ਸਾਥੀ ਦੇ ਭੋਗ ‘ਤੇ ਆਏ ਗੈਂਗਸਟਰਾਂ ਅਤੇ ਪੁਲਿਸ ਵਿਚਾਲੇ ਫਾਈਰਿੰਗ, ਜ਼ਖਮੀ ਬਦਮਾਸ਼ ਸਣੇ ਪੰਜ ਗ੍ਰਿਫਤਾਰ
ਪੰਜਾਬ ਵਿੱਚ ਅਪਰਾਧ ਵੱਧਦਾ ਹੀ ਜਾ ਰਿਹਾ ਹੈ। ਪੁਲਿਸ ਦੇ ਲੱਖ ਉਪਰਾਲਿਆਂ ਦੇ ਬਾਵਜੂਦ ਵੀ ਗੈਂਗਸਟਰ ਸਰੇਆਮ ਵਾਰਦਾਤਾਂ ਨੂੰ ਅੰਜ਼ਾਮ ਦੇ ਰਹੇ ਨੇ। ਹਾਲਾਤ ਇਹ ਹਨ ਕਿ ਗੈਗਸਟਰਾਂ ਨੂੰ ਪੁਲਿਸ ਵੀ ਖੌਫ ਨਹੀਂ ਰਿਹਾ। ਹੁਣ ਖਬਰ ਗੁਰਦਾਸਪੁਰ ਤੋਂ ਜਿੱਥੇ ਸਾਥੀ ਦੇ ਭੋਗ ਤੇ ਆਏ ਗੈਂਗਸਟਰਾਂ ਅਤੇ ਪੁਲਿਸ ਵਿਚਾਲੇ ਫਾਈਰਿੰਗ ਹੋਈ। ਇਸ ਘਟਨਾ ਚ ਪੁਲਿਸ ਨੇ ਪੰਜ ਗੈਂਗਸਟਰ ਗ੍ਰਿਫਤਾਰ ਕੀਤੇ ਨੇ।
ਗੁਰਦਾਸਪੁਰ। ਗੁਰਦਾਸਪੁਰ ਦੇ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡ ਤਲਵੰਡੀ ਗੁਰਾਇਆ ਵਿੱਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਇੱਕ ਨੌਜਵਾਨ ਦੇ ਭੋਗ ਤੇ ਆਏ ਕੁੱਝ ਗੈਂਗਸਟਰਾਂ ਅਤੇ ਪੁਲਿਸ ਵਿਚਾਲੇ ਗੋਲੀਬਾਰੀ ਸ਼ੁਰੂ ਹੋ ਗਈ। ਗੈਂਗਸਟਰਾਂ ਅਤੇ ਪੁਲਿਸ ਵਲੋਂ ਇੱਕ ਦੂਜੇ ‘ਤੇ 5_5,6_ 6 ਰਾਊਂਡ ਫਾਇਰ ਕੀਤੇ ਗਏ, ਜਿਸ ‘ਚ ਗੋਲੀ ਲੱਗਣ ਨਾਲ ਇਕ ਗੈਂਗਸਟਰ ਸ਼ਿਵਕਰਨ ਜ਼ਖਮੀ ਹੋ ਗਿਆ, ਜਿਸ ਨੂੰ ਇਲਾਜ ਲਈ ਡੇਰਾ ਬਾਬਾ ਨਾਨਕ ਦੇ ਸਿਵਲ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ ਅਤੇ ਪੁਲਿਸ ਨੇ 5 ਗੈਂਗਸਟਰਾਂ ਨੂੰ ਕਾਬੂ ਕਰ ਲਿਆ ਹੈ।
ਇਨ੍ਹਾਂ ਕੋਲੋਂ ਤਿੰਨ ਹਥਿਆਰ ਵੀ ਬਰਾਮਦ ਕੀਤੇ ਗਏ ਹਨ। ਜਾਣਕਾਰੀ ਅਨੁਸਾਰ 10 ਦਿਨ ਪਹਿਲਾਂ ਪਿੰਡ ਨਬੀ ਨਗਰ ਵਿਖੇ ਕਿਸੇ ਪੁਰਾਣੀ ਰੰਜਿਸ਼ ਕਾਰਨ ਦੋ ਗੁੱਟਾਂ ਵਿਚ ਲੜਾਈ ਹੋ ਗਈ ਸੀ, ਜਿਸ ਵਿਚ ਚਰਨਜੀਤ ਨਾਮਕ ਨੌਜਵਾਨ ਜ਼ਖਮੀ ਹੋ ਗਿਆ ਸੀ ਅਤੇ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ ਸੀ। ਇਸ ਦਾ ਅੱਜ ਪਿੰਡ ਤਲਵੰਡੀ ਗੁਰਾਇਆ ਵਿਖੇ ਭੋਗ ਸੀ। ਇਹ ਗੈਂਗਸਟਰ ਕਿਉਂਕਿ ਸਾਥੀ ਦੇ ਭੋਗ ਤੇ ਹੀ ਆਏ ਸਨ। ਇਸ ਬਾਰੇ ਜਦੋਂ ਪੁਲਿਸ ਨੂੰ ਪਤਾ ਲੱਗਾ ਤਾਂ ਪੁਲਿਸ ਨੇ ਇਨ੍ਹਾਂ ਗੈਂਗਸਟਰਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਇਨ੍ਹਾਂ ਗੈਂਗਸਟਰਾਂ ਨੇ ਉਥੋਂ ਭੱਜਣ ਦੀ ਕੋਸ਼ਿਸ਼ ਕੀਤੀ ਅਤੇ ਪੁਲਿਸ ‘ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।
ਪੁਲਿਸ ਨੇ ਜਵਾਬੀ ਗੋਲੀਬਾਰੀ ਕੀਤੀ
ਇਨ੍ਹਾਂ ਦਾ ਪਿੱਛਾ ਕਰਦੇ ਹੋਏ ਪੁਲਿਸ ਨੇ ਵੀ ਜਵਾਬੀ ਗੋਲੀਬਾਰੀ ਕੀਤੀ ਅਤੇ ਇਨ੍ਹਾਂ ਗੈਂਗਸਟਰਾਂ ਨੂੰ ਪਿੰਡ ਕਾਹਲੋਂਵਾਲੀ ਨੇੜੇ ਖੇਤਾਂ ‘ਚੋਂ ਕਾਬੂ ਕਰ ਲਿਆ ਗਿਆ।ਇਸ ਦੌਰਾਨ ਇਕ ਗੈਂਗਸਟਰ ਸ਼ਿਵਕਰਨ ਵੀ ਗੋਲੀ ਲੱਗਣ ਕਾਰਨ ਜ਼ਖਮੀ ਹੋ ਗਿਆ, ਜਿਸ ਦਾ ਇਲਾਜ ਪੁਲਿਸ ਦੀ ਨਿਗਰਾਨੀ ਵਿੱਚ ਚੱਲ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਐਸ.ਪੀ ਮੰਗਲ ਸਿੰਘ ਨੇ ਦੱਸਿਆ ਕਿ ਫੜੇ ਗਏ 5 ਗੈਂਗਸਟਰਾਂ ਖਿਲਾਫ ਕਈ ਅਪਰਾਧਿਕ ਮਾਮਲੇ ਦਰਜ ਹਨ ਅਤੇ ਉਹ ਕਈ ਮਾਮਲਿਆਂ ਵਿੱਚ ਲੋੜੀਂਦੇ ਸਨ ਅਤੇ ਉਨ੍ਹਾਂ ਦੀ ਪਹਿਚਾਣ ਸ਼ਿਵਕਰਨ ਸਿੰਘ(ਪੁਲਿਸ ਗੋਲੀ ਨਾਲ ਜ਼ਖਮੀ ਹੋਇਆ) ਤਰਸੇਮ ਸਿੰਘ, ਨਵਦੀਪ ਸਿੰਘ, ਸਾਜਨ ਪ੍ਰੀਤ ਸਿੰਘ ਉਰਫ ਸਾਜਨ ਅਤੇ ਸਰਬਜੀਤ ਸਿੰਘ ਵਜੋਂ ਹੋਈ ਹੈ, ਜਿਸ ਤੋਂ ਪੁੱਛਗਿੱਛ ਦੌਰਾਨ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ।