Independence day: ਗੁਰਦਾਸਪੁਰ ‘ਚ ਤਿਰੰਗੇ ਦਾ ਹੋਇਆ ਅਪਮਾਨ, S.D.M ਵੱਲੋਂ ਰੱਸੀ ਖਿੱਚਦੇ ਹੀ ਜ਼ਮੀਨ ‘ਤੇ ਡਿੱਗਿਆ ਰਾਸ਼ਟਰੀ ਝੰਡਾ
ਐੱਸਡੀਐੱਮ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਤਿਰੰਗੇ ਨੂੰ ਲਹਿਰਾਉਣ ਲਈ 5 ਵਾਰ ਰਿਹਰਸਲ ਕੀਤੀ ਜਾ ਚੁੱਕੀ ਹੈ ਪਰ ਰਿਹਰਸਲ ਦੌਰਾਨ ਇਸ ਤਰ੍ਹਾਂ ਨਹੀਂ ਹੋਇਆਂ ਉਹਨਾਂ ਕਿਹਾ ਕਿ ਇਸ ਦੀ ਜਾਂਚ ਕੀਤੀ ਜਾਵੇਗੀ। ਜੇਕਰ ਕਿਸੇ ਕਰਮਚਾਰੀ ਦੀ ਲਾਪਰਵਾਹੀ ਸਾਹਮਣੇ ਆਈ ਤਾਂ ਉਸਦੇ ਖਿਲਾਫ ਬਣਦੀ ਕਾਰਵਾਈ ਵੀ ਕੀਤੀ ਜਾਵੇਗੀ।

ਗੁਰਦਾਸਪੁਰ। ਦੀਨਾਨਗਰ ਵਿੱਚ ਸੁਤੰਤਰਤਾ ਦਿਵਸ ਸਮਾਗਮ ਦੌਰਾਨ ਲਾਪਰਵਾਹੀ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਅਰਵਿੰਦਰ ਕੁਮਾਰ ਐਸਡੀਐੱਮ ਦੀਨਾਨਗਰ (Dinanagar) ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿਚ ਝੰਡਾ ਲਹਿਰਾਉਣ ਦੀ ਰਸਮ ਨੂੰ ਅਦਾ ਕਰਨ ਲਈ ਪਹੁੰਚੇ ਤਾਂ ਜਦੋਂ ਉਹਨਾਂ ਨੇ ਝੰਡੇ ਦੀ ਰੱਸੀ ਨੂੰ ਖਿੱਚਿਆ ਤਾਂ ਤਿਰੰਗਾ ਜ਼ਮੀਨ ਤੇ ਡਿੱਗ ਪਿਆ। ਤਿਰੰਗਾ ਝੰਡਾ ਥੱਲੇ ਡਿੱਗਣ ਤੋਂ ਬਾਅਦ ਉੱਥੇ ਖੜੇ ਪੁਲਿਸ ਕਰਮਚਾਰੀਆਂ ਨੇ ਤਿਰੰਗੇ ਨੂੰ ਜਮੀਨ ਤੋਂ ਚੁੱਕ ਕੇ ਹੱਥ ਵਿੱਚ ਫੜ ਕੇ ਲਹਿਰਾਇਆ ਅਤੇ ਉਸ ਤੋਂ ਬਾਅਦ ਐੱਸਡੀਐਮ ਵੱਲੋਂ ਸਲਾਮੀ ਦਿੱਤੀ ਗਈ।
ਦੱਸਿਆ ਜਾ ਰਿਹਾ ਹੈ ਕਿ ਰੱਸੀ ਦਾ ਪ੍ਰਬੰਧ ਨਗਰ ਕੌਂਸਲ ਦੇ ਅਧਿਕਾਰੀਆਂ ਵਲੋਂ ਕੀਤਾ ਗਿਆ ਸੀ ਅਤੇ ਤਿਰੰਗੇ ਦਾ ਪ੍ਰਬੰਧ ਪੁਲਿਸ ਕਰਮਚਾਰੀਆਂ ਵੱਲੋਂ ਕੀਤਾ ਗਿਆ ਸੀ। ਇਸ ਘਟਨਾ ਤੋਂ ਬਾਅਦ ਕਰਮਚਾਰੀਆਂ ਵਿੱਚ ਹੜਕੰਪ ਮੱਚ ਗਿਆ ਅਤੇ ਅਧਿਕਾਰੀਆਂ ਨੂੰ ਵੀ ਤਿਰੰਗੇ ਦੇ ਇਸ ਅਪਮਾਨ ਕਰਕੇ ਸ਼ਰਮਸਾਰ ਹੋਣਾ ਪਿਆ।