ਲੁਧਿਆਣਾ ਪਹੁੰਚੀ BJP ਦੀ ਨਸ਼ਾ ਵਿਰੋਧੀ ਯਾਤਰਾ, ਹਰਭਜਨ ਸਿੰਘ ਨੇ ਭਰੀ ਹੁੰਕਾਰ; ਬੋਲੇ- ‘ਨੌਜਵਾਨਾਂ ਨੂੰ ਬਚਾਉਣ ਲਈ ਇਕਜੁੱਟ ਹੋਣਾ ਲਾਜ਼ਮੀ’
ਪੰਜਾਬ ਵਿੱਚ ਨਸ਼ਿਆਂ ਦੇ ਮੁਕੰਮਲ ਖ਼ਾਤਮੇ ਅਤੇ ਲੋਕਾਂ ਨੂੰ ਸੁਚੇਤ ਕਰਨ ਦੇ ਮਕਸਦ ਨਾਲ ਭਾਰਤੀ ਜਨਤਾ ਪਾਰਟੀ (ਭਾਜਪਾ) ਵੱਲੋਂ ਵਿੱਢੀ ਗਈ ਨਸ਼ਾ ਵਿਰੋਧੀ ਮੁਹਿੰਮ ਤਹਿਤ ਕੱਢੀ ਜਾ ਰਹੀ ਜਾਗਰੂਕਤਾ ਰੈਲੀ ਦਾ ਵਿਸ਼ਾਲ ਕਾਫ਼ਲਾ ਅੱਜ ਵਿਧਾਨ ਸਭਾ ਹਲਕਾ ਗਿੱਲ ਵਿਖੇ ਪਹੁੰਚਿਆ। ਇਸ ਵਿਸ਼ੇਸ਼ ਰੈਲੀ ਵਿੱਚ ਉੱਘੇ ਸਾਬਕਾ ਭਾਰਤੀ ਕ੍ਰਿਕਟਰ ਹਰਭਜਨ ਸਿੰਘ ਭੱਜੀ ਨੇ ਉਚੇਚੇ ਤੌਰ ਤੇ ਸ਼ਿਰਕਤ ਕੀਤੀ ਅਤੇ ਪੇਂਡੂ ਖੇਤਰਾਂ ਦੇ ਲੋਕਾਂ ਤੇ ਖ਼ਾਸ ਕਰਕੇ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਖ਼ਿਲਾਫ਼ ਲਾਮਬੰਦ ਹੋਣ ਦਾ ਸੁਨੇਹਾ ਦਿੱਤਾ।

ਨਸ਼ਿਆਂ ਦੀ ਦਲਦਲ ਤੇ ਹਰਭਜਨ ਸਿੰਘ ਭੱਜੀ ਦਾ ਵੱਡਾ ਬਿਆਨ
ਰੈਲੀ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਸਾਬਕਾ ਕ੍ਰਿਕਟਰ ਹਰਭਜਨ ਸਿੰਘ ਭੱਜੀ ਨੇ ਕਿਹਾ ਕਿ ਪੰਜਾਬ ਦੀ ਜਵਾਨੀ ਅਤੇ ਭਵਿੱਖ ਨੂੰ ਬਚਾਉਣ ਲਈ ਨਸ਼ਿਆਂ ਦਾ ਜੜ੍ਹੋਂ ਖ਼ਾਤਮਾ ਕਰਨਾ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਇਹ ਕਿਸੇ ਇੱਕ ਧਿਰ ਜਾਂ ਵਿਅਕਤੀ ਦੀ ਲੜਾਈ ਨਹੀਂ, ਸਗੋਂ ਸਮੁੱਚੇ ਸਮਾਜ ਨੂੰ ਇਕਜੁੱਟ ਹੋ ਕੇ ਇਸ ਕੋਹੜ ਵਿਰੁੱਧ ਜ਼ੋਰਦਾਰ ਹੰਭਲਾ ਮਾਰਨਾ ਪਵੇਗਾ। ਸੂਬੇ ਵਿੱਚ ਫੈਲੇ ਨਸ਼ਿਆਂ ਦੇ ਜਾਲ ਤੇ ਚਿੰਤਾ ਜ਼ਾਹਰ ਕਰਦਿਆਂ ਉਨ੍ਹਾਂ ਕਿਹਾ ਕਿ ਜੋ ਨੌਜਵਾਨ ਰੋਜ਼ਗਾਰ ਜਾਂ ਪੜ੍ਹਾਈ ਦੇ ਸਿਲਸਿਲੇ ਵਿੱਚ ਵਿਦੇਸ਼ਾਂ ਵੱਲ ਚਲੇ ਗਏ ਹਨ, ਉਹ ਤਾਂ ਕਿਸੇ ਹੱਦ ਤੱਕ ਇਸ ਨਸ਼ੇ ਦੀ ਮਾਰ ਤੋਂ ਬਚ ਗਏ, ਪਰ ਜੋ ਨੌਜਵਾਨ ਪੰਜਾਬ ਵਿੱਚ ਰਹਿ ਰਹੇ ਹਨ, ਉਹ ਨਸ਼ਿਆਂ ਦੀ ਭਿਆਨਕ ਦਲਦਲ ਵਿੱਚ ਧਸ ਕੇ ਬਰਬਾਦ ਅਤੇ ਖ਼ਤਮ ਹੋ ਰਹੇ ਹਨ।
ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਜਾਗਰੂਕ ਕਰਨ ਦਾ ਅਹਿਦ
ਹਰਭਜਨ ਭੱਜੀ ਨੇ ਭਾਜਪਾ ਵੱਲੋਂ ਆਰੰਭੀ ਗਈ ਇਸ ਮੁਹਿੰਮ ਦੀ ਸ਼ਲਾਘਾ ਕਰਦਿਆਂ ਆਖਿਆ ਕਿ ਪਾਰਟੀ ਵੱਲੋਂ ਪਿੰਡ-ਪਿੰਡ ਜਾ ਕੇ ਆਮ ਲੋਕਾਂ ਅਤੇ ਨੌਜਵਾਨਾਂ ਨੂੰ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ, ਜੋ ਕਿ ਇੱਕ ਸ਼ਲਾਘਾਯੋਗ ਕਦਮ ਹੈ। ਉਨ੍ਹਾਂ ਪਰਿਵਾਰਾਂ ਅਤੇ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਦੀ ਗ੍ਰਿਫ਼ਤ ਵਿੱਚ ਆਏ ਨੌਜਵਾਨਾਂ ਨੂੰ ਸਹੀ ਰਾਹ ਦਿਖਾਉਣ ਅਤੇ ਨਸ਼ਾ ਤਸਕਰਾਂ ਵਿਰੁੱਧ ਆਵਾਜ਼ ਬੁਲੰਦ ਕਰਨ ਵਿੱਚ ਆਪਣਾ ਸਰਗਰਮ ਯੋਗਦਾਨ ਪਾਉਣ।
ਭਾਜਪਾ ਦਿਹਾਤੀ ਪ੍ਰਧਾਨ ਅਤੇ ਸੀਨੀਅਰ ਲੀਡਰਸ਼ਿਪ ਦੀ ਮੌਜੂਦਗੀ
ਇਸ ਮੌਕੇ ਹਲਕਾ ਗਿੱਲ ਵਿੱਚ ਕੱਢੀ ਗਈ ਇਸ ਨਸ਼ਾ ਵਿਰੋਧੀ ਰੈਲੀ ਵਿੱਚ ਪਾਰਟੀ ਦੀ ਸਮੁੱਚੀ ਸੀਨੀਅਰ ਲੀਡਰਸ਼ਿਪ ਦੇ ਨਾਲ-ਨਾਲ ਭਾਜਪਾ ਜ਼ਿਲ੍ਹਾ ਦਿਹਾਤੀ ਦੇ ਪ੍ਰਧਾਨ ਗਗਨਦੀਪ ਸਿੰਘ ਸੰਨੀ ਕੈਂਥ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ। ਸੰਨੀ ਕੈਂਥ ਨੇ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਸਮੁੱਚੀ ਲੀਡਰਸ਼ਿਪ ਦੀ ਸਾਂਝੀ ਅਗਵਾਈ ਹੇਠ ਹਲਕਾ ਗਿੱਲ ਵਿੱਚ ਨਸ਼ਿਆਂ ਖ਼ਿਲਾਫ਼ ਜ਼ੋਰਦਾਰ ਮੁਹਿੰਮ ਚਲਾਈ ਗਈ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦਾ ਮੁੱਖ ਮਕਸਦ ਪੰਜਾਬ ਦੇ ਹਰ ਘਰ ਅਤੇ ਹਰ ਪਿੰਡ ਤੱਕ ਪਹੁੰਚ ਕੇ ਨਸ਼ਾ ਮੁਕਤ ਪੰਜਾਬ ਦੀ ਸਿਰਜਣਾ ਕਰਨਾ ਹੈ ਅਤੇ ਇਹ ਸੰਘਰਸ਼ ਉਦੋਂ ਤੱਕ ਨਿਰੰਤਰ ਜਾਰੀ ਰਹੇਗਾ ਜਦੋਂ ਤੱਕ ਸੂਬੇ ਵਿੱਚੋਂ ਨਸ਼ੇ ਦੇ ਕਾਰੋਬਾਰ ਨੂੰ ਪੂਰੀ ਤਰ੍ਹਾਂ ਨੱਥ ਨਹੀਂ ਪੈ ਜਾਂਦੀ।