ਵਿਦੇਸ਼ ਭੱਜਣ ਦੀਆਂ ਅਫ਼ਵਾਹਾਂ ‘ਤੇ ਮੰਤਰੀ ਮੁੰਡੀਆਂ ਦਾ ਜਵਾਬ, ਰਵਨੀਤ ਬਿੱਟੂ ਤੇ ED ਤੇ ਲਾਏ ਗੰਭੀਰ ਇਲਜ਼ਾਮ

Updated On: 

24 Sep 2026 23:11 PM IST

ਪੰਜਾਬ ਦੇ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਭਾਜਪਾ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਦੇ ਉਸ ਬਿਆਨ ਤੇ ਕਰਾਰਾ ਜਵਾਬ ਦਿੱਤਾ ਹੈ, ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਪ੍ਰਵਰਤਨ ਨਿਰਦੇਸ਼ਾਲਿਆ (ED) ਦੀ ਛਾਪੇਮਾਰੀ ਤੋਂ ਬਾਅਦ ਮੁੰਡੀਆਂ ਵਿਦੇਸ਼ ਫ਼ਰਾਰ ਹੋ ਗਏ ਹਨ।

ਵਿਦੇਸ਼ ਭੱਜਣ ਦੀਆਂ ਅਫ਼ਵਾਹਾਂ ਤੇ ਮੰਤਰੀ ਮੁੰਡੀਆਂ ਦਾ ਜਵਾਬ, ਰਵਨੀਤ ਬਿੱਟੂ ਤੇ ED ਤੇ ਲਾਏ ਗੰਭੀਰ ਇਲਜ਼ਾਮ

ਪੰਜਾਬ ਦੇ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਭਾਜਪਾ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਦੇ ਉਸ ਬਿਆਨ ਤੇ ਕਰਾਰਾ ਜਵਾਬ ਦਿੱਤਾ ਹੈ, ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਪ੍ਰਵਰਤਨ ਨਿਰਦੇਸ਼ਾਲਿਆ (ED) ਦੀ ਛਾਪੇਮਾਰੀ ਤੋਂ ਬਾਅਦ ਮੁੰਡੀਆਂ ਵਿਦੇਸ਼ ਫ਼ਰਾਰ ਹੋ ਗਏ ਹਨ। ਮੰਤਰੀ ਮੁੰਡੀਆਂ ਨੇ ਤਨਜ਼ ਕੱਸਦਿਆਂ ਸਪੱਸ਼ਟ ਕੀਤਾ ਕਿ ਉਹ ਚੰਡੀਗੜ੍ਹ ਦੇ ਸੈਕਟਰ-39 ਸਥਿਤ ਆਮ ਆਦਮੀ ਪਾਰਟੀ ਦੇ ਮੁੱਖ ਦਫ਼ਤਰ ਵਿੱਚ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰ ਰਹੇ ਹਨ, ਅਮਰੀਕਾ ਵਿੱਚ ਬੈਠ ਕੇ ਨਹੀਂ।

ਰਵਨੀਤ ਬਿੱਟੂ ਤੇ ਸਿਆਸੀ ਚੋਟ ਕਰਦਿਆਂ ਹਰਦੀਪ ਸਿੰਘ ਮੁੰਡੀਆਂ ਨੇ ਆਖਿਆ ਕਿ ਚੋਣਾਂ ਵਿੱਚ ਟਿਕਟ ਕੱਟੇ ਜਾਣ ਤੋਂ ਬਾਅਦ ਸ਼ਾਇਦ ਬਿੱਟੂ ਨੇ ਚੰਡੀਗੜ੍ਹ ਰੋਡ ਤੇ ਉਨ੍ਹਾਂ ਦੇ ਘਰ ਨੇੜੇ ਕੋਈ ਨਵੀਂ ਟਰੈਵਲ ਏਜੰਸੀ ਖੋਲ੍ਹ ਲਈ ਹੈ। ਇਸੇ ਕਰਕੇ ਉਨ੍ਹਾਂ ਨੇ ਬਿਨਾਂ ਵਜ੍ਹਾ ਮੇਰੀ ਅਤੇ ਮੇਰੇ ਭਤੀਜੇ ਦੀਆਂ ਵਿਦੇਸ਼ ਜਾਣ ਦੀਆਂ ਟਿਕਟਾਂ ਬੁੱਕ ਕਰਕੇ ਸਾਨੂੰ ਅਮਰੀਕਾ ਭੇਜ ਦਿੱਤਾ। ਉਨ੍ਹਾਂ ਅੱਗੇ ਕਿਹਾ ਕਿ ਬਿੱਟੂ ਨੂੰ ਰਿਸ਼ਤਿਆਂ ਦੀ ਵੀ ਸਮਝ ਨਹੀਂ ਰਹੀ, ਕਿਉਂਕਿ ਉਹ ਮੇਰੇ ਭਤੀਜੇ ਨੂੰ ਭਾਣਜਾ ਦੱਸ ਰਹੇ ਹਨ, ਜਦਕਿ ਗੁਰਪ੍ਰੀਤ ਸਿੰਘ ਉਰਫ਼ ਪ੍ਰਿੰਸ ਸਾਡਾ ਭਤੀਜਾ ਹੈ।

ਜ਼ਿਕਰਯੋਗ ਹੈ ਕਿ ED ਨੇ ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ (GMADA) ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਦੇ ਹਿੱਸੇ ਵਜੋਂ ਮੰਤਰੀ ਦੇ ਭਤੀਜੇ ਗੁਰਪ੍ਰੀਤ ਸਿੰਘ ਉਰਫ਼ ਪ੍ਰਿੰਸ ਦੇ ਸਾਹਨੇਵਾਲ ਸਥਿਤ ਘਰ ਦੀ ਬਾਰੀਕੀ ਨਾਲ ਤਲਾਸ਼ੀ ਲਈ ਸੀ।

ਪਰਿਵਾਰ ਦੇ ਮੈਂਬਰਾਂ ਨੂੰ ਘੰਟਿਆਂ ਬੱਧੀ ਕੀਤਾ ਗਿਆ ਪ੍ਰੇਸ਼ਾਨ: ਮੁੰਡੀਆਂ

ED ਦੀ ਇਸ ਕਾਰਵਾਈ ਤੇ ਸਖ਼ਤ ਇਤਰਾਜ਼ ਜਤਾਉਂਦਿਆਂ ਮੁੰਡੀਆਂ ਨੇ ਦੋਸ਼ ਲਾਇਆ ਕਿ ਜਾਂਚ ਏਜੰਸੀ ਦੇ ਅਧਿਕਾਰੀਆਂ ਨੇ ਪ੍ਰਿੰਸ ਦੇ ਘਰ ਅੰਦਰ ਪਰਿਵਾਰਕ ਜੀਆਂ ਨੂੰ ਬੇਹੱਦ ਮਾਨਸਿਕ ਤਸ਼ੱਦਦ ਦਿੱਤਾ। ਉਨ੍ਹਾਂ ਦੱਸਿਆ ਕਿ ਛਾਪੇਮਾਰੀ ਦੌਰਾਨ ਘਰ ਵਿੱਚ ਪ੍ਰਿੰਸ ਦੀ ਮਾਤਾ, ਪਤਨੀ, ਸਾਲੇਹਾਰ ਅਤੇ ਮਹਿਜ਼ ਤਿੰਨ ਸਾਲ ਦੀ ਮਾਸੂਮ ਬੱਚੀ ਮੌਜੂਦ ਸਨ। ਉਨ੍ਹਾਂ ਮੁਤਾਬਕ, ਸਵੇਰੇ ਕਰੀਬ 11 ਵਜੇ ਤੋਂ ਲੈ ਕੇ ਦੇਰ ਰਾਤ 3 ਵਜੇ ਤੱਕ ਘਰ ਵਿੱਚ ਲਗਾਤਾਰ ਛਾਪੇਮਾਰੀ ਤੇ ਤਲਾਸ਼ੀ ਅਭਿਆਨ ਚਲਾਇਆ ਗਿਆ।

ਮੁੰਡੀਆਂ ਨੇ ਗੰਭੀਰ ਦੋਸ਼ ਲਾਇਆ ਕਿ ਪਰਿਵਾਰ ਦੇ ਮੈਂਬਰਾਂ ਕੋਲੋਂ ਬੇਤੁਕੇ ਸਵਾਲ ਪੁੱਛੇ ਗਏ, ਜਿਵੇਂ ਕਿ ਉਹ ਮੰਤਰੀ ਨਾਲ ਕਦੋਂ ਤੋਂ ਜੁੜੇ ਹਨ ਅਤੇ ਉਨ੍ਹਾਂ ਨੂੰ ਇਸ ਬਦਲੇ ਕਿੰਨੇ ਪੈਸੇ ਮਿਲਦੇ ਹਨ। ਉਨ੍ਹਾਂ ਕਿਹਾ ਕਿ ਪ੍ਰਿੰਸ ਦੀ ਤਨਖ਼ਾਹ ਤੱਕ ਦੇ ਵੇਰਵੇ ਮੰਗੇ ਗਏ ਅਤੇ ਇਹ ਵੀ ਪੁੱਛਿਆ ਗਿਆ ਕਿ ਇੰਨੀ ਤਨਖ਼ਾਹ ਵਿੱਚ ਪਰਿਵਾਰ ਦਾ ਗੁਜ਼ਾਰਾ ਕਿਵੇਂ ਚੱਲਦਾ ਹੈ।

ਗਰਭਵਤੀ ਔਰਤ ਨੂੰ ਸਾਢੇ 4 ਘੰਟੇ ਖੜ੍ਹਾ ਰੱਖਣ ਦਾ ਦੋਸ਼

ਕੈਬਨਿਟ ਮੰਤਰੀ ਨੇ ਕੇਂਦਰੀ ਏਜੰਸੀ ਦੇ ਵਤੀਰੇ ਦੀ ਨਿੰਦਾ ਕਰਦਿਆਂ ਕਿਹਾ ਕਿ ਜਾਂਚ ਅਧਿਕਾਰੀਆਂ ਨੇ ਪ੍ਰਿੰਸ ਦੀ ਬਜ਼ੁਰਗ ਮਾਤਾ ਨੂੰ ਕਿਹਾ ਕਿ ਉਹ ਆਪਣੇ ਪੁੱਤਰ ਨੂੰ ਸਮਝਾਉਣ ਕਿ ਉਹ ਮੰਤਰੀ ਦਾ ਸਾਥ ਛੱਡ ਦੇਵੇ ਜਾਂ ਫਿਰ ਮੰਤਰੀ ਖ਼ੁਦ ਆਮ ਆਦਮੀ ਪਾਰਟੀ ਛੱਡ ਦੇਣ। ਇਸ ਤੋਂ ਇਲਾਵਾ ਉਨ੍ਹਾਂ ਦਿਲ ਕੰਬਾਊ ਖ਼ੁਲਾਸਾ ਕਰਦਿਆਂ ਦਾਅਵਾ ਕੀਤਾ ਕਿ ਪ੍ਰਿੰਸ ਦੀ ਪਤਨੀ ਗਰਭਵਤੀ ਹੈ, ਪਰ ਜਾਂਚ ਟੀਮ ਨੇ ਉਸ ਦੀ ਹਾਲਤ ਦੀ ਪਰਵਾਹ ਕੀਤੇ ਬਿਨਾਂ ਉਸ ਨੂੰ ਲਗਾਤਾਰ ਸਾਢੇ ਚਾਰ ਘੰਟੇ ਖੜ੍ਹਾ ਰੱਖਿਆ।

ਹਰਦੀਪ ਸਿੰਘ ਮੁੰਡੀਆਂ ਨੇ ਇਹ ਵੀ ਦੋਸ਼ ਲਾਇਆ ਕਿ ਘਰ ਵਿੱਚ ਮੌਜੂਦ ਛੋਟੇ ਬੱਚੇ ਦੀ ਮਾਂ ਨੂੰ ਆਪਣੇ ਦੁੱਧ ਚੁੰਘਦੇ ਬੱਚੇ ਨੂੰ ਦੁੱਧ ਤੱਕ ਨਹੀਂ ਪਿਲਾਉਣ ਦਿੱਤਾ ਗਿਆ ਅਤੇ ਪਰਿਵਾਰ ਦੀ ਇੱਕ ਵਿਧਵਾ ਮਹਿਲਾ ਮੈਂਬਰ ਨੂੰ ਵੀ ਜਾਂਚ ਦੇ ਨਾਂ ਤੇ ਬੇਵਜ੍ਹਾ ਜ਼ਲੀਲ ਤੇ ਪ੍ਰੇਸ਼ਾਨ ਕੀਤਾ ਗਿਆ।

Loading...
Unable to load recommendations.
Follow Us