ਮੋਗਾ ‘ਚ ਡਰੱਗ ਵਿਭਾਗ ਤੇ ਪੁਲਿਸ ਦਾ ਸਾਂਝਾ ਆਪ੍ਰੇਸ਼ਨ, ਮੈਡੀਕਲ ਸਟੋਰਾਂ ‘ਤੇ ਕੀਤੀ ਛਾਪੇਮਾਰੀ; ਦੁਕਾਨ ਬੰਦ ਕਰਕੇ ਭੱਜਿਆ ਸੰਚਾਲਕ
ਪਰਵਿੰਦਰ ਸਿੰਘ ਝੋਟਾ ਕਤਲ ਕਾਂਡ ਤੋਂ ਬਾਅਦ ਜ਼ਿਲ੍ਹਾ ਮੋਗਾ ਵਿੱਚ ਨਸ਼ੀਲੇ ਪਦਾਰਥਾਂ ਅਤੇ ਕਥਿਤ ਗ਼ੈਰ-ਕਾਨੂੰਨੀ ਦਵਾਈਆਂ ਦੇ ਕਾਰੋਬਾਰ 'ਤੇ ਸ਼ਿਕੰਜਾ ਕੱਸਣ ਲਈ ਸਿਵਲ ਤੇ ਪੁਲਿਸ ਪ੍ਰਸ਼ਾਸਨ ਨੇ ਚੌਕਸੀ ਅਤੇ ਸਖ਼ਤੀ ਵਧਾ ਦਿੱਤੀ ਹੈ। ਇਸੇ ਕੜੀ ਤਹਿਤ ਸ਼ੁੱਕਰਵਾਰ ਨੂੰ ਸਿਹਤ ਵਿਭਾਗ ਦੇ ਡਰੱਗ ਵਿੰਗ, ਪੁਲਿਸ ਪ੍ਰਸ਼ਾਸਨ ਅਤੇ ਸਿਵਲ ਅਧਿਕਾਰੀਆਂ ਦੀ ਇੱਕ ਉੱਚ-ਪੱਧਰੀ ਸਾਂਝੀ ਟੀਮ ਨੇ ਸ਼ਹਿਰ ਦੇ ਵੱਖ-ਵੱਖ ਸੰਵੇਦਨਸ਼ੀਲ ਇਲਾਕਿਆਂ ਵਿੱਚ ਮੈਡੀਕਲ ਸਟੋਰਾਂ 'ਤੇ ਅਚਨਚੇਤ ਚੈਕਿੰਗ ਮੁਹਿੰਮ ਚਲਾਈ।
ਪਰਵਿੰਦਰ ਸਿੰਘ ਝੋਟਾ ਕਤਲ ਕਾਂਡ ਤੋਂ ਬਾਅਦ ਜ਼ਿਲ੍ਹਾ ਮੋਗਾ ਵਿੱਚ ਨਸ਼ੀਲੇ ਪਦਾਰਥਾਂ ਅਤੇ ਕਥਿਤ ਗ਼ੈਰ-ਕਾਨੂੰਨੀ ਦਵਾਈਆਂ ਦੇ ਕਾਰੋਬਾਰ ‘ਤੇ ਸ਼ਿਕੰਜਾ ਕੱਸਣ ਲਈ ਸਿਵਲ ਤੇ ਪੁਲਿਸ ਪ੍ਰਸ਼ਾਸਨ ਨੇ ਚੌਕਸੀ ਅਤੇ ਸਖ਼ਤੀ ਵਧਾ ਦਿੱਤੀ ਹੈ। ਇਸੇ ਕੜੀ ਤਹਿਤ ਸ਼ੁੱਕਰਵਾਰ ਨੂੰ ਸਿਹਤ ਵਿਭਾਗ ਦੇ ਡਰੱਗ ਵਿੰਗ, ਪੁਲਿਸ ਪ੍ਰਸ਼ਾਸਨ ਅਤੇ ਸਿਵਲ ਅਧਿਕਾਰੀਆਂ ਦੀ ਇੱਕ ਉੱਚ-ਪੱਧਰੀ ਸਾਂਝੀ ਟੀਮ ਨੇ ਸ਼ਹਿਰ ਦੇ ਵੱਖ-ਵੱਖ ਸੰਵੇਦਨਸ਼ੀਲ ਇਲਾਕਿਆਂ ਵਿੱਚ ਮੈਡੀਕਲ ਸਟੋਰਾਂ ‘ਤੇ ਅਚਨਚੇਤ ਚੈਕਿੰਗ ਮੁਹਿੰਮ ਚਲਾਈ।
ਇਸ ਮੁਹਿੰਮ ਦੌਰਾਨ ਕੱਚਾ ਦੁਸਾਂਝ ਰੋਡ ਨੇੜੇ ਸਥਿਤ ‘ਗੁਰੂ ਨਾਨਕ ਮੈਡੀਕਲ ਸਟੋਰ’ ਨੂੰ ਮੌਕੇ ‘ਤੇ ਹੀ ਪ੍ਰਸ਼ਾਸਨ ਵੱਲੋਂ ਸੀਲ ਕਰ ਦਿੱਤਾ ਗਿਆ। ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਆਉਣ ਵਾਲੇ ਦਿਨਾਂ ਅੰਦਰ ਵੀ ਇਹ ਤਲਾਸ਼ੀ ਮੁਹਿੰਮ ਨਿਰੰਤਰ ਜਾਰੀ ਰਹੇਗੀ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਜ਼ੀਰੋ ਟਾਲਰੈਂਸ ਨੀਤੀ ਤਹਿਤ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਦੁਕਾਨਦਾਰ ਨੇ ਫ਼ੋਨ ਕੀਤਾ ਬੰਦ, ਨੋਟਿਸ ਚਿਪਕਾ ਕੇ ਕੀਤੀ ਗਈ ਸੀਲਿੰਗ
ਪ੍ਰਾਪਤ ਵੇਰਵਿਆਂ ਅਨੁਸਾਰ, ਜ਼ਿਲ੍ਹਾ ਪ੍ਰਸ਼ਾਸਨ ਨੂੰ ਗੁਪਤ ਸੂਤਰਾਂ ਰਾਹੀਂ ਸ਼ਹਿਰ ਦੇ ਕੁਝ ਮੈਡੀਕਲ ਸਟੋਰਾਂ ਬਾਰੇ ਪੁਖ਼ਤਾ ਇਨਪੁਟਸ ਮਿਲੇ ਸਨ ਕਿ ਉੱਥੇ ਕਥਿਤ ਤੌਰ ‘ਤੇ ਨਸ਼ੀਲੀਆਂ ਅਤੇ ਗ਼ੈਰ-ਕਾਨੂੰਨੀ ਦਵਾਈਆਂ ਦੀ ਵਿਕਰੀ ਸਮੇਤ ਸ਼ੱਕੀ ਗਤੀਵਿਧੀਆਂ ਚੱਲ ਰਹੀਆਂ ਹਨ। ਇਨ੍ਹਾਂ ਸੂਚਨਾਵਾਂ ਦੇ ਆਧਾਰ ‘ਤੇ ਡਰੱਗ ਇੰਸਪੈਕਟਰ ਸੋਨੀਆ ਗੁਪਤਾ ਨੇ ਐੱਸਡੀਐੱਮ ਅਤੇ ਸੀਨੀਅਰ ਪੁਲਿਸ ਅਧਿਕਾਰੀਆਂ ਨਾਲ ਤਾਲਮੇਲ ਕਰਕੇ ਸਾਂਝੀ ਚੈਕਿੰਗ ਟੀਮ ਦਾ ਗਠਨ ਕੀਤਾ। ਜਦੋਂ ਇਹ ਜਾਂਚ ਟੀਮ ਕੱਚਾ ਦੁਸਾਂਝ ਰੋਡ ‘ਤੇ ਸਥਿਤ ਗੁਰੂ ਨਾਨਕ ਮੈਡੀਕਲ ਸਟੋਰ ‘ਤੇ ਪਹੁੰਚੀ ਤਾਂ ਦੁਕਾਨ ਪਹਿਲਾਂ ਹੀ ਬੰਦ ਪਾਈ ਗਈ। ਡਰੱਗ ਇੰਸਪੈਕਟਰ ਅਨੁਸਾਰ ਸਟੋਰ ਸੰਚਾਲਕ ਜਗਸੀਰ ਸਿੰਘ ਨਾਲ ਕਈ ਵਾਰ ਟੈਲੀਫ਼ੋਨ ਰਾਹੀਂ ਸੰਪਰਕ ਸਾਧਣ ਦਾ ਯਤਨ ਕੀਤਾ ਗਿਆ, ਪਰ ਉਸ ਦਾ ਮੋਬਾਈਲ ਫ਼ੋਨ ਬੰਦ ਆ ਰਿਹਾ ਸੀ। ਆਖ਼ਰਕਾਰ ਪ੍ਰਸ਼ਾਸਨਿਕ ਟੀਮ ਨੇ ਕਾਨੂੰਨੀ ਪ੍ਰਕਿਰਿਆ ਦੀ ਪਾਲਣਾ ਕਰਦਿਆਂ ਦੁਕਾਨ ਦੇ ਬਾਹਰ ਨੋਟਿਸ ਚਿਪਕਾ ਦਿੱਤਾ ਅਤੇ ਸਟੋਰ ਨੂੰ ਸੀਲ ਕਰ ਦਿੱਤਾ।
ਦੁਕਾਨ ਮਾਲਕ ਨੂੰ ਪੱਖ ਰੱਖਣ ਦਾ ਮੌਕਾ
ਡਰੱਗ ਇੰਸਪੈਕਟਰ ਸੋਨੀਆ ਗੁਪਤਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਬੰਧਤ ਮੈਡੀਕਲ ਸਟੋਰ ਦੇ ਮਾਲਕ ਨੂੰ ਰਸਮੀ ਨੋਟਿਸ ਜਾਰੀ ਕਰਕੇ ਨਿਰਧਾਰਤ ਸਮੇਂ ਅੰਦਰ ਹਾਜ਼ਰ ਹੋਣ, ਦੁਕਾਨ ਵਿੱਚ ਪਏ ਸਟਾਕ ਦੀ ਜਾਂਚ ਕਰਵਾਉਣ ਅਤੇ ਆਪਣਾ ਪੱਖ ਪੇਸ਼ ਕਰਨ ਦਾ ਮੌਕਾ ਦਿੱਤਾ ਜਾ ਰਿਹਾ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਦਿੱਤੇ ਗਏ ਸਮੇਂ ਅੰਦਰ ਦੁਕਾਨਦਾਰ ਜਾਂਚ ਪ੍ਰਕਿਰਿਆ ਵਿੱਚ ਸਹਿਯੋਗ ਨਹੀਂ ਦਿੰਦਾ ਜਾਂ ਗ਼ੈਰ-ਹਾਜ਼ਰ ਰਹਿੰਦਾ ਹੈ, ਤਾਂ ਡਰੱਗਜ਼ ਐਂਡ ਕਾਸਮੈਟਿਕਸ ਐਕਟ ਦੇ ਨਿਯਮਾਂ ਅਨੁਸਾਰ ਅਗਲੇਰੀ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਉਨ੍ਹਾਂ ਅੱਗੇ ਖ਼ੁਲਾਸਾ ਕੀਤਾ ਕਿ ਇਸ ਤੋਂ ਪਹਿਲਾਂ ਵੀ ਮੋਗਾ ਬੱਸ ਸਟੈਂਡ ਨੇੜੇ ਇੱਕ ਸ਼ੱਕੀ ਮੈਡੀਕਲ ਸਟੋਰ ‘ਤੇ ਛਾਪੇਮਾਰੀ ਕੀਤੀ ਗਈ ਸੀ, ਜਿੱਥੋਂ ਗ਼ੈਰ-ਕਾਨੂੰਨੀ ਦਵਾਈਆਂ ਦੀ ਬਰਾਮਦਗੀ ਹੋਣ ਉਪਰੰਤ ਉਕਤ ਦੁਕਾਨ ਦਾ ਲਾਇਸੈਂਸ ਤੁਰੰਤ ਰੱਦ ਕਰ ਦਿੱਤਾ ਗਿਆ ਸੀ ਅਤੇ ਦੋਸ਼ੀਆਂ ਖ਼ਿਲਾਫ਼ ਐੱਨਡੀਪੀਐੱਸ (NDPS) ਐਕਟ ਤਹਿਤ ਅਪਰਾਧਿਕ ਮਾਮਲਾ ਦਰਜ ਕਰਵਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਡਰੱਗ ਵਿਭਾਗ ਪਿਛਲੇ ਕਾਫ਼ੀ ਸਮੇਂ ਤੋਂ ਨਸ਼ੀਲੀਆਂ ਦਵਾਈਆਂ ਦੇ ਗ਼ੈਰ-ਕਾਨੂੰਨੀ ਵਪਾਰ ਵਿਰੁੱਧ ਲਗਾਤਾਰ ਛਾਪੇਮਾਰੀ ਅਤੇ ਬਰਾਮਦਗੀ ਦੀ ਕਾਰਵਾਈ ਨੂੰ ਅੰਜਾਮ ਦੇ ਰਿਹਾ ਹੈ।
ਇਹ ਵੀ ਪੜ੍ਹੋ
ਗ਼ੈਰ-ਕਾਨੂੰਨੀ ਕਾਰੋਬਾਰੀਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ: SDM ਸਤਵਿੰਦਰ ਸਿੰਘ
ਮੁਹਿੰਮ ਸਬੰਧੀ ਜਾਣਕਾਰੀ ਦਿੰਦਿਆਂ ਐੱਸਡੀਐੱਮ ਸਤਵਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਉੱਚ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਨਸ਼ਿਆਂ ਦੇ ਮੁਕੰਮਲ ਖ਼ਾਤਮੇ ਅਤੇ ਸਮਾਜ ਵਿਰੋਧੀ ਅਨਸਰਾਂ ‘ਤੇ ਸਖ਼ਤੀ ਕਰਨ ਦੇ ਸਪੱਸ਼ਟ ਹੁਕਮ ਹਨ। ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਗੁਪਤ ਜਾਣਕਾਰੀਆਂ ਦੇ ਆਧਾਰ ‘ਤੇ ਸ਼ਹਿਰ ਅੰਦਰ ਨਿਗਰਾਨੀ ਵਧਾ ਕੇ ਵੱਖ-ਵੱਖ ਸ਼ੱਕੀ ਟਿਕਾਣਿਆਂ ਦੀ ਤਲਾਸ਼ੀ ਲਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਿੱਥੇ ਕਿਤੇ ਵੀ ਨਿਯਮਾਂ ਦੀ ਉਲੰਘਣਾ ਜਾਂ ਨਸ਼ੀਲੀਆਂ ਦਵਾਈਆਂ ਦਾ ਕਾਰੋਬਾਰ ਸਾਹਮਣੇ ਆਇਆ, ਉੱਥੇ ਕਾਨੂੰਨ ਅਨੁਸਾਰ ਬਿਨਾਂ ਕਿਸੇ ਲਿਹਾਜ਼ ਦੇ ਕਾਰਵਾਈ ਕੀਤੀ ਜਾਵੇਗੀ। ਐੱਸਡੀਐੱਮ ਨੇ ਆਮ ਜਨਤਾ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਕੋਲ ਨਸ਼ਿਆਂ ਜਾਂ ਗ਼ੈਰ-ਕਾਨੂੰਨੀ ਦਵਾਈਆਂ ਦੀ ਵਿਕਰੀ ਸਬੰਧੀ ਕੋਈ ਵੀ ਭਰੋਸੇਯੋਗ ਸੂਚਨਾ ਹੋਵੇ ਤਾਂ ਉਹ ਤੁਰੰਤ ਪੁਲਿਸ, ਡਰੱਗ ਵਿਭਾਗ ਜਾਂ ਸਿਵਲ ਪ੍ਰਸ਼ਾਸਨ ਨੂੰ ਸੂਚਿਤ ਕਰਨ ਤਾਂ ਜੋ ਸਮੇਂ ਸਿਰ ਸਖ਼ਤ ਕਦਮ ਚੁੱਕੇ ਜਾ ਸਕਣ।
ਨਸ਼ਾ ਵਿਰੋਧੀ ਮੁਹਿੰਮ ਜਾਰੀ ਰਹੇਗੀ: DSP
ਡੀਐੱਸਪੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਮੁਖੀ (ਐੱਸਐੱਸਪੀ) ਸਰਤਾਜ ਸਿੰਘ ਚਾਹਲ ਅਤੇ ਉੱਚ ਪੁਲਿਸ ਅਧਿਕਾਰੀਆਂ ਦੀ ਅਗਵਾਈ ਹੇਠ ਜ਼ਿਲ੍ਹੇ ਵਿੱਚ ਨਸ਼ਿਆਂ ਖ਼ਿਲਾਫ਼ ਵਿਸ਼ੇਸ਼ ਮੁਹਿੰਮ ਵਿੱਢੀ ਗਈ ਹੈ। ਇਸੇ ਤਹਿਤ ਡਰੱਗ ਵਿਭਾਗ ਅਤੇ ਸਿਵਲ ਪ੍ਰਸ਼ਾਸਨ ਦੀਆਂ ਟੀਮਾਂ ਨਾਲ ਸਾਂਝੇ ਤੌਰ ‘ਤੇ ਮੈਡੀਕਲ ਸਟੋਰਾਂ ਦੀ ਪੜਤਾਲ ਕੀਤੀ ਜਾ ਰਹੀ ਹੈ। ਉਨ੍ਹਾਂ ਸਖ਼ਤ ਸ਼ਬਦਾਂ ਵਿੱਚ ਕਿਹਾ ਕਿ ਜਿਹੜੇ ਮੈਡੀਕਲ ਸਟੋਰ ਸੰਚਾਲਕ ਕਥਿਤ ਤੌਰ ‘ਤੇ ਗ਼ੈਰ-ਕਾਨੂੰਨੀ ਕੰਮਾਂ ਵਿੱਚ ਸ਼ਾਮਲ ਹਨ ਜਾਂ ਜਾਂਚ ਤੋਂ ਬਚਣ ਲਈ ਦੁਕਾਨਾਂ ਬੰਦ ਕਰਕੇ ਭੱਜ ਰਹੇ ਹਨ, ਉਨ੍ਹਾਂ ਦੇ ਰਿਕਾਰਡ ਦੀ ਡੂੰਘਾਈ ਨਾਲ ਪੜਤਾਲ ਕੀਤੀ ਜਾਵੇਗੀ। ਤੱਥ ਸਾਹਮਣੇ ਆਉਣ ਤੋਂ ਬਾਅਦ ਕਿਸੇ ਵੀ ਦੋਸ਼ੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ।
ਪ੍ਰਸ਼ਾਸਨ ਅਤੇ ਪੁਲਿਸ ਦੀ ਇਸ ਵੱਡੀ ਸਾਂਝੀ ਕਾਰਵਾਈ ਤੋਂ ਬਾਅਦ ਸ਼ਹਿਰ ਦੇ ਮੈਡੀਕਲ ਕਾਰੋਬਾਰੀਆਂ ਅੰਦਰ ਭਾਰੀ ਹਲਚਲ ਦੇਖਣ ਨੂੰ ਮਿਲ ਰਹੀ ਹੈ। ਅਧਿਕਾਰੀਆਂ ਨੇ ਦੋ ਟੂਕ ਕਿਹਾ ਹੈ ਕਿ ਇਹ ਜਾਂਚ ਮੁਹਿੰਮ ਆਉਣ ਵਾਲੇ ਦਿਨਾਂ ਵਿੱਚ ਹੋਰ ਤੇਜ਼ ਕੀਤੀ ਜਾਵੇਗੀ ਅਤੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲੀ ਕਿਸੇ ਵੀ ਗ਼ੈਰ-ਕਾਨੂੰਨੀ ਗਤੀਵਿਧੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
