ਵਿਦਾਈ ਮੌਕੇ ਲਾੜੀ ਦੇ ਗੋਲੀ ਲੱਗਣ ਦਾ ਮਾਮਲਾ, ਕੁੜੀ ਦੇ ਭਰਾ ਨੇ ਚਲਾਈ ਸੀ ਗੋਲੀ, FIR ਦਰਜ
ਬਲਜਿੰਦਰ ਕੌਰ ਨੂੰ ਬਾਜ ਸਿੰਘ ਨੇ ਗੋਦ ਲਿਆ ਹੋਇਆ ਸੀ। ਬਾਜ ਸਿੰਘ ਨੇ ਉਸ ਨੂੰ ਪਾਲ ਕੇ ਵੱਡਾ ਕੀਤਾ ਤੇ ਉਸ ਦਾ ਵਿਆਹ ਕਰਵਾਇਆ, ਪਰ ਜਦੋਂ ਵਿਦਾਈ ਦਾ ਮੌਕਾ ਆਇਆ ਤਾਂ ਇਹ ਹਾਦਸਾ ਵਾਪਰ ਗਿਆ। ਵਿਦਾਈ ਮੌਕੇ ਗੁਰਪ੍ਰੀਤ ਸਿੰਘ ਪੁੱਤਰ ਬਾਜ ਸਿੰਘ ਨੇ ਖੁਸ਼ੀ ਵਿੱਚ ਹਵਾਈ ਫਾਇਰ ਕੱਢੇ, ਪਰ ਇਹ ਗੋਲੀ ਦੁਲਹਨ ਦੇ ਜਾ ਲੱਗੀ
ਬੀਤੀ ਦਿਨੀਂ ਫਿਰੋਜ਼ਪੁਰ ਅਧਿਨ ਪੈਂਦੇ ਪਿੰਡ ਖਾਈ ਖੇਮੇ ਵਿੱਚ ਵਿਦਾਈ ਮੌਕੇ ਦੁਲਹਨ ਦੇ ਮੱਥੇ ‘ਤੇ ਗੋਲੀ ਲੱਗਣ ਦੀ ਖ਼ਬਰ ਸਾਹਮਣੇ ਆਈ ਸੀ, ਹੁਣ ਇਸ ਮਾਮਲੇ ‘ਚ ਖੁਲਾਸਾ ਹੋਇਆ ਹੈ ਕਿ ਇਹ ਗੋਲੀ ਕਿਸੇ ਹੋਰ ਨੇ ਨਹੀਂ ਸਗੋਂ ਦੁਲਹਨ ਬਲਜਿੰਦਰ ਕੌਰ ਦੇ ਭਰਾ ਗੁਰਪ੍ਰੀਤ ਸਿੰਘ ਨੇ ਚਲਾਈ ਸੀ। ਗੋਲੀ ਲੱਗਣ ਤੋਂ ਬਾਅਦ ਦੁਲਹਨ ਗੰਭੀਰ ਜ਼ਖਮੀ ਹੋ ਗਈ ਤੇ ਉਸ ਨੂੰ ਹਸਪਤਾਲ ਭਰਤੀ ਕਰਾਇਆ ਗਿਆ, ਜਿੱਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਗੋਦ ਲਈ ਹੋਈ ਸੀ ਬਲਜਿੰਦਰ ਕੌਰ
ਬਲਜਿੰਦਰ ਕੌਰ ਨੂੰ ਬਾਜ ਸਿੰਘ ਨੇ ਗੋਦ ਲਿਆ ਹੋਇਆ ਸੀ। ਬਾਜ ਸਿੰਘ ਨੇ ਉਸ ਨੂੰ ਪਾਲ ਕੇ ਵੱਡਾ ਕੀਤਾ ਤੇ ਉਸ ਦਾ ਵਿਆਹ ਕਰਵਾਇਆ, ਪਰ ਜਦੋਂ ਵਿਦਾਈ ਦਾ ਮੌਕਾ ਆਇਆ ਤਾਂ ਇਹ ਹਾਦਸਾ ਵਾਪਰ ਗਿਆ। ਵਿਦਾਈ ਮੌਕੇ ਗੁਰਪ੍ਰੀਤ ਸਿੰਘ ਪੁੱਤਰ ਬਾਜ ਸਿੰਘ ਨੇ ਖੁਸ਼ੀ ਵਿੱਚ ਹਵਾਈ ਫਾਇਰ ਕੱਢੇ, ਪਰ ਇਹ ਗੋਲੀ ਦੁਲਹਨ ਦੇ ਜਾ ਲੱਗੀ, ਜਿਸ ਤੋਂ ਬਾਅਦ ਉਹ ਗੰਭੀਰ ਜ਼ਖਮੀ ਹੋ ਗਈ। ਜ਼ਖਮੀ ਦੁਲਹਨ ਨੂੰ ਫਿਰੋਜ਼ਪੁਰ ਦੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ, ਪਰ ਨਾਜ਼ੁਕ ਹਾਲਤ ਦੇਖਦੇ ਹੋਏ ਉਸ ਨੂੰ ਡੀਐਮੀ, ਲੁਧਿਆਣਾ ਰੈਫਰ ਕਰ ਦਿੱਤਾ ਗਿਆ। ਪੁਲਿਸ ਨੇ ਇਸ ਮਾਮਲੇ ਵਿੱਚ ਗੁਰਪ੍ਰੀਤ ਸਿੰਘ ਤੇ ਪੈਲੇਸ ਮਾਲਿਕ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਸੀਐਮ ਮਾਨ ਨੇ ਦੁੱਖ ਜਤਾਇਆ
ਇਸ ਘਟਨਾ ਨੂੰ ਲੈ ਕਿ ਪੰਜਾਬ ਦੇ ਸੀਐਮ ਭਗਵੰਤ ਮਾਨ ਨੇ ਵੀ ਦੁੱਖ ਜਤਾਇਆ ਸੀ। ਉਨ੍ਹਾਂ ਨੇ ਐਕਸ ਤੇ ਪੋਸਟ ਕੀਤਾ, “ਅੱਜ ਫਿਰੋਜ਼ਪੁਰ ਤੋਂ ਇੱਕ ਨਵੀਂ ਵਿਆਹੀ ਕੁੜੀ ਨੂੰ ਗੋਲੀ ਲੱਗਣ ਨਾਲ ਜ਼ਖ਼ਮੀ ਹੋਣ ਦੀ ਘਟਨਾ ਸਾਹਮਣੇ ਆਈ ਹੈ… ਸੁਣ ਕੇ ਬਹੁਤ ਦੁੱਖ ਲੱਗਿਆ ਕਿ ਪੰਜਾਬੀ ਕਿਹੜੇ ਰਾਹੇ ਤੁਰ ਪਏ ਨੇ… ਪੰਜਾਬੀਓ ਖੁਸ਼ੀ ਕਿਸੇ ਹੋਰ ਤਰੀਕੇ ਨਾਲ ਵੀ ਮਨਾਈ ਜਾ ਸਕਦੀ ਹੈ… ਵੈਸੇ ਵੀ ਹਥਿਆਰਾਂ ਦੀ ਵਿਆਹ ਸ਼ਾਦੀਆਂ ਦੇ ਮੌਕੇ ਚਲਾਉਣ ਦੀ ਮਨਾਹੀ ਹੈ, ਪਰ ਇਸਦੇ ਬਾਵਜੂਦ ਅਸੀਂ ਅਨੇਕਾਂ ਘਟਨਾਵਾਂ ਨੂੰ ਨਜ਼ਰਅੰਦਾਜ਼ ਕਰਕੇ ਆਪਣਿਆਂ ਦਾ ਹੀ ਲਹੂ ਵਹਾਅ ਰਹੇ ਹਾਂ…ਸੋਚੋ ਤੇ ਵਿਚਾਰ ਕਰੋ ਕਿ ਜਿਸ ਘਰ ਦੇ ਵਿਹੜੇ ‘ਚ ਜਿੱਥੇ ਸ਼ਗਨਾਂ ਦੇ ਗੀਤ ਚੱਲ ਰਹੇ ਸੀ ਉੱਥੇ ਪਲਾਂ ‘ਚ ਧਾਹਾਂ ਵੱਜਣ ਲੱਗ ਗਈਆਂ…ਅਰਦਾਸ ਕਰਦਾਂ ਹਾਂ ਕਿ ਕੁੜੀ ਦੀ ਜਾਨ ਬਚ ਜਾਵੇ।”
ਹਵਾਈ ਫਾਇਰ ਕਰਨਾ ਜ਼ੁਰਮ
ਵਿਆਹ ਵਿੱਚ ਹਵਾਈ ਫਾਇਰ ਕੱਢਣਾ ਤੇ ਨੁਮਾਇਸ਼ ਵਰਗੇ ਮਾਮਲਿਆਂ ‘ਤੇ ਪੰਜਾਬ ਸਰਕਾਰ ਸਖ਼ਤ ਹਦਾਇਤਾਂ ਜਾਰੀ ਕਰ ਚੁੱਕੀ ਹੈ। ਪੰਜਾਬ ਪੁਲਿਸ ਪਹਿਲੇ ਵੀ ਅਜਿਹੇ ਮਾਮਲਿਆਂ ਚ ਕਾਰਵਾਈ ਕਰ ਚੁੱਕੀ ਹੈ ਤੇ ਕਈਆਂ ਦੇ ਲਾਇਸੈਂਸ ਵੀ ਰੱਦ ਕੀਤੇ ਹਗਏ ਹਨ। ਹਵਾਈ ਫਾਇਰ ਕਰਨਾ ਜੁਰਮ ਦੀ ਕੈਟੇਗਰੀ ਦੇ ਵਿੱਚ ਆਉਂਦਾ ਹੈ। ਲਾਇਸੈਂਸੀ ਹਥਿਆਰ ਦੀ ਗੈਰਕਾਨੂੰਨੀ ਵਰਤੋਂ ਕਰਨ ਉੱਤੇ ਲਾਇਸੈਂਸ ਰੱਦ ਕੀਤਾ ਜਾ ਸਕਦਾ ਹੈ।