ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਮੁੱਖ ਦੋਸ਼ੀ ਗੈਂਗਸਟਰ ਗੋਲਡੀ ਬਰਾੜ (Goldy Brar) ਦੀਆਂ ਮੁਸ਼ਕਿਲਾਂ ਵਧ ਗਈਆਂ ਹਨ। ਕੈਨੇਡੀਅਨ ਪੁਲਿਸ ਵੱਲੋਂ ਜਾਰੀ ਕੀਤੀ ਗਈ 25 ਮੋਸਟ ਵਾਂਟੇਡ ਅਪਰਾਧੀਆਂ ਦੀ ਸੂਚੀ ਵਿੱਚ ਗੋਲਡੀ ਬਰਾੜ ਦਾ ਨਾਂ ਵੀ ਸ਼ਾਮਲ ਕੀਤਾ ਗਿਆ ਹੈ। ਉਹ ਸੂਚੀ ‘ਚ 15ਵੇਂ ਨੰਬਰ ‘ਤੇ ਹੈ। ਉਸ ‘ਤੇ ਇਨਾਮ ਵੀ ਰੱਖਿਆ ਗਿਆ ਹੈ, ਕੈਨੇਡਾ ‘ਚ ਉਸ ‘ਤੇ ਕਤਲ ਦਾ ਦੋਸ਼ ਦਿਖਾਇਆ ਗਿਆ ਹੈ।
ਗੋਲਡੀ ਬਰਾੜ ਨੂੰ ਰਾਇਲ ਕੈਨੇਡੀਅਨ ਮਾਉਂਟਿਡ ਪੁਲਿਸ (RCMP) ਦੇ ਕਹਿਣ ‘ਤੇ ਇਸ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ। ਕੈਨੇਡੀਅਨ ਪੁਲਿਸ ਨੇ ਗੋਲਡੀ ਬਰਾੜ ‘ਤੇ ਇਹ ਕਾਰਵਾਈ ਇੰਟਰਪੋਲ (Interpol) ਦੇ ਇਸ਼ਾਰੇ ‘ਤੇ ਕੀਤੀ ਹੈ। ਗੋਲਡੀ ਬਰਾੜ ਨੂੰ ਕੈਨੇਡਾ ਸਰਕਾਰ ਵੱਲੋਂ ਬੀ ਆਨ ਦਿ ਲੁਕਆਊਟ (BOLI) ਸੂਚੀ ਵਿੱਚ ਰੱਖਿਆ ਗਿਆ ਹੈ।
ਹਾਲ ਹੀ ਵਿੱਚ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਨੇ ਗੋਲਡੀ ਬਰਾੜ ਅਤੇ ਉਸ ਦੇ ਸਾਥੀਆਂ ਲਾਰੈਂਸ ਬਿਸ਼ਨੋਈ, ਅਨਮੋਲ ਬਿਸ਼ਨੋਈ ਖ਼ਿਲਾਫ਼ ਚਾਰਜਸ਼ੀਟ ਦਾਇਰ ਕੀਤੀ ਸੀ। ਜਿਸ ਵਿੱਚ ਉਸ ਦੇ ਅੱਤਵਾਦੀ ਸੰਗਠਨਾਂ ਨਾਲ ਸਬੰਧ ਹੋਣ ਦਾ ਦਾਅਵਾ ਕੀਤਾ ਗਿਆ ਹੈ।
ਕੈਨੇਡੀਅਨ ਸਰਕਾਰ ਕੋਲ ਮੁੱਦਾ ਚੁੱਕ ਚੁੱਕਾ ਹੈ ਭਾਰਤ
ਭਾਰਤ ਸਰਕਾਰ ਗੈਂਗਸਟਰ ਗੋਲਡੀ ਬਰਾੜ ਨੂੰ ਲੈ ਕੇ ਕਈ ਵਾਰ ਕੈਨੇਡਾ ਸਰਕਾਰ ਦੇ ਸਾਹਮਣੇ ਇਹ ਮੁੱਦਾ ਉਠਾਉਂਦੀ ਰਹੀ ਹੈ। ਭਾਰਤ ਨੇ ਕਈ ਵਾਰ ਕੈਨੇਡੀਅਨ ਸਰਕਾਰ ਨੂੰ ਕਿਹਾ ਹੈ ਕਿ ਉਹ ਆਪਣੀ ਜ਼ਮੀਨ ਨੂੰ ਭਾਰਤ ਵਿਰੁੱਧ ਅੱਤਵਾਦੀ ਗਤੀਵਿਧੀਆਂ ਲਈ ਵਰਤਣ ਦੀ ਇਜਾਜ਼ਤ ਨਾ ਦੇਣ।
29 ਮਈ, 2022 ਨੂੰ ਜਦੋਂ ਮਾਨਸਾ ਵਿੱਚ ਪੰਜਾਬ ਦੇ ਗਾਇਕ ਸਿੱਧੂ ਮੂਸੇਵਾਲਾ ਦੀ ਹੱਤਿਆ ਹੋਈ ਸੀ ਤਾਂ ਗੈਂਗਸਟਰ ਗੋਲਡੀ ਬਰਾੜ ਪਹਿਲਾਂ ਉਹ ਸ਼ਖਸ ਸੀ, ਜਿਨੇ ਹਮਲੇ ਦੀ ਜ਼ਿੰਮੇਵਾਰੀ ਲਈ ਸੀ। ਬਰਾੜ ‘ਤੇ ਦੋਸ਼ ਹੈ ਕਿ ਉਸ ਨੇ ਕੈਨੇਡਾ ‘ਚ ਬੈਠ ਕੇ ਮੂਸੇਵਾਲਾ ਦੇ ਕਤਲ ਦੀ ਸਾਰੀ ਕਹਾਣੀ ਲਿਖੀ ਸੀ। ਉਹ ਲਗਾਤਾਰ ਹਦਾਇਤਾਂ ਦੇ ਰਿਹਾ ਸੀ ਅਤੇ ਵਾਰਦਾਤ ਨੂੰ ਅੰਜਾਮ ਦੇਣ ਲਈ ਸ਼ੂਟਰਾਂ ਦੀ ਮਦਦ ਕਰ ਰਿਹਾ ਸੀ।
ਸੀਐਮ ਨੇ ਕੀਤਾ ਸੀ ਹਿਰਾਸਤ ਦਾ ਦਾਅਵਾ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੁਝ ਮਹੀਨੇ ਪਹਿਲਾਂ ਦਾਅਵਾ ਕੀਤਾ ਸੀ ਕਿ ਅਮਰੀਕਾ ਦੀਆਂ ਸੁਰੱਖਿਆ ਏਜੰਸੀਆਂ ਨੇ ਗੈਂਗਸਟਰ ਗੋਲਡੀ ਬਰਾੜ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਹਾਲਾਂਕਿ ਬਾਅਦ ‘ਚ ਬਰਾੜ ਖੁਦ ਸਾਹਮਣੇ ਆਇਆ ਅਤੇ ਇਕ ਇੰਟਰਵਿਊ ‘ਚ ਹਿਰਾਸਤ ‘ਚ ਲਏ ਜਾਣ ਦੇ ਦੋਸ਼ਾਂ ਤੋਂ ਇਨਕਾਰ ਕੀਤਾ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ