SHO ਨਵਦੀਪ ਸਮੇਤ ਤਿੰਨੋਂ ਮੁਲਜ਼ਮਾਂ ਖਿਲਾਫ ਲੁਕਆਉਟ ਨੋਟਿਸ ਜਾਰੀ, ਪਿਤਾ ਦੀ ਚੇਤਾਵਨੀ ਛੇਤੀ ਗ੍ਰਿਫਤਾਰੀ ਨਾ ਹੋਣ ਤੇ ਪੁੱਤਰ ਦੀ ਮ੍ਰਿਤਕ ਦੇਹ ਲੈ ਕੇ ਚੰਡੀਗੜ੍ਹ ਚ ਦੇਵਾਂਗੇ ਧਰਨਾ
ਪੁਲਿਸ ਵੱਲੋਂ ਵੱਡੇ ਭਰਾ ਨੂੰ ਅਪਮਾਨਿਤ ਕਰਨ ਤੇ ਸਰਮਿਦੰਗੀ ਮਹਿਸੂਸ ਕਰ ਰਹੇ ਭਰਾ ਜਸ਼ਨਬੀਰ ਨੇ ਇਸਨੂੰ ਇੱਜਤ ਦਾ ਸਵਾਲ ਬਣਾ ਲਿਆ। ਅਗਲੇ ਦਿਨ ਜਦੋਂ ਮਾਨਵਜੀਤ ਪੁਲਿਸ ਹਿਰਾਸਤ ਵਿੱਚੋਂ ਜ਼ਮਾਨਤ ਤੇ ਬਾਹਰ ਆਇਆ ਤਾਂ ਜਸ਼ਨਬੀਰ ਨੇ ਉਸਨੂੰ ਖੁਦਕੁਸ਼ੀ ਕਰਨ ਦੀ ਗੱਲ ਕਹੀ ਉਹ ਆਪਣੀ ਜਾਨ ਦੇਣ ਲਈ ਗੋਇੰਦਵਾਲ ਸਾਹਿਬ ਪਹੁੰਚ ਗਿਆ।
Dhillon Brothers Suicide Case – ਗੋਇੰਦਵਾਲ ਪੁਲ ਤੋਂ ਬਿਆਸ ਦਰਿਆ ਵਿੱਚ ਛਾਲ ਮਾਰਨ ਵਾਲੇ ਢਿੱਲੋਂ ਬ੍ਰਦਰਜ਼ ਮਾਨਵਜੀਤ ਅਤੇ ਜਸ਼ਨਬੀਰ ਦੇ ਪਿਤਾ ਜਤਿੰਦਰ ਪਾਲ ਸਿੰਘ ਨੇ ਪੁਲਿਸ ਪ੍ਰਸ਼ਾਸਨ ਨੂੰ ਸਖ਼ਤ ਚੇਤਾਵਨੀ ਦਿੰਦਿਆ ਕਿਹਾ ਹੈ ਕਿ ਮਾਮਲਾ ਦਰਜ ਹੋਣ ਦੇ 3 ਦਿਨਾਂ ਬਾਅਦ ਵੀ ਐੱਸਐੱਚਓ ਨਵਦੀਪ ਅਤੇ ਉਸਦੇ ਸਾਥੀਆਂ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ। ਉਨ੍ਹਾਂ ਚੇਤਾਵਨੀ ਦਿੱਤੀ ਹੈ ਕਿ ਛੇਤੀ ਹੀ ਜੇਕਰ ਤਿੰਨਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਤਾਂ ਉਹ ਬੁੱਧਵਾਰ ਨੂੰ ਉਹ ਆਪਣੇ ਪੁੱਤਰ ਜਸ਼ਨਬੀਰ ਦੀ ਮ੍ਰਿਤਕ ਦੇਹ ਨੂੰ ਕਪੂਰਥਲਾ ਹਸਪਤਾਲ ਦੇ ਮੁਰਦਾਘਰ ਤੋਂ ਲਿਆ ਕੇ ਚੰਡੀਗੜ੍ਹ ਲੈ ਕੇ ਜਾਣਗੇ।
ਪਿਤਾ ਜਤਿੰਦਰ ਪਾਲ ਸਿੰਘ ਨੇ ਅੱਗੇ ਸਖ਼ਤ ਚੇਤਾਵਨੀ ਦਿੰਦਿਆਂ ਕਿਹਾ ਹੈ ਕਿ ਚੰਡੀਗੜ੍ਹ ਵਿੱਚ ਉਹ ਇਨਸਾਫ ਮਿਲਣ ਤੱਕ ਤਿੱਖਾ ਸੰਘਰਸ਼ ਸ਼ੁਰੂ ਕਰਨਗੇ। ਉਨ੍ਹਾਂ ਇਲਜ਼ਾਮ ਲਗਾਇਆ ਕਿ ਦੋਵਾਂ ਭਰਾਵਾਂ ਦੀਆਂ ਲਾਸ਼ਾਂ ਨੂੰ ਲੱਭਣ ਵਿੱਚ ਨਾ ਤਾਂ ਪੁਲਿਸ ਪ੍ਰਸ਼ਾਸਨ ਨੇ ਕੋਈ ਮਦਦ ਕੀਤੀ ਅਤੇ ਨਾ ਹੀ ਹੁਣ ਤੱਤ ਮੁਲਜ਼ਮ ਐਸਐਚਓ ਨਵਦੀਪ ਅਤੇ ਉਸ ਨਾਲ ਸ਼ਾਮਲ ਦੋ ਹੋਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਉੱਧਰ, ਪਰਿਵਾਰ ਦੀ ਚੇਤਾਵਨੀ ਤੋਂ ਬਾਅਦ ਐੱਸਐੱਚਓ ਨਵਦੀਪ ਸਿੰਘ ਸਮੇਤ ਤਿੰਨ ਦੋਸ਼ੀਆਂ ਖਿਲਾਫ਼ ਲੁੱਕਆਊਟ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ। ਕੇਸ ਦਰਜ ਹੋਣ ਤੋਂ ਬਾਅਦ ਸਾਰੇ ਮੁਲਜ਼ਮ ਮੁਲਾਜ਼ਮਾਂ ਨੂੰ ਲਾਈਨ ਹਾਜਰ ਕੀਤਾ ਗਿਆ ਸੀ। ਤਿੰਨੋਂ ਮੁਲਜ਼ਮ ਹਾਲੇ ਤੱਕ ਫਰਾਰ ਚੱਲ ਰਹੇ ਹਨ। ਡੀਐਸਪੀ ਸੁਲਤਾਨਪੁਰ ਲੋਧੀ ਬਬਨਦੀਪ ਸਿੰਘ ਨੇ ਪੁਸ਼ਟੀ ਕੀਤੀ ਹੈ ਕਿ ਕਪੂਰਥਲਾ ਪੁਲਿਸ ਨੇ ਮੁਲਜ਼ਮਾਂ ਲਈ ਲੁੱਕ ਆਊਟ ਨੋਟਿਸ ਜਾਰੀ ਕਰ ਦਿੱਤਾ ਹੈ।
ਮਾਨਵਜੀਤ ਨੂੰ ਥਾਣੇ ਚ ਕੀਤਾ ਗਿਆ ਸੀ ਟਾਰਚਰ
ਬਿਆਸ ਦਰਿਆ ਵਿੱਚ ਛਾਲ ਮਾਰਨ ਵਾਲੇ ਢਿੱਲੋਂ ਭਰਾਵਾਂ ਦੇ ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਬੱਚਿਆਂ ਨੂੰ ਪੁਲਿਸ ਸਟੇਸ਼ਨ ਵਿੱਚ ਨਾ ਸਿਰਫ ਅਪਮਾਨਿਤ ਕੀਤਾ ਗਿਆ, ਸਗੋਂ ਉਨ੍ਹਾਂ ਨੂੰ ਸਰੀਰਿਕ ਤੌਰ ਤੇ ਵੀ ਟਾਰਚਰ ਕੀਤਾ ਗਿਆ। ਐਸਐਚਓ ਨਵਦੀਪ ਸਿੰਘ ਨੇ ਤਾਂ ਉਸ ਦੀ ਪੱਗ ਲਾਹ ਦਿੱਤੀ ਅਤੇ ਨਾਲ ਹੀ ਸਿੱਖਾਂ ਦੇ ਧਾਰਮਿਕ ਚਿੰਨ੍ਹਾਂ ਦੀ ਵੀ ਬੇਅਦਬੀ ਕੀਤੀ ਸੀ। ਪਰਿਵਾਰ ਨੇ ਨਵਦੀਪ ਸਿੰਘ ਖਿਲਾਫ ਆਈਪੀਸੀ ਦੀ ਧਾਰਾ 295 ਦੇ ਤਹਿਤ ਬੇਅਦਬੀ ਦਾ ਮਾਮਲਾ ਦਰਜ ਕਰਨ ਦੀ ਵੀ ਮੰਗ ਕੀਤੀ ਸੀ। ਪੁਲਿਸ ਨੇ ਮਾਮਲਾ ਤਾਂ ਦਰਜ ਕਰ ਲਿਆ, ਪਰ ਧਾਰਾ 295 ਨਹੀਂ ਲਗਾਈ।
ਇਹ ਸੀ ਪੂਰਾ ਮਾਮਲਾ
ਦੱਸ ਦੇਈਏ ਕਿ ਇਹ ਪੂਰਾ ਮਾਮਲਾ 16 ਅਗਸਤ ਦਾ ਹੈ। ਥਾਣਾ ਡਿਵੀਜ਼ਨ ਨੰਬਰ 1 ਵਿੱਚ ਕਿਸੇ ਪਰਿਵਾਰਕ ਝਗੜੇ ਨੂੰ ਲੈ ਕੇ ਦੋਵਾਂ ਧਿਰਾਂ ਵਿੱਚ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ। ਲੜਕੀ ਪਰਮਿੰਦਰ ਕੌਰ ਦੀ ਤਰਫੋਂ ਮਾਨਵਜੀਤ ਅਤੇ ਜਸ਼ਨਬੀਰ ਥਾਣੇ ਗਏ ਹੋਏ ਸਨ। ਇਸ ਦੌਰਾਨ ਪੁਲਿਸ ਨੇ ਲੜਕੀ ਦੇ ਪਰਿਵਾਰ ਵਾਲਿਆਂ ਨੂੰ ਥਾਣੇ ਤੋਂ ਬਾਹਰ ਕੱਢ ਦਿੱਤਾ ਸੀ। ਪਰ ਕੁਝ ਸਮੇਂ ਬਾਅਦ ਪੁਲਿਸ ਮੁਲਾਜ਼ਮ ਭੇਜ ਕੇ ਮਾਨਵਜੀਤ ਨੂੰ ਅੰਦਰ ਬੁਲਾ ਲਿਆ ਗਿਆ। ਇਸ ਦੌਰਾਨ ਮਾਨਵਜੀਤ ਦੇ ਉੱਚੀ-ਉੱਚੀ ਚੀਕਣ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ।
ਇਹ ਵੀ ਪੜ੍ਹੋ
ਜਦੋਂ ਜਸ਼ਨਬੀਰ ਤੇ ਹੋਰ ਪਰਿਵਾਰਕ ਮੈਂਬਰ ਥਾਣੇ ਗਏ ਤਾਂ ਉਥੇ ਐੱਸਐੱਚਓ ਨਵਦੀਪ ਸਿੰਘ, ਮੁਨਸ਼ੀ ਬਲਵਿੰਦਰ ਸਿੰਘ ਅਤੇ ਮਹਿਲਾ ਕਾਂਸਟੇਬਲ ਜਗਜੀਤ ਕੌਰ ਮਾਨਵਜੀਤ ਦੀ ਕੁੱਟਮਾਰ ਕਰ ਰਹੇ ਸਨ। ਇੱਥੋਂ ਤੱਕ ਕਿ ਉਸ ਦੀ ਪੱਗ ਵੀ ਉਤਾਰ ਦਿੱਤੀ ਗਈ। ਆਪਣੇ ਬਚਾਅ ਲਈ ਐੱਸਐੱਚਓ ਨਵਦੀਪ ਸਿੰਘ ਨੇ ਮਹਿਲਾ ਕਾਂਸਟੇਬਲ ਜਗਜੀਤ ਕੌਰ ਦੀ ਸ਼ਿਕਾਇਤ ਤੇ ਮਾਨਵਜੀਤ ਰਾ ਖ਼ਿਲਾਫ਼ ਭਾਰਤੀ ਦੰਡਾਵਲੀ ਦੀ ਧਾਰਾ 107/151 ਤਹਿਤ ਹੰਗਾਮਾ ਕਰਨ ਦਾ ਕੇਸ ਦਰਜ ਕਰਕੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ।
ਭਰਾ ਨੇ ਬਚਾਉਣ ਲਈ ਮਾਰੀ ਛਾਲ
ਪੁਲਿਸ ਦੀ ਇਸ ਕਾਰਵਾਈ ਤੋਂ ਛੋਟੇ ਭਰਾ ਜਸ਼ਨਬੀਰ ਨੂੰ ਬਹੁਤ ਸ਼ਰਮ ਮਹਿਸੂਸ ਹੋਈ ਅਤੇ ਉਸ ਨੇ ਇਸ ਗੱਲ ਨੂੰ ਦਿਲ ਤੇ ਲਾ ਲਿਆ। ਅਗਲੇ ਦਿਨ ਜਦੋਂ ਮਾਨਵਜੀਤ ਪੁਲਿਸ ਹਿਰਾਸਤ ਵਿੱਚੋਂ ਜ਼ਮਾਨਤ ਤੇ ਬਾਹਰ ਆਇਆ ਤਾਂ ਉਸ ਨੂੰ ਪਤਾ ਲੱਗਾ ਕਿ ਜਸ਼ਨਬੀਰ ਗੋਇੰਦਵਾਲ ਸਾਹਿਬ ਪਹੁੰਚ ਗਿਆ ਹੈ। ਉਸ ਨੇ ਦੱਸਿਆ ਕਿ ਉਹ ਖੁਦਕੁਸ਼ੀ ਕਰਨ ਜਾ ਰਿਹਾ ਹੈ। ਮਾਨਵਜੀਤ ਆਪਣੇ ਦੋਸਤਾਂ ਨਾਲ ਗੋਇੰਦਵਾਲ ਸਾਹਿਬ ਪਹੁੰਚਿਆ। ਉਸਨੇ ਭਰਾ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਕਿਸੇ ਵੀ ਗੱਲ ਨੂੰ ਸਮਝਣ ਤੋਂ ਇਨਕਾਰ ਕਰਦਿਆਂ ਉਸਨੇ ਨਦੀ ਵਿੱਚ ਛਾਲ ਮਾਰ ਦਿੱਤੀ। ਉਸ ਨੂੰ ਬਚਾਉਣ ਲਈ ਮਾਨਵਜੀਤ ਨੇ ਵੀ ਪਿੱਛੇ ਛਾਲ ਮਾਰ ਦਿੱਤੀ। ਜਿਸ ਤੋਂ ਬਾਅਦ ਦੋਵਾਂ ਦੀ ਹੀ ਮੌਤ ਹੋ ਗਈ।