ਸੁਖਬੀਰ ਬਾਦਲ ਹਮਲੇ ਦੀ ਹੋਵੇ CBI ਜਾਂਚ, ਮਜੀਠੀਆ ਨੇ ਘਟਨਾ ਦੀ ਕੀਤੀ ਨਿੰਦਾ
ਬਿਕਰਮ ਸਿੰਘ ਮਜੀਠੀਆ ਨੇ ਅੱਜ ਅੰਮ੍ਰਿਤਸਰ ਵਿੱਚ ਐਮਰਜੈਂਸੀ ਪ੍ਰੈੱਸ ਕਾਨਫਰੰਸ ਕਰਕੇ ਨਾਂਦੇੜ ਸਾਹਿਬ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ 'ਤੇ ਹੋਏ ਹਮਲੇ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ। ਇਸ ਦੌਰਾਨ ਉਨ੍ਹਾਂ ਨੇ ਸੀਬੀਆਈ ਤੋਂ ਜਾਂਚ ਦੀ ਮੰਗ ਕੀਤੀ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਅੱਜ ਅੰਮ੍ਰਿਤਸਰ ਵਿੱਚ ਐਮਰਜੈਂਸੀ ਪ੍ਰੈੱਸ ਕਾਨਫਰੰਸ ਕਰਕੇ ਨਾਂਦੇੜ ਸਾਹਿਬ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ‘ਤੇ ਹੋਏ ਹਮਲੇ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ‘ਤੇ ਇਹ ਦੂਜੀ ਵਾਰ ਹਮਲਾ ਹੋਇਆ ਹੈ ਅਤੇ ਗੁਰੂ ਸਾਹਿਬ ਦੀ ਅਪਾਰ ਕਿਰਪਾ ਸਦਕਾ ਇਸ ਵਾਰ ਵੀ ਹਮਲਾਵਰ ਆਪਣੇ ਮਨਸੂਬਿਆਂ ਵਿੱਚ ਕਾਮਯਾਬ ਨਹੀਂ ਹੋ ਸਕਿਆ। ਉਨ੍ਹਾਂ ਕਿਹਾ ਕਿ ਇਹ ਬੇਹੱਦ ਗੰਭੀਰ ਮਾਮਲਾ ਹੈ ਅਤੇ ਇਸ ਦੇ ਪਿੱਛੇ ਕਿਸੇ ਵੱਡੀ ਸਾਜ਼ਿਸ਼ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਇਸ ਲਈ ਪੂਰੇ ਮਾਮਲੇ ਦੀ ਸੀਬੀਆਈ ਤੋਂ ਨਿਰਪੱਖ ਅਤੇ ਡੂੰਘਾਈ ਨਾਲ ਜਾਂਚ ਕਰਵਾਈ ਜਾਣੀ ਚਾਹੀਦੀ ਹੈ।
ਦੋਵਾਂ ਘਟਨਾਵਾਂ ਨੂੰ ਆਪਸ ਵਿੱਚ ਜੋੜ ਕੇ ਕੀਤੀ ਜਾਵੇ ਜਾਂਚ
ਮਜੀਠੀਆ ਨੇ ਕਿਹਾ ਕਿ ਸਾਲ 2024 ਵਿੱਚ ਵੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੁਖਬੀਰ ਸਿੰਘ ਬਾਦਲ ‘ਤੇ ਹਮਲੇ ਦੀ ਕੋਸ਼ਿਸ਼ ਹੋਈ ਸੀ। ਹੁਣ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਵਰਗੇ ਪਵਿੱਤਰ ਧਾਰਮਿਕ ਅਸਥਾਨ ‘ਤੇ ਦੂਜੀ ਵਾਰ ਹਮਲਾ ਹੋਣਾ ਆਮ ਘਟਨਾ ਨਹੀਂ ਹੈ। ਉਨ੍ਹਾਂ ਕਿਹਾ ਕਿ ਦੋਵਾਂ ਘਟਨਾਵਾਂ ਨੂੰ ਆਪਸ ਵਿੱਚ ਜੋੜ ਕੇ ਜਾਂਚ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਇਹ ਸਾਹਮਣੇ ਆ ਸਕੇ ਕਿ ਇਨ੍ਹਾਂ ਦੇ ਪਿੱਛੇ ਕੋਈ ਇੱਕੋ ਜਿਹੀ ਸਾਜ਼ਿਸ਼ ਜਾਂ ਸੰਗਠਿਤ ਤਾਕਤ ਤਾਂ ਨਹੀਂ।
ਉਨ੍ਹਾਂ ਕਿਹਾ ਕਿ ਗੁਰੂ ਘਰ ਸ਼ਰਧਾ, ਸੇਵਾ ਅਤੇ ਬਖ਼ਸ਼ਿਸ਼ ਦਾ ਸਥਾਨ ਹੈ। ਗੁਰੂ ਦਾ ਸੱਚਾ ਸਿੱਖ ਕਦੇ ਵੀ ਕਿਸੇ ਨੂੰ ਨੁਕਸਾਨ ਪਹੁੰਚਾਉਣ ਦੀ ਨੀਅਤ ਨਾਲ ਗੁਰੂ ਘਰ ਨਹੀਂ ਜਾਂਦਾ। ਜੋ ਲੋਕ ਧਾਰਮਿਕ ਸਥਾਨਾਂ ‘ਤੇ ਜਾ ਕੇ ਗੋਲੀ, ਚਾਕੂ ਜਾਂ ਕਿਸੇ ਹੋਰ ਹਥਿਆਰ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕਰਦੇ ਹਨ, ਉਨ੍ਹਾਂ ਨੂੰ ਗੁਰੂ ਦਾ ਸਿੱਖ ਨਹੀਂ ਕਿਹਾ ਜਾ ਸਕਦਾ। ਅਜਿਹੇ ਲੋਕ ਭਾਵੇਂ ਸਿੱਖੀ ਦੇ ਭੇਸ ਵਿੱਚ ਹੋਣ, ਪਰ ਉਹ ਗੁਰੂ ਸਾਹਿਬ ਦੀ ਸੋਚ ਅਤੇ ਸਿੱਖਿਆ ਤੋਂ ਕੋਹਾਂ ਦੂਰ ਹੁੰਦੇ ਹਨ।
ਪਰਿਵਾਰ ਨਾਲ ਧਾਰਮਿਕ ਯਾਤਰਾ ‘ਤੇ ਸਨ ਸੁਖਬੀਰ
ਮਜੀਠੀਆ ਨੇ ਦੱਸਿਆ ਕਿ ਸੁਖਬੀਰ ਸਿੰਘ ਬਾਦਲ 12, 13 ਅਤੇ 14 ਤਰੀਕ ਨੂੰ ਆਪਣੇ ਪਰਿਵਾਰ ਸਮੇਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਗਏ ਹੋਏ ਸਨ। ਉਨ੍ਹਾਂ ਦੇ ਨਾਲ ਸਾਬਕਾ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ, ਪਰਿਵਾਰ ਦੇ ਹੋਰ ਮੈਂਬਰ ਅਤੇ ਰਿਸ਼ਤੇਦਾਰ ਵੀ ਮੌਜੂਦ ਸਨ। ਉਨ੍ਹਾਂ ਕਿਹਾ ਕਿ ਉਹ ਅਤੇ ਉਨ੍ਹਾਂ ਦੀ ਪਤਨੀ ਕਿਸੇ ਕਾਰਨ ਕਰਕੇ ਨਹੀਂ ਜਾ ਸਕੇ, ਜਦਕਿ ਮਜੀਠੀਆ ਪਰਿਵਾਰ ਦੀਆਂ ਹੋਰ ਮਹਿਲਾਵਾਂ ਅਤੇ ਧੀਆਂ ਇਸ ਧਾਰਮਿਕ ਯਾਤਰਾ ਵਿੱਚ ਸ਼ਾਮਲ ਸਨ।
ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੇ ਨਾਂਦੇੜ ਵਿਖੇ ਵੱਖ-ਵੱਖ ਗੁਰਦੁਆਰਾ ਸਾਹਿਬਾਨ ਵਿੱਚ ਮੱਥਾ ਟੇਕਿਆ, ਸੇਵਾ ਕੀਤੀ ਅਤੇ ਗੁਰੂ ਸਾਹਿਬ ਦੀਆਂ ਬਖ਼ਸ਼ਿਸ਼ਾਂ ਪ੍ਰਾਪਤ ਕੀਤੀਆਂ। ਕਈ ਥਾਵਾਂ ‘ਤੇ ਉਨ੍ਹਾਂ ਦਾ ਸਨਮਾਨ ਵੀ ਕੀਤਾ ਗਿਆ। ਮਜੀਠੀਆ ਨੇ ਕਿਹਾ ਕਿ ਇਸ ਦੌਰਾਨ ਕੁਝ ਲੋਕਾਂ ਵੱਲੋਂ ਗਲਤ ਅਫ਼ਵਾਹਾਂ ਫੈਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਨ੍ਹਾਂ ਨੂੰ ਤੱਥਾਂ ਨਾਲ ਸਪੱਸ਼ਟ ਕਰਨਾ ਜ਼ਰੂਰੀ ਹੈ।
ਇਹ ਵੀ ਪੜ੍ਹੋ
ਮਜੀਠੀਆ ਨੇ ਦੱਸਿਆ ਕਿ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਸੁਖਬੀਰ ਸਿੰਘ ਬਾਦਲ ਤੀਜੇ ਗੁਰਦੁਆਰਾ ਸਾਹਿਬ ਵਿੱਚ ਮੱਥਾ ਟੇਕ ਕੇ ਬਾਹਰ ਆ ਰਹੇ ਸਨ। ਉਨ੍ਹਾਂ ਕਿਹਾ ਕਿ ਹਮਲਾ ਬਹੁਤ ਹੀ ਖਤਰਨਾਕ ਸੀ ਅਤੇ ਜਿਸ ਨੇੜੇ ਤੋਂ ਕੀਤਾ ਗਿਆ। ਉਸ ਵਿੱਚ ਕਿਸੇ ਵੀ ਵਿਅਕਤੀ ਦਾ ਬਚਣਾ ਮੁਸ਼ਕਲ ਸੀ। ਗੁਰੂ ਸਾਹਿਬ ਦੀ ਕਿਰਪਾ ਨਾਲ ਸੁਖਬੀਰ ਸਿੰਘ ਬਾਦਲ ਸੁਰੱਖਿਅਤ ਰਹੇ। ਉਨ੍ਹਾਂ ਨੂੰ ਇਲਾਜ ਲਈ ਲਿਜਾਇਆ ਗਿਆ ਅਤੇ ਟਾਂਕੇ ਵੀ ਲਗਾਏ ਗਏ।
ਉਨ੍ਹਾਂ ਨੇ ਮੰਗ ਕੀਤੀ ਕਿ 2024 ਦੇ ਹਮਲੇ ਵਿੱਚ ਉਸ ਵੇਲੇ ਦੇ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਅਤੇ ਐਸਪੀ ਹਰਪਾਲ ਸਿੰਘ ਰੰਧਾਵਾ ਸਮੇਤ ਸਾਰੇ ਜ਼ਿੰਮੇਵਾਰ ਅਧਿਕਾਰੀਆਂ ਦੀ ਭੂਮਿਕਾ ਦੀ ਵੀ ਜਾਂਚ ਹੋਣੀ ਚਾਹੀਦੀ ਹੈ। ਇਸ ਦੇ ਨਾਲ ਹੀ ਇਹ ਵੀ ਸਾਹਮਣੇ ਲਿਆਂਦਾ ਜਾਵੇ ਕਿ ਸੁਰੱਖਿਆ ਵਿੱਚ ਕਿੱਥੇ ਚੂਕ ਹੋਈ ਅਤੇ ਹਮਲਾਵਰ ਨੂੰ ਇਹ ਮੌਕਾ ਕਿਵੇਂ ਮਿਲਿਆ।
ਮਜੀਠੀਆ ਨੇ ਸੀਬੀਆਈ ਜਾਂਚ ਦੀ ਕੀਤੀ ਮੰਗ
ਮਜੀਠੀਆ ਨੇ ਕਿਹਾ ਕਿ ਮੌਜੂਦਾ ਹਮਲੇ ਦੀ ਜਾਂਚ ਸਿਰਫ਼ ਰਸਮੀ ਕਾਰਵਾਈ ਤੱਕ ਸੀਮਤ ਨਹੀਂ ਰਹਿਣੀ ਚਾਹੀਦੀ। ਕੇਂਦਰ ਸਰਕਾਰ ਅਤੇ ਮਹਾਰਾਸ਼ਟਰ ਸਰਕਾਰ ਇਸ ਮਾਮਲੇ ਦੀ ਸੀਬੀਆਈ ਜਾਂਚ ਕਰਵਾਏ ਅਤੇ 2024 ਦੇ ਹਮਲੇ ਨਾਲ ਇਸ ਦੇ ਸੰਭਾਵਿਤ ਸਬੰਧਾਂ ਦੀ ਵੀ ਜਾਂਚ ਕਰੇ। ਜੇਕਰ ਦੋਵਾਂ ਘਟਨਾਵਾਂ ਦੇ ਪਿੱਛੇ ਕੋਈ ਸਾਜ਼ਿਸ਼ ਹੈ ਤਾਂ ਉਸ ਨਾਲ ਜੁੜੇ ਹਰ ਵਿਅਕਤੀ ਨੂੰ ਬੇਨਕਾਬ ਕੀਤਾ ਜਾਣਾ ਚਾਹੀਦਾ ਹੈ।
PM ਮੋਦੀ ਨੇ ਫੋਨ ਕਰ ਜਾਣਿਆ ਸੁਖਬੀਰ ਬਾਦਲ ਦਾ ਹਾਲ
ਮਜੀਠੀਆ ਨੇ ਹਮਲੇ ਦੌਰਾਨ ਸੁਖਬੀਰ ਸਿੰਘ ਬਾਦਲ ਦੀ ਜਾਨ ਬਚਾਉਣ ਵਾਲੇ ਸੁਰੱਖਿਆ ਕਰਮਚਾਰੀਆਂ ਅਤੇ ਹੋਰ ਵਿਅਕਤੀਆਂ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਹਰਸਿਮਰਤ ਕੌਰ ਬਾਦਲ ਨੂੰ ਫੋਨ ਕਰਕੇ ਸੁਖਬੀਰ ਸਿੰਘ ਬਾਦਲ ਦੀ ਸਿਹਤ ਬਾਰੇ ਜਾਣਕਾਰੀ ਲਈ। ਉਨ੍ਹਾਂ ਮਹਾਰਾਸ਼ਟਰ ਸਰਕਾਰ ਤੋਂ ਅਪੀਲ ਕੀਤੀ ਕਿ ਮਾਮਲੇ ਦੀ ਨਿਰਪੱਖ, ਪਾਰਦਰਸ਼ੀ ਅਤੇ ਡੂੰਘਾਈ ਨਾਲ ਜਾਂਚ ਕਰਵਾਈ ਜਾਵੇ ਤਾਂ ਜੋ ਭਵਿੱਖ ਵਿੱਚ ਕਿਸੇ ਵੀ ਧਾਰਮਿਕ ਅਸਥਾਨ ‘ਤੇ ਅਜਿਹੀ ਘਟਨਾ ਦੁਬਾਰਾ ਨਾ ਵਾਪਰੇ।
