ਜਲੰਧਰ ਤੋਂ ਦੱਖਣੀ ਭਾਰਤ ਦੇ 5 ਪ੍ਰਮੁੱਖ ਤੀਰਥਾਂ ਲਈ IRCTC ਦੀ ਵਿਸ਼ੇਸ਼ ਟਰੇਨ, 14 ਨਵੰਬਰ ਨੂੰ ਹੋਵੇਗੀ ਰਵਾਨਾ; 13 ਦਿਨਾਂ ਦੀ ਯਾਤਰਾ ‘ਚ ਖਾਣਾ, ਰਹਿਣਾ ਤੇ ਘੁੰਮਣਾ ਸ਼ਾਮਲ
ਇਸ ਪੂਰੀ ਯਾਤਰਾ ਦੌਰਾਨ ਸ਼ਰਧਾਲੂਆਂ ਨੂੰ ਤਿਰੁਪਤੀ, ਰਾਮੇਸ਼ਵਰਮ, ਮਦੁਰਾਈ, ਕੰਨਿਆਕੁਮਾਰੀ ਤੇ ਮੱਲਿਕਾਰਜੁਨ ਸਮੇਤ 5 ਪ੍ਰਮੁੱਖ ਧਾਰਮਿਕ ਤੇ ਸੈਰ-ਸਪਾਟਾ ਸਥਾਨਾਂ ਦੇ ਦਰਸ਼ਨ ਕਰਵਾਏ ਜਾਣਗੇ।
ਸੰਕੇਤਕ ਤਸਵੀਰ (ਏਆਈ ਜਨਰੇਟਡ)
ਦੱਖਣੀ ਭਾਰਤ ਦੇ ਪ੍ਰਮੁੱਖ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨ ਦੀ ਇੱਛਾ ਰੱਖਣ ਵਾਲੇ ਸ਼ਰਧਾਲੂਆਂ ਲਈ ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ (IRCTC) ਵੱਲੋਂ ਖਾਸ ਮੌਕਾ ਲਿਆਂਦਾ ਗਿਆ ਹੈ। IRCTC ਦੇ ਸੰਯੁਕਤ ਮਹਾਪ੍ਰਬੰਧਕ (ਟੂਰਿਜ਼ਮ, ਚੰਡੀਗੜ੍ਹ) ਹਰਸ਼ਦੀਪ ਨੇ ਜਲੰਧਰ ਸਿਟੀ ਰੇਲਵੇ ਸਟੇਸ਼ਨ ‘ਤੇ ਕਰਵਾਈ ਗਈ ਪ੍ਰੈੱਸ ਕਾਨਫਰੰਸ ਦੌਰਾਨ ਦੱਖਣੀ ਭਾਰਤ ਯਾਤਰਾ ਲਈ ਵਿਸ਼ੇਸ਼ ਟੂਰ ਪੈਕੇਜ ਦਾ ਐਲਾਨ ਕੀਤਾ। ਇਸ ਮੌਕੇ ਫਿਰੋਜ਼ਪੁਰ ਡਿਵੀਜ਼ਨ ਨਾਰਦਰਨ ਰੇਲਵੇ ਦੇ PRI ਵਿਕਰਾਂਤ ਜੀ ਵੀ ਵਿਸ਼ੇਸ਼ ਤੌਰ ‘ਤੇ ਮੌਜੂਦ ਰਹੇ।
ਹਰਸ਼ਦੀਪ ਨੇ ਦੱਸਿਆ ਕਿ ਇਹ ਵਿਸ਼ੇਸ਼ ਧਾਰਮਿਕ ਟ੍ਰੇਨ 14 ਨਵੰਬਰ ਨੂੰ ਜੰਮੂ ਤੋਂ ਰਵਾਨਾ ਹੋਵੇਗੀ ਤੇ 26 ਨਵੰਬਰ ਨੂੰ 12 ਰਾਤਾਂ ਤੇ 13 ਦਿਨਾਂ ਦੀ ਯਾਤਰਾ ਪੂਰੀ ਕਰਕੇ ਵਾਪਸ ਪਰਤੇਗੀ। ਪੰਜਾਬ ਤੇ ਆਸ-ਪਾਸ ਦੇ ਯਾਤਰੀਆਂ ਦੀ ਸਹੂਲਤ ਲਈ ਪਠਾਨਕੋਟ, ਅੰਮ੍ਰਿਤਸਰ, ਜਲੰਧਰ ਸਿਟੀ, ਲੁਧਿਆਣਾ, ਅੰਬਾਲਾ, ਚੰਡੀਗੜ੍ਹ, ਕਰਨਾਲ, ਪਾਣੀਪਤ, ਸੋਨੀਪਤ, ਦਿੱਲੀ ਤੇ ਗਵਾਲੀਅਰ ਤੋਂ ਬੋਰਡਿੰਗ ਤੇ ਡੀ-ਬੋਰਡਿੰਗ ਦੀ ਸਹੂਲਤ ਦਿੱਤੀ ਗਈ ਹੈ।
ਇਸ ਪੂਰੀ ਯਾਤਰਾ ਦੌਰਾਨ ਸ਼ਰਧਾਲੂਆਂ ਨੂੰ ਤਿਰੁਪਤੀ, ਰਾਮੇਸ਼ਵਰਮ, ਮਦੁਰਾਈ, ਕੰਨਿਆਕੁਮਾਰੀ ਤੇ ਮੱਲਿਕਾਰਜੁਨ ਸਮੇਤ 5 ਪ੍ਰਮੁੱਖ ਧਾਰਮਿਕ ਤੇ ਸੈਰ-ਸਪਾਟਾ ਸਥਾਨਾਂ ਦੇ ਦਰਸ਼ਨ ਕਰਵਾਏ ਜਾਣਗੇ।
ਇਹ ਇੱਕ ਫੁੱਲੀ ਲੋਡਡ ਆਲ-ਇਨਕਲੂਸਿਵ ਪੈਕੇਜ ਹੈ, ਜਿਸ ਤਹਿਤ ਯਾਤਰੀਆਂ ਨੂੰ ਵਾਰ-ਵਾਰ ਟਰੇਨ ਬਦਲਣ ਦੀ ਪਰੇਸ਼ਾਨੀ ਨਹੀਂ ਹੋਵੇਗੀ। ਤੈਅ ਬਜਟ ‘ਚ ਹੀ ਯਾਤਰੀਆਂ ਲਈ ਹੋਟਲ ‘ਚ ਰਹਿਣ ਦੀ ਸਹੂਲਤ, ਸਵੇਰੇ-ਸ਼ਾਮ ਚਾਹ-ਨਾਸ਼ਤਾ, ਤਿੰਨੋਂ ਸਮੇਂ ਦਾ ਸ਼ੁੱਧ ਸ਼ਾਕਾਹਾਰੀ ਭੋਜਨ, ਧਾਰਮਿਕ ਤੇ ਸੈਰ-ਸਪਾਟਾ ਸਥਾਨਾਂ ਦੇ ਦਰਸ਼ਨਾਂ ਲਈ ਬੱਸ ਤੇ ਸਟੇਸ਼ਨ ਤੋਂ ਹੋਟਲ ਤੱਕ ਟਰਾਂਸਫਰ ਦੀ ਸਹੂਲਤ ਸ਼ਾਮਲ ਹੈ।
ਖਾਣਾ ਟ੍ਰੇਨ ਦੀ ਆਪਣੀ ਪੈਂਟਰੀ ਕਾਰ ‘ਚ ਹੀ ਤਾਜ਼ਾ ਤਿਆਰ ਕੀਤਾ ਜਾਵੇਗਾ। ਇਸ ਤੋਂ ਇਲਾਵਾ ਯਾਤਰੀਆਂ ਦੀ ਸੁਰੱਖਿਆ ਤੇ ਸਿਹਤ ਨੂੰ ਧਿਆਨ ‘ਚ ਰੱਖਦਿਆਂ ਟਰੇਨ ‘ਚ 24 ਘੰਟੇ ਫਸਟ-ਏਡ ਬਾਕਸ ਉਪਲਬਧ ਰਹੇਗਾ। ਲੋੜ ਪੈਣ ‘ਤੇ ਅਗਲੇ ਨਜ਼ਦੀਕੀ ਸਟੇਸ਼ਨ ‘ਤੇ ਡਾਕਟਰ ਦੀ ਵਿਵਸਥਾ ਵੀ ਕੀਤੀ ਜਾਵੇਗੀ।
ਇਹ ਵੀ ਪੜ੍ਹੋ
ਤਿੰਨ ਸ਼੍ਰੇਣੀਆਂ’ਚ ਵੰਡਿਆ ਗਿਆ ਟੂਰ ਪੈਕੇਜ
- ਟੂਰ ਪੈਕੇਜ ਨੂੰ ਤਿੰਨ ਸ਼੍ਰੇਣੀਆਂ ‘ਚ ਵੰਡਿਆ ਗਿਆ ਹੈ। ਪਹਿਲੀ ‘ਇਕਾਨਮੀ ਕੈਟੇਗਰੀ’ (ਸਲੀਪਰ ਕਲਾਸ) ਦਾ ਕਿਰਾਇਆ ਲਗਭਗ 24,000 ਰੁਪਏ ਪ੍ਰਤੀ ਵਿਅਕਤੀ ਹੈ। ਇਸ ‘ਚ ਨਾਨ-ਏਸੀ ਬੱਸ ਤੇ ਨਾਨ-ਏਸੀ ਹੋਟਲ ਦੀ ਸਹੂਲਤ ਮਿਲੇਗੀ।
- ਦੂਜੀ ‘ਸਟੈਂਡਰਡ ਕੈਟੇਗਰੀ’ (ਥਰਡ ਏਸੀ) ਦਾ ਕਿਰਾਇਆ 42,000 ਰੁਪਏ ਪ੍ਰਤੀ ਵਿਅਕਤੀ ਹੈ। ਇਸ ‘ਚ ਏਸੀ ਹੋਟਲ ਅਤੇ ਨਾਨ-ਏਸੀ ਬੱਸ ਦੀ ਸਹੂਲਤ ਰਹੇਗੀ।
- ਤੀਜੀ ‘ਕੰਫਰਟ ਕੈਟੇਗਰੀ’ (ਸੈਕਿੰਡ ਏਸੀ) ਦਾ ਕਿਰਾਇਆ 56,000 ਰੁਪਏ ਪ੍ਰਤੀ ਵਿਅਕਤੀ ਤੈਅ ਕੀਤਾ ਗਿਆ ਹੈ। ਇਸ ‘ਚ ਏਸੀ ਹੋਟਲ ਦੇ ਨਾਲ-ਨਾਲ ਦਰਸ਼ਨਾਂ ਲਈ ਏਸੀ ਬੱਸ ਦੀ ਸਹੂਲਤ ਵੀ ਮਿਲੇਗੀ।
- ਟ੍ਰੇਨ ‘ਚ ਕੁੱਲ ਸੀਟਾਂ ਦੀ ਗੱਲ ਕਰੀਏ ਤਾਂ ਸਲੀਪਰ ਕਲਾਸ ‘ਚ 480, ਥਰਡ ਏਸੀ ‘ਚ 210 ਤੇ ਸੈਕਿੰਡ ਏਸੀ ‘ਚ 50 ਸੀਟਾਂ ਉਪਲਬਧ ਹਨ।
ਆਨਲਾਈਨ ਤੇ ਆਫਲਾਈਨ ਬੁਕਿੰਗ ਦੀ ਸਹੂਲਤ
ਇੱਛੁਕ ਸ਼ਰਧਾਲੂ ਇਸ ਧਾਰਮਿਕ ਯਾਤਰਾ ਲਈ IRCTC ਦੀ ਅਧਿਕਾਰਤ ਵੈੱਬਸਾਈਟ www.irctctourism.com ‘ਤੇ ਜਾ ਕੇ ਆਨਲਾਈਨ ਬੁਕਿੰਗ ਕਰ ਸਕਦੇ ਹਨ। ਇਸ ਤੋਂ ਇਲਾਵਾ ਆਫਲਾਈਨ ਬੁਕਿੰਗ ਲਈ IRCTC ਦੇ ਚੰਡੀਗੜ੍ਹ ਦੇ ਸੈਕਟਰ-34 ਸਥਿਤ ਖੇਤਰੀ ਦਫ਼ਤਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ।
ਅਧਿਕਾਰੀਆਂ ਮੁਤਾਬਕ ਜੇਕਰ ਟਿਕਟ ਰੱਦ ਕਰਵਾਉਣ ਦੀ ਸਥਿਤੀ ਬਣਦੀ ਹੈ ਤਾਂ ਯਾਤਰਾ ਤੋਂ 15 ਦਿਨ ਪਹਿਲਾਂ ਰੱਦ ਕਰਨ ‘ਤੇ 250 ਰੁਪਏ ਪ੍ਰਤੀ ਵਿਅਕਤੀ, 8 ਤੋਂ 14 ਦਿਨ ਪਹਿਲਾਂ ਰੱਦ ਕਰਨ ‘ਤੇ 50 ਫ਼ੀਸਦੀ ਤੇ 4 ਤੋਂ 7 ਦਿਨ ਪਹਿਲਾਂ ਰੱਦ ਕਰਨ ‘ਤੇ 75 ਫੀਸਦੀ ਕੈਂਸਲੇਸ਼ਨ ਚਾਰਜ ਕੱਟਿਆ ਜਾਵੇਗਾ। ਜਦਕਿ ਯਾਤਰਾ ‘ਚ 4 ਦਿਨ ਤੋਂ ਘੱਟ ਸਮਾਂ ਬਚਣ ‘ਤੇ ਕੋਈ ਰਿਫੰਡ ਨਹੀਂ ਦਿੱਤਾ ਜਾਵੇਗਾ।
IRCTC ਅਧਿਕਾਰੀਆਂ ਨੇ ਜਲੰਧਰ ਵਾਸੀਆਂ ਤੇ ਪੰਜਾਬ ਦੇ ਸ਼ਰਧਾਲੂਆਂ ਨੂੰ ਇਸ ਵਿਸ਼ੇਸ਼ ਧਾਰਮਿਕ ਯਾਤਰਾ ਲਈ ਵੱਧ ਤੋਂ ਵੱਧ ਬੁਕਿੰਗ ਕਰਵਾਉਣ ਦੀ ਅਪੀਲ ਕੀਤੀ ਹੈ।
