Jalandhar News: BJP ਨੇ ਮੁੜ ਘੇਰੀ ਪੰਜਾਬ ਸਰਕਾਰ, ਕਿਹਾ- “ਲੋਕ CM ਪੰਜਾਬ ਦਾ ਬਿਆਨ ਸੁਣ ਕੇ ਅੱਕ ਚੁੱਕੇ ਨੇ”
ਕੇਂਦਰੀ ਬਜਟ ਨੂੰ ਲੈ ਕੇ ਅੱਜ ਕੇਂਦਰੀ ਮੰਤਰੀ ਸੋਮ ਪ੍ਰਕਾਸ਼, ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ, ਰਾਜ ਕੁਮਾਰ ਵੇਰਕਾ ਅਤੇ ਹੋਰ ਭਾਜਪਾ ਵਰਕਰ ਜਲੰਧਰ ਪੁੱਜੇ। ਇਸ ਮੌਕੇ ਕੇਂਦਰੀ ਮੰਤਰੀ ਨੇ ਬਜਟ ਸਬੰਧੀ ਆਪਣੀ ਸਫ਼ਲਤਾ ਬਾਰੇ ਦੱਸਿਆ।
ਅੱਜ ਕੇਂਦਰੀ ਮੰਤਰੀ ਸੋਮ ਪ੍ਰਕਾਸ਼, ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ, ਰਾਜ ਕੁਮਾਰ ਵੇਰਕਾ,ਭਾਜਪਾ ਲੀਡਰ ਅਤੇ ਵਰਕਰ ਜਲੰਧਰ ਪਹੁੰਚੇ। ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੇ ਕੇਂਦਰ ਦੇ ਬਜਟ ਨੂੰ ਲੈ ਕੇ ਉਪਲਭਦੀਆਂ ਦੀ ਵਿਆਖਿਆ ਕੀਤੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਜੋ ਬਜਟ ਪੇਸ਼ ਕੀਤਾ ਹੈ ਉਸ ਬਜਟ ਵਿਚ ਹਰ ਸਟੇਟ ਦੀ ਡਿਮਾਂਡ ਨੂੰ ਧਿਆਨ ਰੱਖ ਕੇ ਬਜਟ ਤਿਆਰ ਕੀਤਾ ਗਿਆ ਹੈ। ਰੇਲਵੇ ਵਿਭਾਗ ਲਈ ਬਹੁਤ ਵੱਡਾ ਬਜਟ ਰੱਖਿਆ ਗਿਆ ਹੈ। ਦੇਸ਼ ਦੇ 29 ਰੇਲਵੇ ਸਟੇਸ਼ਨਾਂ ਨੂੰ ਵਰਲਡ ਕਲਾਸ ਬਣਾਇਆ ਜਾਏਗਾ । ਉਨ੍ਹਾਂ ਕਿਹਾ ਕਿ ਜਲੰਧਰ ਕੈਂਟ ਰੇਲਵੇ ਸਟੇਸ਼ਨ ਲਈ 99 ਕਰੋੜ ਰੁਪਿਆ ਖਰਚ ਕੀਤਾ ਜਾਵੇਗਾ। ਜਲੰਧਰ ਸਿਟੀ ਤੇ ਲੁਧਿਆਣਾ ਰੇਲਵੇ ਸਟੇਸ਼ਨ ਤੇ ਕਰੋੜਾਂ ਰੁਪਏ ਖ਼ਰਚ ਕੀਤੇ ਗਏ ਹਨ ।
ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੇ ਪੰਜਾਬ ਸਰਕਾਰ ‘ਤੇ ਸਾਧਿਆ ਨਿਸ਼ਾਨਾ
ਦੇਸ਼ ਦੀ ਇੰਡਸਟਰੀ ਲਈ 16 ਤੋਂ 17 ਕਰੋੜ ਰੁਪਿਆ ਦਾ ਬਜਟ ਰੱਖਿਆ ਗਿਆ ਹੈ। ਪੰਜਾਬ ਦੀ ਇੰਡਸਟਰੀ ਲਈ ਵੀ ਬਜਟ ਬਣਾਇਆ ਗਿਆ ਹੈ ਪਰ ਪੰਜਾਬ ਵਿਚ ਇੰਡਸਟਰੀ ਲਿਆਣਾ ਅਤੇ ਲਗਵਾਉਂਣਾ ਪੰਜਾਬ ਸਰਕਾਰ ਦਾ ਕੰਮ ਹੈ । ਪੰਜਾਬ ਵਿਚ ਜਿਵੇਂ ਰੋਸ ਧਰਨਾ ਪ੍ਰਦਰਸ਼ਨ ਹੋ ਰਹੇ ਹਨ ਉਸ ਹਿਸਾਬ ਨਾਲ ਕੋਈ ਵੀ ਇੰਡਸਟਰੀ ਪੰਜਾਬ ਵਿੱਚ ਨਹੀਂ ਆਵੇਗੀ । ਪੰਜਾਬ ਸਰਕਾਰ ਨੂੰ ਮਾਹੌਲ ਬਦਲਣਾ ਪਵੇਗਾ ਤਾਂ ਜੋ ਇੰਡਸਟਰੀ ਪੰਜਾਬ ਵਿੱਚ ਲੱਗ ਸਕੇ। ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੇ ਵੀ ਕਿਹਾ ਹੈ ਕਿ ਪੰਜਾਬ ਦੇ ਕਿਸਾਨ 98 ਪ੍ਰਤੀਸ਼ਤ ਨੇ ਤੇ ਉਹਨਾਂ ਲਈ ਕੇਂਦਰ ਸਰਕਾਰ ਸਬਸਿਡੀ ਦਿੱਤੀ ਜਾਂਦੀ ਹੈ ਜੋ ਉਹਨਾਂ ਦੇ ਸਿੱਧਾ ਖਾਤਿਆਂ ਵਿਚ ਜਾਂਦੀ ਹੈ ।
ਮੁਹੱਲਾ ਕਲੀਨਿਕ ਫਲਾਪ ਹੈ: ਅਸ਼ਵਨੀ ਸ਼ਰਮਾ
ਪੰਜਾਬ ਦੇ ਮਸਲਿਆਂ ‘ਤੇ ਪੰਜਾਬ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਮੁਹੱਲਾ ਕਲੀਨਿਕ ਦਾ ਉਦਘਾਟਨ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਵੱਲੋਂ ਅੰਮ੍ਰਿਤਸਰ ‘ਚ ਕੀਤਾ ਗਿਆ ਸੀ ਪਰ ਇਸ ‘ਚ ਕੋਈ ਵੀ ਡਾਕਟਰ ਮੌਜੂਦ ਨਹੀਂ ਸੀ । ਉਨ੍ਹਾਂ ਕਿਹਾ ਕਿ ਮੁਹੱਲਾ ਕਲੀਨਿਕ ਪੂਰੀ ਤਰ੍ਹਾਂ ਫਲਾਪ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਤਾਂ ਚੰਗੀ ਭਲੀ ਇਹ ਡਿਸਪੈਂਸਰੀ ਚੱਲ ਰਹੀ ਸੀ, ਜਿੱਥੇ ਚੰਗੇ ਡਾਕਟਰ ਅਤੇ ਚੰਗੀਆਂ ਦਵਾਈਆਂ ਉਪਲਬਧ ਸਨ, ਪਰ ਉਨ੍ਹਾਂ ਨੇ ਇਸ ਨੂੰ ਪੂਰੀ ਤਰ੍ਹਾਂ ਮਿਟਾ ਦਿੱਤਾ ਅਤੇ ਆਪਣੀ ਇਗੋ ਦੀ ਪੂਰਤੀ ਲਈ ਇਸ ‘ਤੇ ਮੁਹੱਲਾ ਕਲੀਨਿਕ ਲਿਖ ਦਿੱਤਾ।
ਕਾਨੂੰਨ ਵਿਵਸਥਾ ਨੂੰ ਲੈ ਕੇ ਘੇਰੀ ‘ਆਪ’
ਜਲੰਧਰ ਵਿੱਚ ਅੱਜ ਹੋਏ ਬਦਮਾਸ਼ ਸਤਨਾਮ ਸਿੰਘ ਉਰਫ਼ ਸੱਤੇ ਦੇ ਕਤਲ ਬਾਰੇ ਉਨ੍ਹਾਂ ਕਿਹਾ ਕਿ ਇਸ ਸਭ ਦੇ ਬਾਵਜੂਦ ਮੁੱਖ ਮੰਤਰੀ ਦਾ ਬਿਆਨ ਆਵੇਗਾ ਕਿ ਸਭ ਕੁਝ ਕਾਬੂ ਵਿੱਚ ਹੈ ਅਤੇ ਹੁਣ ਇਹ ਬਿਆਨ ਸੁਣ ਕੇ ਲੋਕਾਂ ਦੇ ਕੰਨ ਪੱਕ ਗਏ ਹਨ। ਪੰਜਾਬ ਵਿੱਚ ਡਰ ਅਤੇ ਸਹਿਮ ਦਾ ਮਾਹੌਲ ਹੈ, ਪੰਜਾਬ ਵਿੱਚ ਗੈਂਗਸਟਰਾਂ ਦਾ ਰਾਜ ਹੈ ਅਤੇ ਉਹ ਖੁੱਲ੍ਹੇਆਮ ਫਿਰੌਤੀ ਮੰਗ ਰਹੇ ਹਨ।
ਛੇ ਬੰਦੀ ਸਿੰਘਾਂ ਦੀ ਹੋਈ ਰਿਹਾਹੀ ਪਰ…
ਪੰਜਾਬ ਵਿੱਚ ਪੰਜਾਬੀ ਭਾਸ਼ਾ ਵਿੱਚ ਲਿਖੇ ਜਾਣ ਵਾਲੇ ਸਾਈਨ ਬੋਰਡਾਂ ਬਾਰੇ ਉਨ੍ਹਾਂ ਕਿਹਾ ਕਿ ਪੰਜਾਬੀ ਸਾਡੀ ਮਾਂ ਬੋਲੀ ਹੈ ਅਤੇ ਇਸ ਵਿੱਚ ਕੋਈ ਗਲਤ ਗੱਲ ਨਹੀਂ ਹੈ ਪਰ ਇਹ ਵੀ ਧਿਆਨ ਵਿੱਚ ਰੱਖੋ ਕਿ ਇੱਥੇ ਬਹੁਤ ਟੂਰਿਸਟ ਵੀ ਆਉਂਦੇ ਹਨ ਅਤੇ ਉਨ੍ਹਾਂ ਨੂੰ ਇਸ ਭਾਸ਼ਾ ਬਾਰੇ ਬਹੁਤੀ ਜਾਣਕਾਰੀ ਨਹੀਂ ਹੈ।ਬੰਦੀ ਸਿੱਖਾਂ ਦੇ ਮਾਮਲੇ ਬਾਰੇ ਉਨ੍ਹਾਂ ਕਿਹਾ ਕਿ ਪਿਛਲੇ ਕੁੱਝ ਸਾਲਾਂ ਦੌਰਾਨ ਛੇ ਬੰਦੀ ਸਿੱਖ ਵੀ ਰਿਹਾਅ ਹੋ ਚੁੱਕੇ ਹਨ ਅਤੇ ਉਨ੍ਹਾਂ ਨੂੰ ਖੁਦ ਨਹੀਂ ਪਤਾ ਕਿ ਕਿੰਨੇ ਬਾਕੀ ਹਨ।