ਗੁਰਦਾਸਪੁਰ ‘ਚ ਬੇਕਾਬੂ ਟਰਾਲੇ ਦਾ ਕਹਿਰ; ਨੌਜਵਾਨ ਨੂੰ 500 ਮੀਟਰ ਤੱਕ ਘਸੀਟਿਆ, ਹਾਦਸੇ ‘ਚ 3 ਮੌਤਾਂ
ਗੁਰਦਾਸਪੁਰ 'ਚ ਇੱਕ ਟਰੱਕ ਨੇ ਕਰੀਬ 500 ਮੀਟਰ ਤੱਕ ਇੱਕ ਨੌਜਵਾਨ ਨੂੰ ਘਸੀਟਿਆ ਅਤੇ ਸੜਕ ਕਿਨਾਰੇ ਬਣੀਆਂ ਦੁਕਾਨਾਂ ਵੀ ਤੋੜ ਦਿੱਤੀਆਂ। ਇੰਨਾ ਹੀ ਨਹੀਂ ਟਰੱਕ ਨੇ 3 ਵਿਅਕਤੀਆਂ ਨੂੰ ਆਪਣਾ ਸ਼ਿਕਾਰ ਬਣਾਇਆ। ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ।

ਗੁਰਦਾਸਪੁਰ ਨਿਊਜ਼। ਗੁਰਦਾਸਪੁਰ ਦੇ ਮੁਕੇਰੀਆਂ ਜੀ.ਟੀ ਰੋਡ ‘ਤੇ ਪਿੰਡ ਚਾਵਾ ਨੇੜੇ ਉਸ ਸਮੇਂ ਹਫੜਾ-ਦਫੜੀ ਮਚ ਗਈ ਜਦੋਂ ਇਕ ਬੇਕਾਬੂ ਟਰਾਲੇ ਨੇ ਸੜਕ ਕਿਨਾਰੇ ਬਣੀਆਂ ਦੁਕਾਨਾਂ ਨੂੰ ਟੱਕਰ ਮਾਰ ਦਿੱਤੀ। ਮਾਮਲਾ ਦੇਰ ਰਾਤ ਦਾ ਹੈ ਜਿੱਥੇ ਟਰਾਲੇ ਦੇ ਡਰਾਈਵਰ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਟਰਾਲਾ ਸੜਕ ਕਿਨਾਰੇ ਲਗੀਆਂ ਰੇਹੜੀਆਂ ਵਿੱਚ ਜਾ ਵੜੀਆ। ਜਿਸ ਕਾਰਨ ਦੋ ਦੁਕਾਨਾਂ ਬੁਰੀ ਤਰ੍ਹਾਂ ਟੁੱਟ ਗਈਆਂ ਅਤੇ ਇਸ ਹਾਦਸੇ ‘ਚ 3 ਲੋਕਾਂ ਦੀ ਮੌਤ ਹੋ ਗਈ।
ਮਿਲੀ ਜਾਣਕਾਰੀ ਮੁਤਾਬਕ ਘਟਨਾ ਸਮੇਂ ਕਈ ਲੋਕ ਖੜ੍ਹੇ ਸਨ। ਦੇਰ ਰਾਤ ਗੁਰਦਾਸਪੁਰ ਤੋਂ ਮੁਕੇਰੀਆਂ ਨੂੰ ਜਾ ਰਿਹਾ ਵੱਡਾ ਟਰਾਲਾ ਪਿੰਡ ਚਾਵਾ ਨੇੜੇ ਪਹੁੰਚਦਿਆਂ ਹੀ ਬੇਕਾਬੂ ਹੋ ਗਿਆ। ਜਿਸ ਤੋਂ ਬਾਅਦ ਉਹ ਸੜਕ ਕਿਨਾਰੇ ਦੋ ਦੁਕਾਨਾਂ ‘ਚ ਦਾਖਲ ਹੋ ਕੇ ਸਬਜ਼ੀਆਂ, ਫਲਾਂ ਅਤੇ ਖਾਣ-ਪੀਣ ਦੀਆਂ ਵਸਤਾਂ ਵੇਚਣ ਵਾਲੇ ਕਈ ਦੁਕਾਨਦਾਰਾਂ ਨੂੰ ਅਪਣੀ ਚਪੇਟ ਵਿੱਚ ਲੈ ਲਿਆ। ਜਿਸ ਕਾਰਨ 2 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ 6 ਲੋਕ ਜ਼ਖਮੀ ਹੋ ਗਏ। । ਇੰਨਾ ਹੀ ਨਹੀਂ ਡਰਾਈਵਰ ਲੋਕਾਂ ਨੂੰ ਘਸੀਟਦਾ ਹੋਇਆ ਆਪਣੇ ਨਾਲ ਲੈ ਗਿਆ। ਉਨ੍ਹਾਂ ਵਿੱਚੋਂ ਇੱਕ ਦੇ ਚੀਥੜੇ ਉੱਡ ਗਏ ਅਤੇ ਸੜਕ ਤੇ ਖਿੱਲਰ ਗਏ।