ਸੀਐਮ ਦੀ ਬਹਿਸ ਤੋਂ ਪਹਿਲਾਂ ਪੁਲਿਸ ਦਾ ਐਕਸ਼ਨ, ਵਿਰੋਧ ਦਾ ਐਲਾਨ ਕਰਨ ਵਾਲਾ ਲੱਖਾ ਸਿਧਾਣਾ ਬਠਿੰਡਾ ‘ਚ ਨਜ਼ਰਬੰਦ; ਘਰ ਦੇ ਬਾਹਰ ਪੀਸੀਆਰ ਤਾਇਨਾਤ
Lakha Sidhana House Arrestted in Bathinda: ਕੱਲ ਲੁਧਿਆਣਾ ਵਿਖੇ ਹੋਣ ਜਾ ਰਹੀ ਮਹਾ-ਡਿਬੇਟ ਨੂੰ ਲੈ ਕੇ ਕਈ ਜੱਥੇਬੰਦੀਆਂ ਨੇ ਵਿਰੋਧ ਦਾ ਐਲਾਨ ਕੀਤਾ ਹੈ। ਆਪਣੀਆਂ-ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਵਿਰੁੱਧ ਅੰਦੋਲਨ ਕਰ ਰਹੀਆਂ ਵੱਖ-ਵੱਖ ਮੁਲਾਜ਼ਮ ਯੂਨੀਅਨਾਂ ਅਤੇ ਗਰੁੱਪਾਂ ਨੇ ਵੀ ਇਸ ਬਹਿਸ ਵਿਚ ਪਹੁੰਚ ਕੇ ਸਰਕਾਰ ਦਾ ਵਿਰੋਧ ਕਰਨ ਦਾ ਐਲਾਨ ਕੀਤਾ ਹੈ। ਅਜਿਹੇ 'ਚ ਪੁਲਿਸ ਅਤੇ ਪ੍ਰਸ਼ਾਸਨ ਦੇ ਅਧਿਕਾਰੀ ਨਹੀਂ ਚਾਹੁੰਦੇ ਕਿ ਇਨ੍ਹਾਂ ਯੂਨੀਅਨਾਂ ਕਾਰਨ ਬਹਿਸ 'ਚ ਕਿਸੇ ਤਰ੍ਹਾਂ ਦੀ ਰੁਕਾਵਟ ਪੈਦਾ ਹੋਵੇ।
ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬੁੱਧਵਾਰ ਨੂੰ ਲੁਧਿਆਣਾ ਵਿੱਚ ਹੋਣ ਵਾਲੀ ਮੈਂ ਪੰਜਾਬ ਬੋਲਦਾ ਹਾਂ ਦੀ ਓਪਨ ਡਿਬੇਟ ਤੋਂ ਪਹਿਲਾਂ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫ਼ਤਾਰ ਕਰਨਾ ਸ਼ੁਰੂ ਕਰ ਦਿੱਤਾ ਹੈ। ਗੈਂਗਸਟਰ ਬਣੇ ਕਬੱਡੀ ਖਿਡਾਰੀ ਤੇ ਸਮਾਜ ਸੇਵੀ ਲੱਖਾ ਸਿਧਾਣਾ ਨੂੰ ਬਠਿੰਡਾ ‘ਚ ਨਜ਼ਰਬੰਦ ਕਰ ਦਿੱਤਾ ਗਿਆ ਹੈ। ਫਿਲਹਾਲ ਉਸ ਦੇ ਘਰ ਦੇ ਬਾਹਰ ਪੁਲਿਸ ਦੀਆਂ ਦੋ ਗੱਡੀਆਂ ਤਾਇਨਾਤ ਕਰ ਦਿੱਤੀਆਂ ਗਈਆਂ ਹਨ।
ਲੱਖਾ ਸਿਧਾਣਾ ਉਨ੍ਹਾਂ ਵਿੱਚੋਂ ਇੱਕ ਹੈ, ਜਿਸ ਨੇ ਬੁੱਧਵਾਰ ਨੂੰ ਲੁਧਿਆਣਾ ਵਿੱਚ ਹੋਣ ਵਾਲੀ ਖੁੱਲ੍ਹੀ ਬਹਿਸ ਦਾ ਵਿਰੋਧ ਕਰਨ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਪਿਛਲੇ ਦਿਨੀਂ ਲੱਖਾ ਸਿਧਾਣਾ ਜਲੰਧਰ ਤੋਂ ਕਾਂਗਰਸੀ ਵਿਧਾਇਕ ਤੇ ਸਾਬਕਾ ਮੰਤਰੀ ਪਰਗਟ ਸਿੰਘ ਦੇ ਸੱਦੇ ‘ਤੇ ਆਯੋਜਿਤ ਬਹਿਸ ‘ਚ ਵੀ ਪਹੁੰਚਿਆ ਸੀ ਅਤੇ ਪਾਣੀਆਂ ਦੇ ਮੁੱਦੇ ਅਤੇ ਐਸਵਾਈਐਲ ਨਹਿਰ ਨੂੰ ਲੈ ਕੇ ਬਲਵਿੰਦਰ ਸਿੰਘ ਜਟਾਣਾ ਦੇ ਪਰਿਵਾਰ ਨਾਲ ਗੱਲਬਾਤ ਕੀਤੀ ਸੀ। ਉੱਧਰ, ਸਿਧਾਣਾ ਨੇ ਐਲਾਨ ਕੀਤਾ ਸੀ ਕਿ ਉਹ ਇਸ ਬਹਿਸ ਵਿੱਚ ਪਹੁੰਚ ਕੇ ਇਸਦਾ ਵਿਰੋਧ ਕਰੇਗਾ ਅਤੇ ਹਰ ਪਾਰਟੀ ਦਾ ਘਿਰਾਓ ਕਰੇਗਾ।
ਲੱਖਾ ਸਿਧਾਣਾ ਦੇ ਨਾਲ -ਨਾਲ ਕਿਰਤੀ ਕਿਸਾਨ ਯੂਨੀਅਨ, ਆਸ਼ਾ ਵਰਕਰ ਯੂਨੀਅਨ, ਆਂਗਣਵਾੜੀ ਮੁਲਾਜ਼ਮ ਯੂਨੀਅਨ, ਜਲ ਸਪਲਾਈ ਤੇ ਸੈਨੀਟੇਸ਼ਨ ਮੁਲਾਜ਼ਮ ਯੂਨੀਅਨ ਨੇ ਵੀ ਧਰਨੇ ਦਾ ਐਲਾਨ ਕੀਤਾ ਹੈ।