ ਬਰਖਾਸਤਗੀ ਦੇ ਵਿਰੋਧ ਵਿੱਚ ਰੋਸ ਪ੍ਰਦਰਸ਼ਨ ਦਾ ਸੱਦਾ ਦਿੱਤਾ ਹੈ ਅਤੇ ਸਾਰੇ ਨਿਹੰਗ ਜਥੇਬੰਦੀਆਂ ਨੂੰ ਨਵੇਂ ਜਥੇਦਾਰਾਂ ਦੀ ਤਾਜਪੋਸ਼ੀ ਦੇ ਵਿਰੋਧ ਵਿੱਚ ਕੱਲ੍ਹ ਇਕੱਠੇ ਹੋਣ ਦੀ ਅਪੀਲ ਕੀਤੀ ਹੈ।
ਬਾਬਾ ਬਲਬੀਰ 96 ਕਰੋੜੀ ਵੱਲੋਂ ਵਿਰੋਧ
ਬਾਬਾ ਬਲਬੀਰ 96 ਕਰੋੜੀ ਨਿਹੰਗ ਸਿੰਘ ਜਥੇਬੰਦੀਆਂ ਨੂੰ ਨਾਲ ਲੈ ਕੇ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ। ਉਹਨਾਂ ਵੱਲੋਂ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਤਾਜਪੋਸ਼ੀ ਦੀ ਵਿਰੋਧ ਕੀਤਾ। ਉਹਨਾਂ ਨੇ ਕਿਹਾ ਕਿ ਨਿਹੰਗ ਸਿੰਘ ਜਥੇਬੰਦੀਆਂ ਤੇ ਸਿੱਖ ਕੌਮ ਇਸ ਚੀਜ਼ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕਰੇਗੀ ਤੇ ਸਿੱਖ ਪੰਥ ਦੇ ਵਿਰੁੱਧ ਇਹ ਸਾਰੇ ਕਾਰਜ ਕੀਤੇ ਗਏ ਹਨ ਖਾਲਸਾ ਪੰਥ ਤੇ ਸਿੱਖ ਸੰਗਤ ਨੂੰ ਇਹ ਬਿਲਕੁਲ ਵੀ ਮਨਜ਼ੂਰ ਨਹੀਂ ਹੈ।ਉਹਨਾਂ ਨੇ ਇਹ ਵੀ ਕਿਹਾ ਕਿ ਜਥੇਦਾਰ ਕੁਲਦੀਪ ਸਿੰਘ ਗੜਗੱਜ ਦਾ ਸ਼ਾਂਤੀਪੂਰਨ ਵਿਰੋਧ ਕੀਤਾ ਜਾਵੇਗਾ ਜਿਸ ਜਗ੍ਹਾ ਤੇ ਵੀ ਪ੍ਰੋਗਰਾਮ ਹੋਣਗੇ ਸਾਰੇ ਪ੍ਰੋਗਰਾਮ ਤੇ ਇਹਨਾਂ ਦਾ ਵਿਰੋਧ ਕੀਤਾ ਜਾਵੇਗਾ
ਇਹ ਵੀ ਪੜ੍ਹੋ
ਨਵੇਂ ਜਥੇਦਾਰ ਵੱਲੋਂ ਸੇਵਾ ਸੰਭਾਲਣ ‘ਤੇ ਗਿ. ਹਰਪ੍ਰੀਤ ਸਿੰਘ ਨੇ ਚੁੱਕੇ ਸਵਾਲ
ਅਕਾਲੀ ਆਗੂਆ ਵੱਲੋਂ ਵਿਰੋਧ
ਅਕਾਲੀ ਦਲ ਵਿੱਚ ਇਹ ਵਿਰੋਧ ਬਿਕਰਮ ਮਜੀਠੀਆ ਵੱਲੋਂ 6 ਸੀਨੀਅਰ ਆਗੂਆਂ ਸਰਦਾਰ ਸ਼ਰਨਜੀਤ ਸਿੰਘ ਢਿੱਲੋਂ, ਲਖਬੀਰ ਸਿੰਘ ਲੋਧੀਨੰਗਲ, ਸਰਦਾਰ ਜੋਧ ਸਿੰਘ ਸਮਰਾ, ਸਰਬਜੀਤ ਸਿੰਘ ਸਾਬੀ, ਰਮਨਦੀਪ ਸਿੰਘ ਸੰਧੂ ਅਤੇ ਸਿਮਰਜੀਤ ਸਿੰਘ ਢਿੱਲੋਂ ਸਮੇਤ ਇੱਕ ਪ੍ਰੈਸ ਨੋਟ ਜਾਰੀ ਕਰਨ ਤੋਂ ਬਾਅਦ ਸ਼ੁਰੂ ਹੋਇਆ। ਜਿਸ ਵਿੱਚ ਕਿਹਾ ਗਿਆ ਸੀ- ਹਾਲੀਆ ਘਟਨਾਵਾਂ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਵੱਲੋਂ ਲਏ ਗਏ ਫੈਸਲੇ ਨੇ ਸਮੁੱਚੀ ਸੰਗਤ ਅਤੇ ਸਾਡੇ ਦਿਲਾਂ ਨੂੰ ਡੂੰਘੀ ਠੇਸ ਪਹੁੰਚਾਈ ਹੈ। ਗੁਰੂ ਸਾਹਿਬ ਜੀ ਨੇ ਸੰਗਤ ਨੂੰ ਗੁਰੂ ਦਾ ਦਰਜਾ ਵੀ ਦਿੱਤਾ ਹੈ, ਸੰਗਤ ਦੇ ਵਿਚਾਰਾਂ ਨੂੰ ਮਹੱਤਵ ਦਿੰਦੇ ਹੋਏ, ਅਸੀਂ ਇਸ ਫੈਸਲੇ ਨਾਲ ਸਹਿਮਤ ਨਹੀਂ ਹਾਂ।
ਅਸੀਂ ਇਹ ਸਪੱਸ਼ਟ ਕਰਨਾ ਚਾਹੁੰਦੇ ਹਾਂ ਕਿ ਧਰਮ ਅਤੇ ਧਾਰਮਿਕ ਮਾਮਲਿਆਂ ਵਿੱਚ ਕਿਸੇ ਵੀ ਬਾਹਰੀ ਦਖਲਅੰਦਾਜ਼ੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਜੋ ਕੋਈ ਵੀ ਗਲਤ ਪਰੰਪਰਾਵਾਂ ਨੂੰ ਉਤਸ਼ਾਹਿਤ ਕਰਨ ਦੀ ਕੋਸ਼ਿਸ਼ ਕਰੇਗਾ, ਉਸਨੂੰ ਸਿੱਖ ਮਰਿਆਦਾ ਮੁਤਾਬਕ ਜਵਾਬ ਦਿੱਤਾ ਜਾਵੇਗਾ। ਜੋ ਲੋਕ ਸਿੱਖ ਪਰੰਪਰਾਵਾਂ ਅਤੇ ਧਰਮ ਦੀ ਰੱਖਿਆ ਲਈ ਖੜ੍ਹੇ ਹੁੰਦੇ ਹਨ, ਉਹ ਸਿੱਖ ਭਾਈਚਾਰੇ ਦੇ ਸਹੀ ਰਸਤੇ ‘ਤੇ ਚੱਲਣ ਵਾਲੇ ਲੋਕ ਹਨ।
ਉੱਧਰ, ਐਸਜੀਪੀਸੀ ਮੈਂਬਰ ਗੁਰਬਚਨ ਸਿੰਘ ਗਰੇਵਾਲ ਨੇ ਨਿਹੰਗ ਸਿੰਘਾਂ ਦੀ ਨਰਾਜ਼ਗੀ ਤੇ ਕਿਹਾ ਕਿ ਉਹ ਸਿੱਖ ਧਰਮ ਦੇ ਅੱਨਿਖੜਵਾਂ ਅੰਗ ਹਨ ਅਤੇ ਸ੍ਰੀ ਆਨੰਦਪੁਰ ਸਾਹਿਬ ਉਨ੍ਹਾਂ ਦਾ ਹੈਡਕੁਆਟਰ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਉਨ੍ਹਾਂ ਨਾਲ ਮਿਲ ਕੇ ਉਨ੍ਹਾਂ ਦੀ ਨਰਾਜ਼ਗੀ ਨੂੰ ਛੇਤੀ ਹੀ ਦੂਰ ਕਰ ਦਿੱਤਾ ਜਾਵੇਗਾ। ਨਾਲ ਹੀ ਉਨ੍ਹਾਂ ਨੇ ਦਿੱਲੀ ਚ ਬੈਠੇ ਸਿੱਖ ਆਗੂਆਂ ਤੇ ਵੀ ਤਿੱਖਾ ਨਿਸ਼ਾਨਾ ਸਾਧਿਆ ਅਤੇ ਹੋਲੇ ਮੁਹੱਲੇ ਦੀਆਂ ਵਧਾਈਆਂ ਦਿੱਤੀਆਂ।
(Input : Rajkumar from Anandpur Shaib)