Jalandhar: ਸੰਤ ਸੀਚੇਵਾਲ ਦੀ ਅਗਵਾਈ ‘ਚ ਲੋਕਾਂ ਨੇ ਸਤਲੁਜ ਦਾ ਇੱਕ ਪਾੜ ਪੂਰਿਆ, ਤਿੰਨ ਸੌ ਫੁੱਟ ਚੌੜੇ ਪਾੜ ਨੇ ਮਚਾਈ ਸੀ ਭਾਰੀ ਤਬਾਹੀ
ਰਾਜ ਸਭਾ ਮੈਂਬਰ ਨੇ ਸਮੂਹ ਪੰਜਾਬੀਆਂ ਦਾ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆ ਕਿਹਾ ਕਿ ਉੱਦਮ ਅੱਗੇ ਕੋਈ ਵੀ ਚੁਣੌਤੀ ਵੱਡੀ ਨਹੀ ਹੁੰਦੀ। ਉਹਨਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੰਜਾਬ ਦੇ ਦਰਿਆਵਾਂ ਦੀ ਹਾਲਤ ਸੁਧਾਰਨ ਲਈ ਕਾਫ਼ੀ ਸੁਹਿਰਦ ਹਨ।

ਜਲੰਧਰ। ਵਾਤਾਵਰਣ ਪ੍ਰੇਮੀ ਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ (Sant Balbir Singh Seechewal) ਦੀ ਅਗਵਾਈ ਵਿੱਚ ਪੰਜਾਬੀ ਭਰ ਤੋਂ ਜਲੰਧਰ ਜਿਲ੍ਹੇ ਦੇ ਪਿੰਡ ਮੰਡਾਲਾ ਛੰਨਾ ਵਿੱਚ ਬੰਨਣ ਲਈ ਆਏ ਲੋਕਾਂ ਨੇ ਸਤਲੁਜ ਦਰਿਆ ਦੇ ਇੱਕ ਪਾੜ ਨੂੰ ਪੂਰ ਦਿੱਤਾ ਹੈ। ਧੁੱਸੀ ਬੰਨ੍ਹ ਵਿੱਚ 300 ਫੁੱਟ ਤੋਂ ਵੱਧ ਚੌੜੇ ਪਾੜ ਨੂੰ ਪੂਰਨ ਲਈ ਪੰਜ ਦਿਨ ਲੱਗੇ। ਸ਼ਨੀਵਾਰ ਇੱਕ ਵਜੇ ਤੋਂ ਬਾਅਦ ਪਾਣੀ ਦੇ ਤੇਜ਼ ਵਹਾਅ ਨੂੰ ਬੋਰਿਆਂ ਦੇ ਬਣਾਏ ਕਰੇਟਾਂ ਨਾਲ ਰੋਕ ਦਿੱਤਾ ਗਿਆ ਹੈ। ਧੁੱਸੀ ਬੰਨ੍ਹ ਵਿੱਚ ਪਏ ਪਾੜ ਨੂੰ ਪੂਰਨ ਲਈ ਮਿੱਟੀ ਦੇ ਭਰੇ ਬੋਰਿਆ ਦਾ ਆਖਰੀ ਕਰੇਟ ਸੁੱਟਣ ਸਮੇਂ ਲੋਕਾਂ ਨੇ ਬੋਲੇ ਸੋ ਨਿਹਾਲ ਦੇ ਜੈਕਾਰੇ ਲਗਾ ਕੇ ਪਾੜ ਨੂੰ ਪੂਰਨ ਦਾ ਕੰਮ ਮੁਕੰਮਲ ਕੀਤਾ। ਇਸ ਦੇ ਨੇੜੇ ਹੀ ਗੱਟਾ ਮੰਡੀ ਕਾਸੂ ਵਿੱਚ ਵੀ 900 ਫੁੱਟ ਦੇ ਕਰੀਬ ਚੋੜਾ ਪਾਇਆ ਹੋਇਆ ਹੈ।ਇਸ ਪਾੜ ਦਾ ਅਜੇ ਕੰਮ ਉਸ ਤੇਜ਼ੀ ਨਾਲ ਸ਼ੁਰੂ ਨਹੀਂ ਹੋਇਆ ਜਿਸ ਤੇਜ਼ੀ ਨਾਲ ਮੰਡਾਲਾ ਛੰਨਾ ਦਾ ਹੋਇਆ ਸੀ।
ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਸਮੂਹ ਪੰਜਾਬੀਆਂ ਦਾ ਅਤੇ ਪੰਜਾਬ ਸਰਕਾਰ (Punjab Govt) ਦਾ ਧੰਨਵਾਦ ਕਰਦਿਆ ਕਿਹਾ ਕਿ ਉੱਦਮ ਅੱਗੇ ਕੋਈ ਵੀ ਚੁਣੌਤੀ ਵੱਡੀ ਨਹੀ ਹੁੰਦੀ। ਉਹਨਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੰਜਾਬ ਦੇ ਦਰਿਆਵਾਂ ਦੀ ਹਾਲਤ ਸੁਧਾਰਨ ਲਈ ਕਾਫ਼ੀ ਸੁਹਿਰਦ ਹਨ। ਬੰਨ੍ਹ ਵਿੱਚ ਪਏ ਪਾੜ ਨੂੰ ਰੋਕਣ ਤੋਂ ਬਾਅਦ ਬੰਨ੍ਹ ਦੀ ਮਜ਼ਬੂਤੀ ਵਾਸਤੇ ਮਿੱਟੀ ਪਾਉੇਣ ਦਾ ਕੰਮ ਵੀ ਨਾਲ ਹੀ ਸ਼ੁਰੂ ਕਰ ਦਿੱਤਾ ਗਿਆ ਜਿਹੜਾਂ ਕਿ ਰਾਤ ਤੱਕ ਜਾਰੀ ਰਿਹਾ। ਇਸ ਪਾੜ ਨੂੰ ਪੂਰਨ ਲਈ ਸੰਤ ਸੀਚੇਵਾਲ ਰੋਜ਼ਾਨਾ 20 ਘੰਟੇ ਕੰਮ ਕਰਦੇ ਰਹੇ ਹਨ। ਉਹ ਕਹੀ ਚਲਾਉਣ ਤੋਂ ਲੈਕੇ ਕਰੇਨ ਚਲਾਉਣ ਤੱਕ ਕੰਮ ਆਪ ਕਰਦੇ ਰਹੇ ਤੇ ਮਿੱਟੀ ਦੇ ਭਰੇ ਬੋਰੇ ਆਪ ਚੁੱਕਦੇ ਰਹੇ।