ਢਿੱਲੋਂ ਬ੍ਰਦਰਜ਼ ਸੁਸਾਈਡ ਕੇਸ ‘ਚ SHO ਨਵਦੀਪ ਸਿੰਘ ਦੀ ਬਰਖਾਸਤਗੀ ਤੋਂ ਬਾਅਦ ਜਸ਼ਨਬੀਰ ਦੇ ਸੰਸਕਾਰ ਲਈ ਰਾਜ਼ੀ ਪਰਿਵਾਰ

Updated On: 

06 Sep 2023 17:10 PM

Dhillon Brothers Suicide Case: ਢਿੱਲੋਂ ਬ੍ਰਦਰਜ਼ ਮਾਨਵਜੀਤ ਅਤੇ ਜਸ਼ਨਬੀਰ ਦੇ ਪਿਤਾ ਜਤਿੰਦਰ ਪਾਲ ਸਿੰਘ ਨੇ ਪੁਲਿਸ ਪ੍ਰਸ਼ਾਸਨ ਨੂੰ ਸਖ਼ਤ ਚੇਤਾਵਨੀ ਦਿੰਦਿਆ ਕਿਹਾ ਹੈ ਕਿ ਮਾਮਲਾ ਦਰਜ ਹੋਣ ਦੇ 3 ਦਿਨਾਂ ਬਾਅਦ ਵੀ ਐੱਸਐੱਚਓ ਨਵਦੀਪ ਅਤੇ ਉਸਦੇ ਸਾਥੀਆਂ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ। ਉਨ੍ਹਾਂ ਚੇਤਾਵਨੀ ਦਿੱਤੀ ਹੈ ਕਿ ਛੇਤੀ ਹੀ ਜੇਕਰ ਤਿੰਨਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਤਾਂ ਉਹ ਬੁੱਧਵਾਰ ਨੂੰ ਉਹ ਆਪਣੇ ਪੁੱਤਰ ਜਸ਼ਨਬੀਰ ਦੀ ਮ੍ਰਿਤਕ ਦੇਹ ਨੂੰ ਕਪੂਰਥਲਾ ਹਸਪਤਾਲ ਦੇ ਮੁਰਦਾਘਰ ਤੋਂ ਲਿਆ ਕੇ ਚੰਡੀਗੜ੍ਹ ਲੈ ਕੇ ਜਾਣਗੇ।

ਢਿੱਲੋਂ ਬ੍ਰਦਰਜ਼ ਸੁਸਾਈਡ ਕੇਸ ਚ SHO ਨਵਦੀਪ ਸਿੰਘ ਦੀ ਬਰਖਾਸਤਗੀ ਤੋਂ ਬਾਅਦ ਜਸ਼ਨਬੀਰ ਦੇ ਸੰਸਕਾਰ ਲਈ ਰਾਜ਼ੀ ਪਰਿਵਾਰ
Follow Us On

ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਨੇ ਢਿੱਲੋਂ ਬ੍ਰਦਰਜ਼ (Dhillon Brothers) ਖ਼ੁਦਕੁਸ਼ੀ ਮਾਮਲੇ ਵਿੱਚ ਐਸਐਚਓ ਨਵਦੀਪ ਸਿੰਘ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਹੈ। ਖੁਦਕੁਸ਼ੀ ਮਾਮਲੇ ਵਿੱਚ ਨਾਮਜ਼ਦ ਹੋਣ ਤੋਂ ਬਾਅਦ ਭਗੌੜੇ ਹੋਏ ਜਲੰਧਰ ਦੇ ਥਾਣਾ ਡਵੀਜ਼ਨ ਨੰਬਰ 1 ਦੇ ਸਾਬਕਾ ਇੰਚਾਰਜ ਨਵਦੀਪ ਸਿੰਘ ਨੂੰ ਡੀਜੀਪੀ ਨੇ ਤੁਰੰਤ ਪ੍ਰਭਾਵ ਨਾਲ ਬਰਖਾਸਤ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਕੱਲ੍ਹ ਜਲੰਧਰ ਦੇ ਪੁਲਿਸ ਕਮਿਸ਼ਨਰ ਨੇ ਨਵਦੀਪ ਨੂੰ ਫਰਾਰ ਹੋਣ ਤੋਂ ਬਾਅਦ ਮੁਅੱਤਲ ਕਰ ਦਿੱਤਾ ਸੀ।

ਐੱਸਐੱਚਓ ਖਿਲਾਫ ਕਾਰਵਾਈ ਕਰਨ ਤੋਂ ਬਾਅਦ ਹੁਣ ਢਿੱਲੋਂ ਭਰਾਵਾਂ ਦਾ ਪਰਿਵਾਰ ਵੀ ਜਸ਼ਨਬੀਰ (Jashanbir) ਦਾ ਅੰਤਿਮ ਸੰਸਕਾਰ ਕਰਨ ਲਈ ਰਾਜ਼ੀ ਹੋ ਗਿਆ ਹੈ। ਅੱਜ ਪਰਿਵਾਰ ਜਸ਼ਨਬੀਰ ਦੀ ਲਾਸ਼ ਲੈਣ ਸੁਲਤਾਨਪੁਰ ਲੋਧੀ ਪਹੁੰਚਿਆ। ਢਿੱਲੋਂ ਭਰਾਵਾਂ ਦੇ ਪਿਤਾ ਨੇ ਦੱਸਿਆ ਕਿ ਜਸ਼ਨਬੀਰ ਦਾ ਅੰਤਿਮ ਸੰਸਕਾਰ ਅੱਜ ਸ਼ਾਮ ਨੂੰ ਮਾਡਲ ਟਾਊਨ ਸਥਿਤ ਗੁਰੂ ਤੇਗ ਬਹਾਦਰ ਗੁਰਦੁਆਰਾ ਨੇੜੇ ਸ਼ਮਸ਼ਾਨਘਾਟ ਵਿਖੇ ਕੀਤਾ ਜਾਵੇਗਾ। ਨਾਲ ਹੀ ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ ਪੁਲਿਸ ਬਰਖ਼ਾਸਤ ਐਸਐਚਓ ਨੂੰ ਜਲਦੀ ਗ੍ਰਿਫ਼ਤਾਰ ਕਰੇ।

ਮਿੱਟੀ ਵਿੱਚ ਦੱਬੀ ਹੋਈ ਮਿਲੀ ਸੀ ਜਸ਼ਨਬੀਰ ਦੀ ਲਾਸ਼

ਜਸ਼ਨਬੀਰ ਅਤੇ ਮਾਨਵਜੀਤ ਨੇ ਗੋਇੰਦਵਾਲ ਸਾਹਿਬ ਪੁਲ ਤੋਂ ਬਿਆਸ ਵਿੱਚ ਛਾਲ ਮਾਰ ਦਿੱਤੀ ਸੀ। ਹੜ੍ਹ ਦਾ ਪਾਣੀ ਘਟਣ ਤੋਂ ਬਾਅਦ ਜਸ਼ਨਬੀਰ ਦੀ ਲਾਸ਼ ਖੇਤਾਂ ਵਿੱਚ ਗਾਦ ਵਿੱਚ ਦੱਬੀ ਹੋਈ ਮਿਲੀ। ਜਸ਼ਨਬੀਰ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ (ਕਪੂਰਥਲਾ) ਦੇ ਮੁਰਦਾਘਰ ਵਿੱਚ ਰਖਵਾਇਆ ਗਿਆ ਸੀ। ਰਿਸ਼ਤੇਦਾਰਾਂ ਨੇ ਕਿਹਾ ਸੀ ਕਿ ਜਦੋਂ ਤੱਕ ਐਸਐਚਓ ਨਵਦੀਪ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾਂਦਾ ਅਤੇ ਮਾਨਵਜੀਤ ਦੀ ਲਾਸ਼ ਨਹੀਂ ਮਿਲਦੀ, ਉਹ ਜਸ਼ਨਬੀਰ ਦਾ ਅੰਤਿਮ ਸੰਸਕਾਰ ਨਹੀਂ ਕਰਨਗੇ।

ਜਿਕਰਯੋਗ ਹੈ ਕਿ ਬੀਤੇ ਦਿਨ ਪਿਤਾ ਜਤਿੰਦਰ ਪਾਲ ਸਿੰਘ ਨੇ ਅੱਗੇ ਸਖ਼ਤ ਚੇਤਾਵਨੀ ਦਿੰਦਿਆਂ ਕਿਹਾ ਸੀ ਕਿ ਉਹ ਜਸ਼ਨਬੀਰ ਦੀ ਮ੍ਰਿਤਕ ਦੇਹ ਚੰਡੀਗੜ੍ਹ ਲੈ ਕੇ ਜਾਣਗੇ ਅਤੇ ਉੱਥੇ ਉਹ ਇਨਸਾਫ ਮਿਲਣ ਤੱਕ ਤਿੱਖਾ ਸੰਘਰਸ਼ ਸ਼ੁਰੂ ਕਰਨਗੇ। ਉਨ੍ਹਾਂ ਇਲਜ਼ਾਮ ਲਗਾਇਆ ਸੀ ਕਿ ਦੋਵਾਂ ਭਰਾਵਾਂ ਦੀਆਂ ਲਾਸ਼ਾਂ ਨੂੰ ਲੱਭਣ ਵਿੱਚ ਨਾ ਤਾਂ ਪੁਲਿਸ ਪ੍ਰਸ਼ਾਸਨ ਨੇ ਕੋਈ ਮਦਦ ਕੀਤੀ ਅਤੇ ਨਾ ਹੀ ਹੁਣ ਤੱਤ ਮੁਲਜ਼ਮ ਐਸਐਚਓ ਨਵਦੀਪ ਅਤੇ ਉਸ ਨਾਲ ਸ਼ਾਮਲ ਦੋ ਹੋਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।