Punjab Budget: ਵਿੱਤ ਮੰਤਰੀ ਚੀਮਾ ਨੇ ਪੇਸ਼ ਕੀਤਾ 1 ਲੱਖ 96 ਹਜ਼ਾਰ 462 ਕਰੋੜ ਰੁਪਏ ਦਾ ਬਜਟ

Published: 

10 Mar 2023 15:28 PM

Budget Session : ਪੰਜਾਬ ਸਿਰ ਇਸ ਵੇਲ੍ਹੇ 3 ਲੱਖ ਕਰੋੜ ਦਾ ਕਰਜਾ ਵੀ ਹੈ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਵਿਧਾਨ ਸਭਾ ਵਿੱਚ ਆਪਣੀ ਸਰਕਾਰ ਦਾ ਪਹਿਲਾ ਪੂਰਨ ਬਜਟ ਪੇਸ਼ ਕੀਤਾ। ਜਿਸ ਵਿੱਚ ਸਿੱਖਿਆ, ਸਿਹਤ ਅਤੇ ਸਨਅਤ ਦਾ ਖਾਸ ਖਿਆਲ ਰੱਖਿਆ ਗਿਆ।

Punjab Budget: ਵਿੱਤ ਮੰਤਰੀ ਚੀਮਾ ਨੇ ਪੇਸ਼ ਕੀਤਾ 1 ਲੱਖ 96 ਹਜ਼ਾਰ 462 ਕਰੋੜ ਰੁਪਏ ਦਾ ਬਜਟ

ਵਿੱਤ ਮੰਤਰੀ ਚੀਮਾ ਨੇ ਪੇਸ਼ ਕੀਤਾ 1 ਲੱਖ 96 ਹਜ਼ਾਰ 462 ਕਰੋੜ ਰੁਪਏ ਦਾ ਬਜਟ।

Follow Us On

ਚੰਡੀਗੜ੍ਹ ਨਿਊਜ: ਪੰਜਾਬ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਸਰਕਾਰ ਨੇ ਅੱਜ ਵਿਧਾਨ ਸਭਾ ਵਿੱਚ ਆਪਣਾ ਪਹਿਲਾ ਪੂਰਾ ਬਜਟ (Punjab Budget 2023) ਪੇਸ਼ ਕੀਤਾ। ਸੂਬੇ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਬਜਟ ਪੇਸ਼ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਆਪਣੇ ਕਈ ਵਾਅਦੇ ਅਤੇ ਗਾਰੰਟੀਆਂ ਹੁਣ ਤੱਕ ਪੂਰੀਆਂ ਕਰ ਦਿੱਤੀਆਂ ਹਨ। ਉਨ੍ਹਾਂ ਬਜਟ ਵਿੱਚ ਹਰ ਵਰਗ ਦਾ ਧਿਆਨ ਰੱਖਣ ਦਾ ਦਾਅਵਾ ਕੀਤਾ ਹੈ।

‘ਵਿਰਾਸਤ ਵਿਚ ਮਿਲੇ ਪਿਛਲੀਆਂ ਸਰਕਾਰਾਂ ਤੋਂ ਕਰਜੇ’

ਬਜਟ ਭਾਸ਼ਣ ਦੀ ਸ਼ੁਰੂਆਤ ਮੌਕੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਵਿੱਤੀ ਸਾਲ 2023-24 ਲਈ ਪੰਜਾਬ ਦਾ ਬਜਟ 1 ਲੱਖ 96 ਹਜ਼ਾਰ 462 ਕਰੋੜ ਰੁਪਏ ਹੋਵੇਗਾ ਜੋ ਕਿ ਪਿਛਲੇ ਸਾਲ ਨਾਲੋਂ 26 ਫੀਸਦੀ ਵੱਧ ਹੈ। 2022-23 ਵਿੱਚ ਪੰਜਾਬ ਦਾ ਕੁੱਲ ਬਜਟ ਇੱਕ ਲੱਖ 55 ਹਜ਼ਾਰ 860 ਕਰੋੜ ਰੁਪਏ ਸੀ। ਚੀਮਾ ਨੇ ਦਾਅਵਾ ਕੀਤਾ ਕਿ ‘ਆਪ’ ਸਰਕਾਰ ਦਾ ਸਭ ਤੋਂ ਵੱਧ ਧਿਆਨ ਸਿੱਖਿਆ ਅਤੇ ਸਿਹਤ ਖੇਤਰਾਂ ‘ਤੇ ਹੈ, ਪਰ ਦੂਜੇ ਖੇਤਰਾਂ ‘ਤੇ ਵੀ ਬਰਾਬਰ ਧਿਆਨ ਦਿੱਤਾ ਜਾ ਰਿਹਾ ਹੈ। ਚੀਮਾ ਨੇ ਕਿਹਾ ਕਿ ਜਦੋਂ ਉਨ੍ਹਾਂ ਦੀ ਸਰਕਾਰ ਨੇ ਸੱਤਾ ਸੰਭਾਲੀ ਤਾਂ ਉਸ ਨੂੰ ਵਿਰਾਸਤ ਵਿਚ ਵੱਡੇ ਕਰਜ਼ੇ ਮਿਲੇ ਜੋ ਪਿਛਲੀਆਂ ਸਰਕਾਰਾਂ ਨੇ ਲਏ ਸਨ। ਇਸ ਦੇ ਬਾਵਜੂਦ ਆਪ ਸਰਕਾਰ ਪੰਜਾਬ ਨੂੰ ਅੱਗੇ ਲਿਜਾਣ ਲਈ ਦ੍ਰਿੜ੍ਹ ਹੈ।

ਨੌਜਵਾਨਾਂ ਲਈ ਰੁਜਗਾਰ ਦਾ ਵੀ ਖਾਸ ਖਿਆਲ

ਬਜਟ ਵਿੱਚ ਸੂਬੇ ਦੇ ਨੌਜਵਾਨਾਂ ਲਈ ਰੁਜਗਾਰ ਦਾ ਵੀ ਖਾਸ ਖਿਆਲ ਰੱਖਿਆ ਗਿਆ ਹੈ। ਵਿੱਤ ਮੰਤਰੀ ਮੁਤਾਬਕ, ਸੂਬੇ ਵਿੱਚ ਸੂਬੇ ਵਿੱਚ ਲਗਭਗ 41 ਹਜਾਰ ਕਰੋੜ ਦਾ ਨਿਵੇਸ਼ ਆਇਆ ਹੈ, ਜਿਸ ਨਾਲ ਤਕਰੀਬਨ 2.5 ਨੌਜਵਾਨਾਂ ਨੂੰ ਰੁਜਗਾਰ ਪ੍ਰਾਪਤ ਹੋਣਗੇ। ਉਨ੍ਹਾਂ ਦੱਸਿਆ ਕਿ ਹੁਣ ਤੱਕ ਸੂਬੇ ਵਿੱਚ 26797 ਨੌਜਵਾਨਾਂ ਨੂੰ ਨੌਕਰੀਆਂ ( Jobs for Youngsters) ਦਿੱਤੀਆਂ ਗਈਆਂ ਹਨ।

ਸਿੱਖਿਆ ਅਤੇ ਉਚੇਰੀ ਸਿੱਖਿਆ ਲਈ 17074 ਕਰੋੜ ਦਾ ਪ੍ਰਬੰਧ

ਬਜਟ ਵਿੱਚ ਸਿੱਖਿਆ ਦੇ ਖੇਤਰ ਲਈ ਖਾਸ ਪ੍ਰਬੰਧ ਕੀਤੇ ਗਏ ਹਨ। ਸਿੱਖਿਆ ਅਤੇ ਉਚੇਰੀ ਸਿੱਖਿਆ (Higher Education) ਲਈ 17074 ਕਰੋੜ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਤੋਂ ਇਲਾਵਾ ਪ੍ਰਿੰਸੀਪਲਾਂ ਦੀ ਟ੍ਰੇਨਿੰਗ ਤੇ 20 ਕਰੋੜ, ਸਕੂਲ ਆਫ ਐਮੀਨੈਂਸ ਲਈ 200 ਕਰੋੜ ਦਾ ਪ੍ਰਸਤਾਵ ਹੈ। ਵਿੱਤ ਮੰਤਰੀ ਮੁਤਾਬਕ ਪਿਛਲੇ ਸਾਲ ਨਾਲੋਂ ਇਸ ਸਾਲ ਸਿੱਖਿਆ ਦੇ ਬਜਟ ਵਿੱਚ 12 ਫੀਸਦੀ ਦਾ ਵਾਧਾ ਕੀਤਾ ਗਿਆ ਹੈ।

ਸਿਹਤ ਦੇ ਖੇਤਰ ਲਈ ਵਿਸ਼ੇਸ਼ ਪੈਕੇਜ

ਬਜਟ ਵਿੱਚ ਸਿਹਤ ਸੰਭਾਲ ਦਾ ਖਾਸ ਖਿਆਲ ਰੱਖਿਆ ਗਿਆ ਹੈ। ਸਿਹਤ ਅਤੇ ਪਰਿਵਾਰ ਭਲਾਈ ਲਈ 4781 ਕਰੋੜ ਦਾ ਪ੍ਰਸਤਾਵ ਹੈ। ਉਨ੍ਹਾਂ ਦੱਸਿਆ ਕਿ ਅਗਲੇ ਕੁਝ ਦਿਨਾਂ ਵਿੱਚ 142 ਹੋਰ ਨਵੇਂ ਮੁਹੱਲਾ ਕਲੀਨਿਕ ਖੁਲ੍ਹਣਗੇ, ਜਿਸ ਨਾਲ ਲੋਕਾਂ ਨੂੰ ਸਸਤੀ ਸਿਹਤ ਸੰਭਾਲ ਮਹੁਇਆ ਹੋ ਸਕੇਗੀ।

ਕਾਨੂੰਨ ਵਿਵਸਥਾ ਲਈ ਬੀਤੇ ਸਾਲ ਨਾਲੋਂ 11 ਫੀਸਦ ਵੱਧ ਦਾ ਪ੍ਰਬੰਧ

ਪੁਲਿਸ ਅਤੇ ਕਾਨੂੰਨ ਵਿਵਸਥਾ ਲਈ 10,523 ਕਰੋੜ ਰੁਪਏ ਰੱਖੇ ਗਏ ਹਨ ਜੋ ਪਿਛਲੇ ਸਾਲ ਨਾਲੋਂ 11% ਵੱਧ ਹੈ। ਸਾਈਬਰ ਅਪਰਾਧ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਲਈ ਬਜਟ ਵਿੱਚ 30 ਕਰੋੜ ਰੁਪਏ ਦਾ ਪ੍ਰਬੰਧ ਕੀਤਾ ਗਿਆ ਹੈ। ਸੂਬੇ ਦੇ ਸਰਹੱਦੀ ਜ਼ਿਲ੍ਹਿਆਂ ਵਿੱਚ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਬਜਟ ਵਿੱਚ 40 ਕਰੋੜ ਰੁਪਏ ਰੱਖੇ ਗਏ ਹਨ, ਜਦਕਿ ਪੁਲਿਸ ਬਲਾਂ ਨੂੰ ਮਜਬੂਤ ਕਰਨ ਲਈ 64 ਕਰੋੜ ਰੁਪਏ ਦਾ ਪ੍ਰਸਤਾਵ ਹੈ।

ਸੂਬੇ ਵਿੱਚ ਖੇਡਾਂ ਨੂੰ ਉਤਸ਼ਾਹਿਤ ਕਰਨ ਦਾ ਵੀ ਖਾਸ ਪ੍ਰਬੰਧ

ਬਜਟ ਵਿੱਚ ਖੇਡ ਅਤੇ ਯੁਵਾਂ ਸੇਵਾਵਾਂ ਲਈ 258 ਕਰੋੜ ਰੁਪਏ ਰੱਖੇ ਗਏ ਹਨ। ਖੇਡਾਂ ਦੇ ਬਜਟ ਵਿੱਚ ਪਿਛਲੀ ਵਾਰ ਨਾਲੋਂ 55 ਫੀਸਦੀ ਦਾ ਵਾਧਾ ਕੀਤਾ ਗਿਆ ਹੈ। ਸਪੋਰਟਸ ਯੂਨੀਵਰਸਿਟੀ ਪਟਿਆਲਾ ਲਈ 53 ਕਰੋੜ ਰੁਪਏ ਦਾ ਪ੍ਰਸਤਾਵ ਹੈ। ਉਨ੍ਹਾਂ ਕਿਹਾ ਕਿ ਨਵੀਂ ਖੇਡ ਨੀਤੀ ਛੇਤੀ ਹੀ ਲਿਆਂਦੀ ਜਾਵੇਗੀ।

ਕਿਸਾਨੀ ਅਤੇ ਬਿਜਲੀ ਖੇਤਰ ਲਈ ਬਜਟ ਵਿੱਚ ਪ੍ਰਬੰਧ

ਵਿੱਤ ਮੰਤਰੀ ਨੇ ਕਿਹਾ ਕਿ ਬਿਜਲੀ ਸਬਸਿਡੀ ਲਈ 9331 ਕਰੋੜ ਰਾਖਵੇਂ ਰੱਖੇ ਗਏ ਹਨ, ਘਰੇਲੂ ਅਤੇ ਕਿਸਾਨੀ ਬਿਜਲੀ ਲਈ ਸਬਸਿਡੀ ਜਾਰੀ ਰਹੇਗੀ। ਕਿਸਾਨਾਂ ਨੂੰ ਮੁਫਤ ਬਿਜਲੀ ਲਈ 9064 ਕਰੋੜ ਰੁਪਏ ਰੱਖੇ ਗਏ ਹਨ। ਲਿਫਟ ਸਿੰਚਾਈ ਲਈ 80 ਕਰੋੜ ਦਾ ਪ੍ਰਬੰਧ ਕੀਤਾ ਗਿਆ ਹੈ। ਖੇਤੀਬਾੜੀ ਅਤੇ ਕਿਸਾਨ ਭਲਾਈ ਲਈ 13,888 ਕਰੋੜ ਰੁਪਏ ਦਾ ਪ੍ਰਬੰਧ ਖੇਤੀਬਾੜੀ ਦੇ ਬਜਟ ਵਿੱਚ 20 ਫੀਸਦੀ ਦਾ ਵਾਧਾ ਕੀਤਾ ਗਿਆ ਹੈ। ਖੇਤੀ ਵਿਭਿੰਨਤਾ ਲਈ 1000 ਕਰੋੜ ਦੀ ਤਜਵੀਜ ਹੈ ਜਦਕਿ 2574 ਕਿਸਾਨ ਮਿਤਰਾਂ ਦੀ ਭਰਤੀ ਵੀ ਕੀਤੀ ਜਾਵੇਗੀ। ਝੋਨੇ ਦੀ ਸਿੱਧੀ ਬਿਜਾਈ ਅਤੇ ਮੂੰਗੀ ਦੀ ਖਰੀਦ ਲਈ 125 ਕਰੋੜ ਰੁਪਏ ਖਰਚੇ ਜਾਣਗੇ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਬਾਸਮਤੀ ਦੀ ਖਰੀਦ ਕੀਤੀ ਜਾਵੇਗੀ।

ਪਰਾਲੀ ਦੀ ਸਮੱਸਿਆ ਨਾਲ ਨਜਿੱਠਣ ਦੀ ਵੀ ਯੋਜਨਾ

ਪਰਾਲੀ ਪ੍ਰਬੰਧਨ ਲਈ 350 ਕਰੋੜ ਰਾਖਵੇਂ ਰੱਖੇ ਗਏ ਹਨ। ਵਿੱਤ ਮੰਤਰੀ ਨੇ ਕਿਹਾ ਕਿ ਜਲਦੀ ਹੀ ਨਵੀਂ ਖੇਤੀ ਨੀਤੀ ਲੈ ਕੇ ਆਵਾਂਗੇ। ਉਨ੍ਹਾਂ ਦਾਅਵਾ ਕੀਤਾ ਕਿ ਇਸ ਵਾਰ ਪਰਾਲੀ ਸਾੜਣ ਦੀਆਂ ਘਟਨਾਵਾਂ ਵਿੱਚ 30 ਫੀਸਦੀ ਦੀ ਕਮੀ ਆਈ ਹੈ। ਪਰਾਲੀ ਸਾੜਣਾ ਕਿਸਾਨਾਂ ਦਾ ਸ਼ੌਂਕ ਨਹੀਂ ਮਜਬੂਰੀ ਹੈ। ਜਲ ਜੀਵਨ ਮਿਸ਼ਨ ਲਈ 200 ਕਰੋੜ ਰੁਪਏ ਦਾ ਪ੍ਰਬੰਧ ਕੀਤਾ ਗਿਆ।ਉਨ੍ਹਾਂ ਕਿਹਾ ਕਿ ਪਸ਼ੂ ਪਾਲਣ ਵਿਭਾਗ ਲਈ 605 ਕਰੋੜ ਦਾ ਪ੍ਰਬੰਧ ਕੀਤਾ ਗਿਆ ਹੈ। ਨਾਲ ਪੰਜਾਬ ਵਿੱਚ 5 ਥਾਵਾਂ ਉੱਤੇ ਹੋਰਟੀਕਲਚਰ ਵੇਸਟ ਸ਼ੁਰੂ ਕੀਤੇ ਜਾਣਗੇ। ਉਨ੍ਹਾਂ ਦਾਅਵਾ ਕੀਤਾ ਕਿ ਗੰਨਾ ਕਿਸਾਨਾਂ ਦਾ ਪਹਿਲੀ ਵਾਰ ਸਮੇਂ ਸਿਰ ਭੁਗਤਾਨ ਹੋਇਆ ਹੈ।ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਵੱਲੋਂ ਪੈਦਾ ਕੀਤੀਆਂ ਰੁਕਾਵਟਾਂ ਨੂੰ ਦੂਰ ਕਰਦਿਆਂ ਖੇਤੀਬਾੜੀ ਦੇ ਸਹਾਇਕ ਧੰਦਿਆਂ ਨੂੰ ਉਤਸ਼ਾਹਿਤ ਕਰਨ ਉੱਤੇ ਜੋਰ ਦਿੱਤਾ ਜਾ ਰਿਹਾ ਹੈ।

ਸੂਬੇ ਦੀ ਸਨਅਤ ਨੂੰ ਪ੍ਰਫੂਲਿਤ ਕਰਨ ਲਈ ਵਿਸ਼ੇਸ਼ ਪੈਕੇਜ

ਵਿੱਤ ਮੰਤਰੀ ਨੇ ਕਿਹਾ ਕਿ ਸੂਬੇ ਦੀ ਸਨਅਤ ਨੂੰ ਹੁਲਾਰਾ ਦੇਣ ਦੇ ਪ੍ਰਬੰਧ ਕੀਤੇ ਜਾ ਰਹੇ ਹਨ। ਉਦੋਯਗ ਲਈ ਵਧੀਆਂ ਮਾਹੌਲ ਸਿਰਜਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਚਾਲੂ ਸਾਲ ਵਿੱਚ ਪੰਜਾਬ ਵਿੱਚ ਲਗਭਗ 41 ਹਜਾਰ ਕਰੋੜ ਦਾ ਨਿਵੇਸ਼ ਆਇਆ ਹੈ, ਜਿਸ ਨਾਲ ਰੁਜਗਾਰ ਦੇ 2.5 ਲੱਖ ਮੌਕੇ ਪੈਦਾ ਹੋਣਗੇ । ਨਾਲ ਹੀ ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਹੁਣ ਤੱਕ 26797 ਨੌਜਵਾਨਾਂ ਨੂੰ ਰੁਜਗਾਰ ਮੁਹਇਆ ਕਰਵਾਇਆ ਗਿਆ ਹੈ। ਅਗਲੇ ਸਾਲ ਲਈ ਰੁਜਗਾਰ ਅਤੇ ਹੁਨਰ ਵਿਕਾਸ ਲਈ 231 ਕਰੋੜ ਰੁਪਏ ਦਾ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਹਰ ਪੰਜਾਬੀ ਦੀਆਂ ਉਮੀਦਾਂ ਨੂੰ ਪੂਰਾ ਕਰਾਂਗੇ

ਬਜਟ ਦੌਰਾਨ ਵਿਰੋਧੀਆਂ ਦਾ ਹੰਗਾਮਾ

ਬਜਟ ਭਾਸ਼ਣ ਦੌਰਾਨ ਵਿਰੋਧੀ ਧਿਰਾਂ ਨੇ ਹੰਗਾਮਾ ਸ਼ੁਰੂ ਕਰ ਦਿੱਤਾ। ਵਿੱਤ ਮੰਤਰੀ ਵੱਲੋਂ ਦਿੱਤੇ ਜਾ ਰਹੇ ਬਜਟ ਭਾਸ਼ਣ ਦੌਰਾਨ ਹੀ ਕਾਂਗਰਸ ਨੇ ਨਾਅਰੇਬਾਜੀ ਕਰਦਿਆਂ ਸਦਨ ਤੋਂ ਵਾਕਆਊਟ ਕਰ ਦਿੱਤਾ। ਕਾਂਗਰਸ ਦਾ ਇਲਜਾਮ ਹੈ ਕਿ ਬਜਟ ਵਿੱਚ ਕੁਝ ਵੀ ਨਹੀਂ ਹੈ। ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਸ਼ਾਂਤੀ ਦੀ ਅਪੀਲ ਦੇ ਬਾਵਜੂਦ ਕਾਂਗਰਸ ਵਿਧਾਇਕਾਂ ਦਾ ਹੰਗਾਮਾ ਜਾਰੀ ਹੈ। ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਬਜਟ ਭਾਸ਼ਣ ਵਿਚਾਲੇ ਹੀ ਵਿਰੋਧ ਜਤਾਇਆ ਹੈ। ਅਕਾਲੀ ਦੱਲ ਅਤੇ ਬੀਜੇਪੀ ਵੱਲੋਂ ਵੀ ਬਜਟ ਦਾ ਵਿਰੋਧ ਕੀਤਾ ਜਾ ਰਿਹਾ ਹੈ। ਵਿਰੋਧੀ ਧਿਰਾਂ ਸਦਨ ਵਿੱਚ ਨਾਅਰੇਬਾਜੀ ਕਰ ਰਹੀਆਂ ਹਨ। ਵਿਰੋਧੀ ਧਿਰਾਂ ਵੱਲੋਂ ਕੀਤੇ ਜਾ ਰਹੇ ਹੰਗਾਮੇ ਨੂੰ ਲੈ ਕੇ ਵਿੱਤ ਮੰਤਰੀ ਨੇ ਕਿਹਾ ਕਿ ਅੱਜ ਬੈਠ ਕੇ ਸੁਣ ਲਵੋ, ਕੱਲ੍ਹ ਹਰ ਸਵਾਲ ਦਾ ਜਵਾਬ ਦੇਵਾਂਗੇ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ