ਜਲੰਧਰ ‘ਚ ਨਸ਼ਾ ਛਡਾਊ ਕੇਂਦਰ ਜਾ ਰਹੇ ਪਤੀ-ਪਤਨੀ ‘ਤੇ ਜਾਨਲੇਵਾ ਹਮਲਾ, ਪੁਲਿਸ ਨੇ 2 ਦਬੋਚੇ
ਜਲੰਧਰ ਦੇ ਬਾਬੂ ਜਗਜੀਵਨ ਰਾਮ ਚੌਕ 'ਤੇ ਬੀਤੇ ਦਿਨੀਂ ਉਸ ਵੇਲੇ ਭਾਰੀ ਹੰਗਾਮਾ ਹੋ ਗਿਆ, ਜਦੋਂ ਆਪਣੇ ਪਤੀ ਨੂੰ ਨਸ਼ਾ ਛਡਾਊ ਕੇਂਦਰ ਤੋਂ ਦਵਾਈ ਦਿਵਾਉਣ ਜਾ ਰਹੀ ਇੱਕ ਮਹਿਲਾ ਅਤੇ ਉਸ ਦੇ ਪਤੀ 'ਤੇ ਕੁਝ ਨੌਜਵਾਨਾਂ ਵੱਲੋਂ ਬੇਰਹਿਮੀ ਨਾਲ ਹਮਲਾ ਕਰ ਦਿੱਤਾ ਗਿਆ। ਇਸ ਖ਼ੂਨੀ ਝੜਪ ਤੋਂ ਬਾਅਦ ਪੀੜਤ ਪਰਿਵਾਰ ਵੱਲੋਂ ਇਨਸਾਫ਼ ਦੀ ਮੰਗ ਨੂੰ ਲੈ ਕੇ ਮੌਕੇ 'ਤੇ ਜਮ ਕੇ ਰੋਸ ਪ੍ਰਦਰਸ਼ਨ ਅਤੇ ਹੰਗਾਮਾ ਕੀਤਾ ਗਿਆ।
ਜਲੰਧਰ ਦੇ ਬਾਬੂ ਜਗਜੀਵਨ ਰਾਮ ਚੌਕ ‘ਤੇ ਬੀਤੇ ਦਿਨੀਂ ਉਸ ਵੇਲੇ ਭਾਰੀ ਹੰਗਾਮਾ ਹੋ ਗਿਆ, ਜਦੋਂ ਆਪਣੇ ਪਤੀ ਨੂੰ ਨਸ਼ਾ ਛਡਾਊ ਕੇਂਦਰ ਤੋਂ ਦਵਾਈ ਦਿਵਾਉਣ ਜਾ ਰਹੀ ਇੱਕ ਮਹਿਲਾ ਅਤੇ ਉਸ ਦੇ ਪਤੀ ‘ਤੇ ਕੁਝ ਨੌਜਵਾਨਾਂ ਵੱਲੋਂ ਬੇਰਹਿਮੀ ਨਾਲ ਹਮਲਾ ਕਰ ਦਿੱਤਾ ਗਿਆ। ਇਸ ਖ਼ੂਨੀ ਝੜਪ ਤੋਂ ਬਾਅਦ ਪੀੜਤ ਪਰਿਵਾਰ ਵੱਲੋਂ ਇਨਸਾਫ਼ ਦੀ ਮੰਗ ਨੂੰ ਲੈ ਕੇ ਮੌਕੇ ‘ਤੇ ਜਮ ਕੇ ਰੋਸ ਪ੍ਰਦਰਸ਼ਨ ਅਤੇ ਹੰਗਾਮਾ ਕੀਤਾ ਗਿਆ। ਪੀੜਤ ਪਰਿਵਾਰ ਨੇ ਗੰਭੀਰ ਆਰੋਪ ਲਗਾਉਂਦਿਆਂ ਦੱਸਿਆ ਕਿ ਹਮਲਾਵਰ ਨੌਜਵਾਨ ਇੰਨੇ ਬੇਖ਼ੌਫ਼ ਸਨ ਕਿ ਉਹ ਪੀੜਤ ਦੇ ਸਿਰ ‘ਤੇ ਸੀਵਰੇਜ ਦੇ ਚੈਂਬਰ ਦਾ ਭਾਰੀ ਢੱਕਣ ਮਾਰਨ ਦੀ ਕੋਸ਼ਿਸ਼ ਕਰ ਰਹੇ ਸਨ, ਜਿਸ ਨਾਲ ਉਸ ਦੀ ਜਾਨ ਵੀ ਜਾ ਸਕਦੀ ਸੀ।
ਇਸ ਪੂਰੇ ਮਾਮਲੇ ਸਬੰਧੀ ਹੁਣ ਸਥਾਨਕ ਪੁਲਿਸ ਦਾ ਅਧਿਕਾਰਤ ਬਿਆਨ ਸਾਹਮਣੇ ਆਇਆ ਹੈ। ਮਾਮਲੇ ਦੀ ਜਾਣਕਾਰੀ ਦਿੰਦਿਆਂ ਪੁਲਿਸ ਅਫ਼ਸਰ ਯਾਦਵਿੰਦਰ ਰਾਣਾ ਨੇ ਦੱਸਿਆ ਕਿ ਪੀੜਤ ਪਰਿਵਾਰ ਵੱਲੋਂ ਮਿਲੀ ਸ਼ਿਕਾਇਤ ਦੇ ਆਧਾਰ ‘ਤੇ ਤੁਰੰਤ ਕਾਰਵਾਈ ਕਰਦਿਆਂ ਪੁਲਿਸ ਨੇ ਇਸ ਕੇਸ ਵਿੱਚ ਨਾਮਜ਼ਦ 2 ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ।
ਸ਼ਿਕਾਇਤ ਦੀ ਖੁੰਦਕ ‘ਚ ਦੁਪਹਿਰੇ ਦੁਬਾਰਾ ਕੀਤਾ ਹਮਲਾ
ਪੁਲਿਸ ਪੜਤਾਲ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਉਕਤ ਮੁਲਜ਼ਮਾਂ ਨੇ ਸਵੇਰ ਦੇ ਸਮੇਂ ਪੀੜਤ ਪਰਿਵਾਰ ‘ਤੇ ਹਮਲਾ ਕੀਤਾ ਸੀ, ਜਿਸ ਤੋਂ ਬਾਅਦ ਪਰਿਵਾਰ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾ ਦਿੱਤੀ। ਇਸੇ ਗੱਲ ਦੀ ਖੁੰਦਕ ਅਤੇ ਰੰਜਿਸ਼ ਰੱਖਦਿਆਂ ਹੋਇਆਂ ਮੁਲਜ਼ਮਾਂ ਨੇ ਦੁਪਹਿਰ ਵੇਲੇ ਦੁਬਾਰਾ ਪਰਿਵਾਰ ‘ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਪੁਲਿਸ ਮੁਤਾਬਕ ਨੌਜਵਾਨਾਂ ਦਾ ਮਕਸਦ ਪੀੜਤ ਪਰਿਵਾਰ ‘ਤੇ ਦਬਾਅ ਬਣਾ ਕੇ ਪੁਲਿਸ ਸ਼ਿਕਾਇਤ ਵਾਪਸ ਕਰਵਾਉਣਾ ਸੀ ਅਤੇ ਇਸੇ ਲਈ ਉਨ੍ਹਾਂ ਨੇ ਦੂਜੀ ਵਾਰ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ।
ਪੁਲਿਸ ਵੱਲੋਂ ਮਾਮਲੇ ਵਿੱਚ ਨਾਮਜ਼ਦ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਨੀਰਜ ਨੇਪਾਲੀ, ਲੱਕੀ ਥਾਪਰ ਉਰਫ਼ ਦੀਵੂ, ਕਾਲੀ ਅਤੇ ਅਮਿਤ ਕੁਮਾਰ ਉਰਫ਼ ਛਾਂਗਾ ਵਜੋਂ ਹੋਈ ਹੈ। ਇਨ੍ਹਾਂ ਵਿੱਚੋਂ 2 ਮੁਲਜ਼ਮਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰਕੇ ਉਨ੍ਹਾਂ ਖ਼ਿਲਾਫ਼ ਸੰਗੀਨ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ। ਪੁਲਿਸ ਰਿਕਾਰਡ ਦੀ ਜਾਂਚ ਦੌਰਾਨ ਇਹ ਵੀ ਪਤਾ ਲੱਗਾ ਹੈ ਕਿ ਇਨ੍ਹਾਂ ਮੁਲਜ਼ਮਾਂ ‘ਤੇ ਪਹਿਲਾਂ ਵੀ ਅਪਰਾਧਿਕ ਮਾਮਲੇ ਦਰਜ ਹਨ। ਪੁਲਿਸ ਦਾ ਕਹਿਣਾ ਹੈ ਕਿ ਫ਼ਰਾਰ ਚੱਲ ਰਹੇ ਬਾਕੀ 2 ਮੁਲਜ਼ਮਾਂ ਨੂੰ ਵੀ ਬਹੁਤ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਜਾਂਚ ਵਿੱਚ ਇਹ ਤੱਥ ਵੀ ਸਾਹਮਣੇ ਆਇਆ ਹੈ ਕਿ ਦੋਵੇਂ ਧਿਰਾਂ ਆਪਸ ਵਿੱਚ ਰਿਸ਼ਤੇਦਾਰ ਹਨ ਅਤੇ ਉਨ੍ਹਾਂ ਦਾ ਆਪਸੀ ਸਬੰਧ ਸਾਲੇ-ਜੀਜੇ ਦਾ ਹੈ।
ਪੀੜਤ ਮਹਿਲਾ ਅਤੇ ਸਥਾਨਕ ਲੋਕਾਂ ਦੇ ਗੰਭੀਰ ਦੋਸ਼
ਦੂਜੇ ਪਾਸੇ, ਬੀਤੇ ਦਿਨੀਂ ਘਟਨਾ ਸਥਾਨ ‘ਤੇ ਮੌਜੂਦ ਲੋਕਾਂ ਨੇ ਪੁਲਿਸ ਪ੍ਰਸ਼ਾਸਨ ਦੇ ਖ਼ਿਲਾਫ਼ ਜੰਮ ਕੇ ਭੜਾਸ ਕੱਢੀ। ਲੋਕਾਂ ਦਾ ਦੋਸ਼ ਹੈ ਕਿ ਵਾਰਦਾਤ ਸ਼ੁਰੂ ਹੋਣ ਦੇ ਤਕਰੀਬਨ ਡੇਢ ਘੰਟੇ ਬਾਅਦ ਪੁਲਿਸ ਮੌਕੇ ‘ਤੇ ਪਹੁੰਚੀ। ਪੀੜਤਾਂ ਨੇ ਦੋਸ਼ ਲਗਾਉਂਦਿਆਂ ਕਿਹਾ ਕਿ ਕਾਲੀ, ਛਾਂਗਾ, ਨੀਰਜ ਨੇਪਾਲੀ ਅਤੇ ਦੀਵੂ ਨਾਮ ਦੇ ਇਹ ਨੌਜਵਾਨ ਕਥਿਤ ਤੌਰ ‘ਤੇ ਨਸ਼ੇ ਦਾ ਕਾਰੋਬਾਰ ਕਰਦੇ ਹਨ। ਜਦੋਂ ਉਸ ਦਾ ਭਰਾ ਵਾਰਦਾਤ ਵਾਲੀ ਜਗ੍ਹਾ ‘ਤੇ ਦਵਾਈ ਲੈਣ ਲਈ ਆਇਆ ਤਾਂ ਇਨ੍ਹਾਂ ਸਾਰਿਆਂ ਨੇ ਉਸ ‘ਤੇ ਹਮਲਾ ਕਰ ਦਿੱਤਾ।
ਇਹ ਵੀ ਪੜ੍ਹੋ
ਮਹਿਲਾ ਨੇ ਦੱਸਿਆ ਕਿ ਜਦੋਂ ਉਹ ਆਪਣੇ ਪਤੀ ਅਤੇ ਭਰਾ ਦੇ ਬਚਾਅ ਲਈ ਅੱਗੇ ਆਈ, ਤਾਂ ਦੀਵੂ ਅਤੇ ਕਾਲੀ ਨੇ ਉਸ ਨਾਲ ਬਦਸਲੂਕੀ ਕੀਤੀ। ਇੰਨਾ ਹੀ ਨਹੀਂ, ਦੋਸ਼ ਹੈ ਕਿ ਮੁਲਜ਼ਮਾਂ ਨੇ ਸਾਰਿਆਂ ਦੇ ਸਾਹਮਣੇ ਸ਼ਰੇਆਮ ਗੋਲੀ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ। ਸਥਾਨਕ ਨਿਵਾਸੀਆਂ ਦਾ ਕਹਿਣਾ ਹੈ ਕਿ ਸੜਕ ‘ਤੇ ਕਰੀਬ ਡੇਢ ਘੰਟੇ ਤੱਕ ਸ਼ਰੇਆਮ ਲੜਾਈ ਹੁੰਦੀ ਰਹੀ ਅਤੇ ਗੁੰਡਾਗਰਦੀ ਦਾ ਨੰਗਾ ਨਾਚ ਚੱਲਿਆ, ਪਰ ਬਾਰ-ਬਾਰ ਸੂਚਿਤ ਕਰਨ ਦੇ ਬਾਵਜੂਦ ਪੁਲਿਸ ਸਮੇਂ ਸਿਰ ਘਟਨਾ ਸਥਾਨ ‘ਤੇ ਨਹੀਂ ਪਹੁੰਚੀ। ਹਾਲਾਂਕਿ, ਪੁਲਿਸ ਪ੍ਰਸ਼ਾਸਨ ਨੇ ਇਸ ਮਾਮਲੇ ਵਿੱਚ ਕਿਸੇ ਵੀ ਤਰ੍ਹਾਂ ਦੇ ਨਸ਼ੇ ਦੇ ਐਂਗਲ ਜਾਂ ਨਸ਼ੇ ਨਾਲ ਜੁੜੀ ਗੱਲ ਹੋਣ ਤੋਂ ਸਾਫ਼ ਇਨਕਾਰ ਕੀਤਾ ਹੈ।
