ਚੀਮਾ ਬੋਲੇ- ਸਰੇਂਡਰ ਨਹੀਂ, ਗ੍ਰਿਫਤਾਰ ਹੋਇਆ ਅੰਮ੍ਰਿਤਪਾਲ, SAD ਨੇ ਕਿਹਾ-ਹੁਣ ਬੇਕਸੂਰਾਂ ਨੂੰ ਤੰਗ ਨਾ ਕਰੇ ਪੁਲਿਸ
Harpal Singh Cheema ਨੇ ਅਮ੍ਰਿਤਪਾਲ ਦੀ ਗ੍ਰਿਫਤਾਰੀ ਨੂੰ ਲੈ ਕੇ ਪੰਜਾਬ ਪੁਲਿਸ ਦੀ ਤਾਰੀਫ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਪੁਲਿਸ ਹਮੇਸ਼ਾ ਵਧੀਆ ਕੰਮ ਕਰਦੀ ਹੈ। ਉੱਧਰ, ਅਕਾਲੀ ਦਲ ਨੇ ਅੰਮ੍ਰਿਤਪਾਲ ਦੀ ਗ੍ਰਿਫਤਾਰੀ ਦਾ ਸਮਰਥਨ ਕਰਦਿਆਂ ਕਿਹਾ ਹੈ ਕਿ ਹੁਣ ਪੰਜਾਬ ਪੁਲਿਸ ਨੂੰ ਬੇਕਸੂਰ ਨੌਜਵਾਨਾਂ ਨੂੰ ਤੰਗ ਨਹੀਂ ਕਰਨਾ ਚਾਹੀਦਾ।
ਜਲੰਧਰ। ਪੰਜਾਬ ਦੇ ਵਿੱਤ ਮੰਤਰੀ ਜਲੰਧਰ ਪੁਹੰਚੇ ਜਿੱਥੇ ਉਨ੍ਹਾਂ ਨੇ ਪ੍ਰੈੱਸ ਕਾਨਫਰੰਸ ਕਰਦੇ ਹੋਏ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਨੂੰ ਖੁੱਲ੍ਹਕੇ ਗੱਲਬਾਤ ਕੀਤੀ। ਵਿੱਤ ਮੰਤਰੀ (Finance Minister) ਨੇ ਵਾਰਿਸ ਪੰਜਾਬ ਦੇ ਮੁਖੀ ਦੀ ਗ੍ਰਿਫਤਾਰੀ ਨੂੰ ਲੈ ਪੰਜਾਬ ਪੁਲਿਸ ਨੂੰ ਥਾਪੜਾ ਦਿੱਤਾ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੀ ਬਹਾਦਰ ਪੁਲਿਸ ਨੇ ਹਮੇਸ਼ਾ ਹੀ ਚੰਗਾ ਕੰਮ ਕੀਤਾ ਹੈ। ਅਜਨਾਲਾ ਕਾਂਡ ਦੀ ਗੱਲ ਕਰਦੇ ਹੋਏ ਵਿੱਤ ਮੰਤਰੀ ਨੇ ਕਿਹਾ ਕਿ ਉਸ ਸਮੇਂ ਪੁਲਿਸ ਅਧਿਕਾਰੀਆਂ ਨੇ ਬਹੁਤ ਹੀ ਸਮਝਦਾਰੀ ਤੋਂ ਕੰਮ ਲਿਆ ਨਹੀਂ ਤਾਂ ਅਜਨਾਲਾ ਵਿੱਚ ਵੀ ਬੇਅਦਬੀ ਹੋ ਸਕਦੀ ਸੀ।
ਚੀਮਾ ਨੇ ਕਿਹਾ ਕਿ ਪੁਲਿਸ (Police) ਅਫਸਰ ਜ਼ਖਮੀ ਹੋ ਗਏ ਪਰ ਉਨ੍ਹਾਂ ਨੇ ਮਾਹੌਲ ਖਰਾਬ ਨਹੀਂ ਹੋਣ ਦਿੱਤਾ। ਚੀਮਾ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਅੰਮ੍ਰਿਤਪਾਲ ਸਿੰਘ ਸਰੰਡਰ ਨਹੀਂ ਸਗੋਂ ਪੰਜਾਬ ਪੁਲਿਸ ਨੇ ਉਸਨੂੰ ਗ੍ਰਿਫਤਾਰ ਕੀਤਾ ਹੈ। ਅਤੇ ਬਹੁਤ ਸ਼ਾਂਤੀ ਭਰੇ ਤਰੀਕੇ ਨਾਲ ਇਸ ਮਾਮਲੇ ਨੂੰ ਪੂਰਾ ਕਰ ਦਿੱਤਾ। ਉਨ੍ਹਾਂ ਨੇ ਪੰਜਾਬ ਦੇ ਲੋਕਾਂ ਨੂੰ ਸ਼ਾਂਤੀ ਬਣਾਏ ਰੱਖਣ ਦੀ ਵੀ ਅਪੀਲ ਕੀਤੀ।
’18 ਮਾਰਚ ਤੋਂ ਪੁਲਿਸ ਨੇ ਗ੍ਰਿਫਤਾਰੀ ਦੀ ਚਲਾਈ ਸੀ ਮੁਹਿੰਮ’
ਜਲੰਧਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ (Harpal Singh Cheema) ਨੇ ਕਿਹਾ ਕਿ ਅੰਮ੍ਰਿਤਪਾਲ ਨੇ ਜਿਸ ਤਰ੍ਹਾਂ ਆਪਣੇ ਸਾਥੀ ਨੂੰ ਮੁਕਤ ਕਰਵਾਉਣ ਲਈ ਅਜਨਾਲਾ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਹਾਰਾ ਲਿਆ ਉਹ ਪੂਰੀ ਤਰ੍ਹਾਂ ਨਿੰਦਣਯੋਗ ਹੈ। ਉਸ ਸਮੇਂ ਵੀ ਪੰਜਾਬ ਪੁਲਿਸ ਦਾ ਮਨੋਬਲ ਤੋੜਨ ਤੇ ਯਤਨ ਕੀਤੇ ਗਏ ਪਰ ਪੁਲਿਸ ਨੇ ਅਜਿਹਾ ਨਹੀਂ ਹੋਣ ਦਿੱਤਾ।
ਪੁਲਿਸ ਨੇ ਲਾਠੀਚਾਰਜ ਜਾਂ ਕੋਈ ਹੋਰ ਕਾਰਵਾਈ ਕਰਨ ਤੋਂ ਬਿਨਾ ਹੀ ਇਸ ਸਥਿਤੀ ਨੂੰ ਸੰਭਾਲ ਲਿਆ ਸੀ। ਉਨ੍ਹਾਂ ਨੇ ਕਿਹਾ ਕਿ ਜਦੋਂ ਅੰਮ੍ਰਿਤਪਾਲ ‘ਤੇ ਕਈ ਮਾਮਲੇ ਦਰਜ ਹੋਏ, ਉਸ ਤੋਂ ਬਾਅਦ 18 ਮਾਰਚ ਨੂੰ ਪੁਲਿਸ ਨੇ ਅੰਮ੍ਰਿਤਪਾਲ ਨੂੰ ਫੜਨ ਲਈ ਮੁਹਿੰਮ ਚਲਾਈ ਪਰ ਉਸ ਸਮੇਂ ਗ੍ਰਿਫਤਾਰੀ ਦੇਣ ਦੀ ਬਜਾਏ ਅੰਮ੍ਰਿਤਪਾਲ ਉਥੋਂ ਫਰਾਰ ਹੋ ਗਿਆ। ਪਰ ਆਖਰਕਾਰ 36 ਦਿਨਾਂ ਬਾਅਦ ਅੰਮ੍ਰਿਤਪਾਲ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ।
ਇਹ ਵੀ ਪੜ੍ਹੋ
ਸਾਰੀ ਕਾਰਵਾਈ ਕਾਨੂੰਨ ਅਨੂਸਾਰ ਹੋਣੀ ਚਾਹੀਦੀ ਹੈ-ਅਕਾਲੀ ਦਲ
ਉੱਧਰ ਵਾਰਿਸ ਪੰਜਾਬ ਦੀ ਗ੍ਰਿਫਤਾਰੀ ਨੂੰ ਲੈ ਕੇ ਅਕਾਲੀ ਦਲ (Akali Dal) ਦੇ ਸੀਨੀਅਰ ਆਗੂ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਕੁੱਝ ਦਿਨ ਪਹਿਲਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਹਿਬ ਨੇ ਵੀ ਅੰਮ੍ਰਿਤਪਾਲ ਨੂੰ ਆਤਮ ਸਮਰਪਣ ਕਰਨ ਦੀ ਗੱਲ ਕਹੀ ਸੀ ਅਤੇ ਇਹ ਚੰਗੀ ਗੱਲ ਹੈ ਕਿ ਉਹ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਪੁਲਿਸ ਨੂੰ ਬੇਕਸੂਰ ਨੌਜਵਾਨਾਂ ਨੂੰ ਤੰਗ ਨਹੀਂ ਕਰਨਾ ਚਾਹੀਦਾ ਅਤੇ ਕਾਨੂੰਨ ਅਨੁਸਾਰ ਕੰਮ ਕਰਨਾ ਚਾਹੀਦਾ ਹੈ। ਜੋ ਸਹੀ ਹੈ ਉਹ ਕਾਨੂੰਨ ਅਨੁਸਾਰ ਕੀਤਾ ਜਾਣਾ ਚਾਹੀਦਾ ਹੈ।
‘ਸੂਬੇ ਅੰਦਰ ਬਣਾਇਆ ਗਿਆ ਡਰ ਦਾ ਮਾਹੌਲ’
ਇਸ ਮਾਮਲੇ ਵਿੱਚ ਪੁਲਿਸ ਅਤੇ ਪੰਜਾਬ ਸਰਕਾਰ (Punjab Govt) ਦੀ ਕਾਰਗੁਜ਼ਾਰੀ ਬਾਰੇ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਡਰ ਅਤੇ ਸਹਿਮ ਦਾ ਮਾਹੌਲ ਕੇਂਦਰ ਸਰਕਾਰ ਦੇ ਨਾਲ-ਨਾਲ ਪੰਜਾਬ ਸਰਕਾਰ ਦਾ ਵੀ ਕਸੂਰ ਹੈ। ਕਿਉਂਕਿ ਏਨੀ ਵੱਡੀ ਫੋਰਸ ਲਗਾ ਕੇ ਇਹ ਸਭ ਕੁੱਝ ਕੀਤਾ ਗਿਆ ਹੈ, ਜਿਸ ਕਾਰਨ ਪੰਜਾਬ ਦਾ ਨਾਂਮ ਬਦਨਾਮ ਹੋਇਆ ਹੈ। ਸਾਰੇ ਪੰਜਾਬ ਵਾਸੀ ਇਸ ਗੱਲੋਂ ਚਿੰਤਤ ਹਨ। ਜੇਕਰ ਪੁਲਿਸ ਨੇ ਸਹੀ ਢੰਗ ਨਾਲ ਕੰਮ ਕੀਤਾ ਹੁੰਦਾ ਤਾਂ ਇਹ ਗ੍ਰਿਫਤਾਰੀ ਪਹਿਲਾਂ ਵੀ ਹੋ ਸਕਦੀ ਸੀ, ਇਸ ਲਈ ਇੰਨਾ ਪਾਖੰਡ ਕਰਨ ਦੀ ਕੀ ਲੋੜ ਸੀ।