ਗੁਰਬਾਣੀ ਪ੍ਰਸਾਰਣ ਦੇ ਮਾਮਲੇ ‘ਚ CM ਨੂੰ ਮਿਲਿਆ ਕਾਂਗਰਸ ਦਾ ਸਾਥ, ਵੜਿੰਗ ਬੋਲੇ, ਸਾਰੇ ਚੈਨਲਾਂ ਤੋਂ ਹੋਣਾ ਚਾਹੀਦਾ ਇਲਾਹੀ ਬਾਣੀ ਦਾ ਪ੍ਰਸਾਰਣ
Waring on Gurbani: ਪੰਜਾਬ ਦੇ ਸੀਐੱਮ ਭਗਵੰਤ ਮਾਨ ਨੇ ਸਿਰਫ ਇੱਕ ਚੈਨਲ ਤੇ ਹੋ ਰਹੇ ਬਾਣੀ ਦੇ ਪ੍ਰਸਾਰਣ ਨੂੰ ਲੈ ਕੇ ਸਵਾਲ ਚੁੱਕੇ ਸਨ। ਤੇ ਹੁਣ ਪੰਜਾਬ ਕਾਂਗਰਸ ਪ੍ਰਧਾਨ ਨੇ ਵੀ ਸੀਐੱਮ ਮਾਨ ਦਾ ਸਮਰਥਨ ਕੀਤਾ ਹੈ। ਉਨ੍ਹਾਂ ਨੇ ਇਲਜਾਮ ਲਗਾਇਆ ਕਿ ਐੱਸਜੀਪੀਸੀ ਦੇ ਫੈਸਲਿਆਂ ਚ ਅਕਾਲੀ ਦਲ ਬਿਨ੍ਹਾਂ ਕਾਰਨ ਦਖਲ ਅੰਦਾਜ਼ੀ ਕਰਦਾ ਹੈ।
ਪੰਜਾਬ ਨਿਊਜ। ਇਲਾਹੀ ਬਾਣੀ ਦੇ ਪ੍ਰਸਾਰਣ ਦਾ ਹੱਕ ਸਿਰਫ ਇੱਕ ਚੈਨਲ ਨੂੰ ਹੀ ਕਿਉਂ ਇਹ ਸਵਾਲ ਪੰਜਾਬ ਦੇ ਮੁੱਖ ਮੰਤਰੀ ਨੇ ਐੱਸਜੀਪੀਸੀ (SGPC) ‘ਤੇ ਚੁੱਕੇ ਸਨ। ਉਨ੍ਹਾਂ ਨੇ ਕਿਹਾ ਇਹਾਲੀ ਬਾਣੀ ਦਾ ਵਿਸ਼ਵ ਪੱਧਰ ਤੇ ਪ੍ਰਸਾਰਣ ਹੋਣਾ ਚਾਹੀਦਾ ਹੈ ਤੇ ਇਸਦਾ ਹੱਕ ਹੋਰ ਵੀ ਚੈਨਲਾਂ ਨੂੰ ਮਿਲਣਾ ਚਾਹੀਦਾ ਹੈ। ਪੰਜਾਬ ਕਾਂਗਰਸ ਨੇ ਮੁੱਖ ਮੰਤਰੀ ਨੂੰ ਇਸ ਮਾਮਲੇ ਵਿੱਚ ਆਪਣਾ ਸਮਰਥਨ ਦਿੱਤਾ ਹੈ।
ਇਸ ਸਬੰਧ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ (Raja Waring) ਨੇ ਕਿਹਾ ਕਿ ਜੇਕਰ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਜੇਕਰ ਬਾਣੀ ਦੇ ਇੱਕ ਚੈਨਲ ਤੇ ਹੋ ਰਹੇ ਪ੍ਰਸਾਰਣ ਦਾ ਮਾਮਲਾ ਚੁੱਕਿਆ ਹੈ ਤਾਂ ਉਹ ਉਸਦਾ ਸਮਰਥਨ ਕਰਦੇ ਹਨ। ਉਨ੍ਹਾਂ ਕਿਹਾ ਕਿ ਗੁਰਬਾਣੀ ਦਾ ਸਿੱਧਾ ਪ੍ਰਸਾਰਣ ਸਾਰੇ ਟੀ.ਵੀ ਚੈਨਲਾਂ ‘ਤੇ ਹੋਣਾ ਚਾਹੀਦਾ ਹੈ ਨਾ ਕਿ ਸਿਰਫ਼ ਇਕ ਚੈਨਲ ‘ਤੇ।
ਉਨ੍ਹਾਂ ਕਿਹਾ ਕਿ ਇਸ ਨਾਲ ਸ੍ਰੀ ਹਰਿਮੰਦਰ ਸਾਹਿਬ ਨੂੰ ਰੈਵੇਨਿਊ ਮਿਲ ਸਕਦਾ ਹੈ ਕਿਉਂਕਿ ਦੇਸ਼-ਵਿਦੇਸ਼ ਵਿਚ ਬੈਠੇ ਲੋਕ ਵੀ ਇਸ ਦਾ ਸਿੱਧਾ ਪ੍ਰਸਾਰਣ ਦੇਖਣਾ ਚਾਹੁੰਦੇ ਹਨ। ਪਰ ਗੁਰਬਾਣੀ ਦਾ ਪ੍ਰਸਾਰਣ ਸਿਰਫ ਇੱਕ ਚੈਨਲ ਤੇ ਹੀ ਹੋ ਰਿਹਾ ਹੈ।
SGPC ਦੇ ਕੰਮਾਂ ‘ਚ ਦਖਲ ਦਿੰਦਾ ਅਕਾਲੀ ਦਲ-ਵੜਿੰਗ
ਇਸ ਦੌਰਾਨ ਰਾਜਾ ਵੜਿੰਗ ਨੇ ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੇ ਵੀ ਨਿਸ਼ਾਨਾ ਸਾਧਿਆ। ਉਨ੍ਹਾਂ ਨੇ ਕਿਹਾ ਕਿ ਜਦੋਂ ਵੀ ਐਸਜੀਪੀਸੀ ਅਜਿਹਾ ਫੈਸਲਾ ਲੈਣਾ ਚਾਹੁੰਦੀ ਹੈ ਤਾਂ ਅਕਾਲੀ ਦਲ ਬਿਨਾਂ ਸੋਚੇ ਸਮਝੇ ਇਸ ਵਿੱਚ ਦਖਲਅੰਦਾਜ਼ੀ ਕਰਦਾ ਹੈ।
ਉਨ੍ਹਾਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਅਪੀਲ ਕੀਤੀ ਕਿ ਅਜਿਹੇ ਫੈਸਲੇ ਜਥੇਦਾਰ ਸਾਹਿਬ ਅਤੇ ਪ੍ਰਧਾਨ ਵੱਲੋਂ ਲਏ ਜਾਣ ਤਾਂ ਜੋ ਗੁਰਬਾਣੀ ਦਾ ਸਿੱਧਾ ਪ੍ਰਸਾਰਣ ਹੋ ਸਕੇ। ਉਨ੍ਹਾਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੂੰ ਇੱਕ ਹੋਰ ਅਪੀਲ ਕੀਤੀ ਕਿ ਪੰਜਾਬ ਵਿਧਾਨ ਸਭਾ ਵਿੱਚ ਲਾਈਵ ਟੈਲੀਕਾਸਟ ਹੋਣਾ ਚਾਹੀਦਾ ਹੈ ਤਾਂ ਜੋ ਲੋਕਾਂ ਨੂੰ ਪਤਾ ਲੱਗ ਸਕੇ ਕਿ ਜਿਨ੍ਹਾਂ ਲੋਕਾਂ ਨੇ ਉਨ੍ਹਾਂ ਨੂੰ ਚੁਣਕੇ ਵਿਧਾਨ ਸਭਾ ਵਿੱਚ ਭੇਜਿਆ ਹੈ, ਉਨ੍ਹਾਂ ਦੀ ਕਾਰਜਸ਼ੈਲੀ ਦਾ ਵੀ ਸਿੱਧਾ ਪ੍ਰਸਾਰਣ ਕੀਤਾ ਜਾਵੇ।
ਇਹ ਵੀ ਪੜ੍ਹੋ
ਇਹ ਬੋਲੇ ਸਨ ਮੁੱਖ ਮੰਤਰੀ ਪੰਜਾਬ
ਮੁੱਖ ਮੰਤਰੀ ਨੇ ਕਿਹਾ ਕਿ ਸਰਬੱਤ ਦਾ ਭਲਾ ਦੇ ਵਿਸ਼ਵ-ਵਿਆਪੀ ਸੰਦੇਸ਼ ਨੂੰ ਫੈਲਾਉਣ ਦੇ ਉਦੇਸ਼ ਨਾਲ ਇਸ ਦਾ ਵਿਸ਼ਵ ਪੱਧਰ ਤੇ ਪ੍ਰਚਾਰ ਕਰਨਾ ਸਮੇਂ ਦੀ ਮੁੱਖ ਲੋੜ ਹੈ। ਗੁਰਬਾਣੀ ਦੀ ਸਾਰੇ ਸੰਸਾਰ ਨੂੰ ਜਰੂਰਤ ਹੈ ਕਿਉਂਕਿ ਇਸ ਵਿੱਚ ਸਰਵਸਾਂਝੀ ਵਾਲਤਾ ਦਾ ਰਸਤਾ ਦੱਸਿਆ ਗਿਆ ਹੈ।
ਬੜੀ ਹੈਰਾਨੀ ਦੀ ਗੱਲ ਹੈ ਕਿ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਪ੍ਰਸਾਰਣ ਦਾ ਅਧਿਕਾਰ ਸਿਰਫ਼ ਇੱਕ ਚੈਨਲ ਨੂੰ ਦਿੱਤਾ ਗਿਆ ਹੈ। ਭਗਵੰਤ ਮਾਨ ਨੇ ਕਿਹਾ ਕਿ ਇੱਕ ਚੈਨਲ ਤੱਕ ਸੀਮਤ ਰਹਿਣ ਦੀ ਬਜਾਏ ਇਹ ਅਧਿਕਾਰ ਸਾਰੇ ਚੈਨਲਾਂ ਨੂੰ ਮੁਫਤ ਦਿੱਤੇ ਜਾਣ। ਮੁੱਖ ਮੰਤਰੀ ਨੇ ਕਿਹਾ ਕਿ ਇਸ ਉਪਰਾਲੇ ਨਾਲ ਦੇਸ਼-ਵਿਦੇਸ਼ ਦੀਆਂ ਸੰਗਤਾਂ ਨੂੰ ਘਰਾਂ ਵਿਚ ਬੈਠ ਕੇ ਗੁਰਬਾਣੀ ਕੀਰਤਨ ਦਾ ਆਨੰਦ ਮਾਨਣ ਦਾ ਮੌਕਾ ਮਿਲੇਗਾ। ਟੀਵੀ ਰਾਹੀਂ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰ ਸਕਣਗੇ।