ਜਲੰਧਰ ‘ਚ ਆਜ਼ਾਦੀ ਦਿਹਾੜੇ ਸਮਾਗਮ ਮੌਕੇ ਸਖ਼ਤ ਸੁਰੱਖਿਆ ਪ੍ਰਬੰਧ, ਪੁਲਿਸ ਨੇ ਕੱਢਿਆ ਫਲੈਗ ਮਾਰਚ
ਜਲੰਧਰ ਵਿੱਚ ਆਜ਼ਾਦੀ ਦਿਹਾੜੇ ਸਮਾਗਮ ਲਈ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ। ਪੁਲਿਸ ਕਮਿਸ਼ਨਰ ਦੀ ਅਗਵਾਈ ਹੇਠ ਫਲੈਗ ਮਾਰਚ ਕੱਢਿਆ ਗਿਆ ਅਤੇ ਸ਼ਹਿਰ ਵਿੱਚ ਨਾਕਾਬੰਦੀ ਤੇ ਚੈਕਿੰਗ ਵਧਾ ਦਿੱਤੀ ਗਈ ਹੈ। ਈ-ਮੇਲ ਰਾਹੀਂ ਮਿਲੀਆਂ ਧਮਕੀਆਂ ਦੀ ਵੀ ਜਾਂਚ ਚੱਲ ਰਹੀ ਹੈ ਅਤੇ ਹੋਟਲਾਂ ਦੀ ਚੈਕਿੰਗ ਜਾਰੀ ਹੈ। ਲੋਕਾਂ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ ਗਈ ਹੈ।
ਜਲੰਧਰ ਵਿੱਚ ਆਜ਼ਾਦੀ ਦਿਵਸ ਸਮਾਗਮ ਨੂੰ ਲੈ ਕੇ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਸਖ਼ਤ ਕਰ ਦਿੱਤਾ ਗਿਆ ਹੈ। ਅੱਜ ਸਵੇਰੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿੱਚ ਸਮਾਗਮ ਦੀ ਫਾਈਨਲ ਰਿਹਰਸਲ ਤੋਂ ਬਾਅਦ ਪੁਲਿਸ ਕਮਿਸ਼ਨਰ ਸਤਿੰਦਰ ਸਿੰਘ ਦੀ ਅਗਵਾਈ ਹੇਠ ਸ਼ਹਿਰ ਵਿੱਚ ਫਲੈਗ ਮਾਰਚ ਕੱਢਿਆ ਗਿਆ।
ਫਲੈਗ ਮਾਰਚ ਵਿੱਚ ਸ਼ਾਮਲ ਹੋਏ ਅਧਿਕਾਰੀ
ਇਸ ਫਲੈਗ ਮਾਰਚ ਵਿੱਚ ਪੁਲਿਸ ਕਮਿਸ਼ਨਰ ਸਤਿੰਦਰ ਸਿੰਘ ਦੇ ਨਾਲ ਡੀਸੀਪੀ ਮਨਪ੍ਰੀਤ ਸਿੰਘ ਦਿੱਲੋਂ ਵੀ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਇਸ ਦੌਰਾਨ ਪੁਲਿਸ ਵੱਲੋਂ ਸ਼ਹਿਰ ਦੀ ਸੁਰੱਖਿਆ ਵਿਵਸਥਾ ਦਾ ਜਾਇਜ਼ਾ ਲਿਆ ਗਿਆ ਅਤੇ ਲੋਕਾਂ ਨੂੰ ਸੁਰੱਖਿਆ ਪ੍ਰਤੀ ਜਾਗਰੂਕ ਰਹਿਣ ਦਾ ਸੰਦੇਸ਼ ਦਿੱਤਾ ਗਿਆ।
ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਸ਼ਹਿਰ ਵਿੱਚ ਵਿਸ਼ੇਸ਼ ਨਾਕਾਬੰਦੀ
ਪੁਲਿਸ ਕਮਿਸ਼ਨਰ ਮੁਤਾਬਕ ਆਜ਼ਾਦੀ ਦਿਹਾੜੇ ਸਮਾਗਮ ਦੇ ਮੱਦੇਨਜ਼ਰ ਸ਼ਹਿਰ ਵਿੱਚ ਵਿਸ਼ੇਸ਼ ਨਾਕਾਬੰਦੀ ਕੀਤੀ ਜਾ ਰਹੀ ਹੈ। ਫਲੈਗ ਮਾਰਚ ਦੌਰਾਨ ਕਰੀਬ 150 ਪੁਲਿਸ ਮੁਲਾਜ਼ਮ ਤਾਇਨਾਤ ਰਹੇ, ਜਦਕਿ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਵੀ ਚੈਕਿੰਗ ਅਤੇ ਨਾਕਾਬੰਦੀ ਕੀਤੀ ਜਾ ਰਹੀ ਹੈ। ਸੁਰੱਖਿਆ ਪ੍ਰਬੰਧਾਂ ਲਈ ਮੁੱਖ ਫੋਰਸ ਤੋਂ ਇਲਾਵਾ ਕਰੀਬ 250 ਵਿਸ਼ੇਸ਼ ਕਰਮਚਾਰੀ ਵੀ ਬਾਹਰੋਂ ਬੁਲਾਏ ਗਏ ਹਨ। ਰਾਤ ਦੇ ਸਮੇਂ ਵੀ ਪੁਲਿਸ ਵੱਲੋਂ ਸੜਕਾਂ ਤੇ ਚੈਕਿੰਗ ਮੁਹਿੰਮ ਜਾਰੀ ਰੱਖੀ ਜਾ ਰਹੀ ਹੈ।
ਈ-ਮੇਲ ਰਾਹੀਂ ਮਿਲੀਆਂ ਧਮਕੀਆਂ
ਉੱਥੇ ਹੀ ਆਜ਼ਾਦੀ ਦਿਵਸ ਸਮਾਗਮ ਨੂੰ ਲੈ ਕੇ ਈ-ਮੇਲ ਰਾਹੀਂ ਮਿਲੀਆਂ ਧਮਕੀਆਂ ਦੇ ਮਾਮਲੇ ਵਿੱਚ ਵੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਮੁਤਾਬਕ ਕੋਲਕਾਤਾ ਤੋਂ ਇੱਕ ਸ਼ੱਕੀ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ, ਜਦਕਿ ਪਿਛਲੇ ਦਿਨ ਆਈ ਈ-ਮੇਲ ਦੇ ਮਾਮਲੇ ਵਿੱਚ ਐੱਫਆਈਆਰ ਵੀ ਦਰਜ ਕੀਤੀ ਗਈ ਹੈ।
ਹੋਟਲ ਪ੍ਰਬੰਧਕਾਂ ਨੂੰ ਹਦਾਇਤਾਂ ਜਾਰੀ
ਪੁਲਿਸ ਵੱਲੋਂ ਹੋਟਲਾਂ ਅਤੇ ਰੈਸਟੋਰੈਂਟਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਅਤੇ ਬਾਹਰੋਂ ਆਉਣ ਵਾਲੇ ਵਿਅਕਤੀਆਂ ਦੇ ਦਸਤਾਵੇਜ਼ ਚੈੱਕ ਕਰਨ ਲਈ ਹੋਟਲ ਪ੍ਰਬੰਧਕਾਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਹਨ। ਪੁਲਿਸ ਕਮਿਸ਼ਨਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਆਜ਼ਾਦੀ ਦਿਵਸ ਸਮਾਗਮ ਦੌਰਾਨ ਪੁਲਿਸ ਦਾ ਸਹਿਯੋਗ ਕਰਨ ਅਤੇ ਕਿਸੇ ਵੀ ਸ਼ੱਕੀ ਗਤੀਵਿਧੀ ਜਾਂ ਵਿਅਕਤੀ ਬਾਰੇ ਤੁਰੰਤ ਪੁਲਿਸ ਨੂੰ ਸੂਚਿਤ ਕਰਨ।
