ਭਾਰਤਮਾਲਾ ਹਾਈਵੇ ਪ੍ਰੋਜੈਕਟ ਅਧੀਨ ਬੀਜ-ਫਾਰਮ ‘ਚ ਚੱਲਿਆ ਪ੍ਰਸ਼ਾਸਨ ਦਾ ਪੀਲਾ ਪੰਜਾ, ਛੁਡਵਾਇਆ ਕਬਜਾ
ਜਾਣਕਾਰੀ ਅਨੁਸਾਰ, ਸੀਡ-ਫਾਰਮ ਦੇ ਕਾਬਜ਼ਕਾਰ ਪਿਛਲੇ ਇੱਕ ਸਾਲ ਤੋਂ ਫਾਜ਼ਿਲਕਾ ਬਾਈਪਾਸ ਤੋਂ ਮਲੋਟ ਬਾਈਪਾਸ ਤੱਕ ਬਣ ਰਹੀ ਸੜਕ 'ਤੇ ਰੁਕਾਵਟ ਪੈਦਾ ਕਰ ਰਹੇ ਸਨ। ਉਹ ਜ਼ਮੀਨ ਦੇ ਢੁਕਵੇਂ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਹੜਤਾਲ 'ਤੇ ਸਨ।

ਫਾਜ਼ਿਲਕਾ ਵਿੱਚ ਭਾਰਤ ਮਾਲਾ ਹਾਈਵੇਅ ਪ੍ਰੋਜੈਕਟ ਲਈ ਸੋਮਵਾਰ ਇੱਕ ਵੱਡੀ ਕਾਰਵਾਈ ਕੀਤੀ ਗਈ। ਪ੍ਰਸ਼ਾਸਨ ਨੇ 400 ਤੋਂ ਵੱਧ ਪੁਲਿਸ ਮੁਲਾਜ਼ਮਾਂ ਦੀ ਮੌਜੂਦਗੀ ਵਿੱਚ ਸੀਡ-ਫਾਰਮ ਤੋਂ ਕਬਜ਼ੇ ਹਟਾਏ। ਇਸ ਦੌਰਾਨ ਐਂਬੂਲੈਂਸ ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਇਸ ਮੌਕੇ ‘ਤੇ ਮੌਜੂਦ ਸਨ।
ਜਾਣਕਾਰੀ ਅਨੁਸਾਰ, ਸੀਡ-ਫਾਰਮ ਦੇ ਕਾਬਜ਼ਕਾਰ ਪਿਛਲੇ ਇੱਕ ਸਾਲ ਤੋਂ ਫਾਜ਼ਿਲਕਾ ਬਾਈਪਾਸ ਤੋਂ ਮਲੋਟ ਬਾਈਪਾਸ ਤੱਕ ਬਣ ਰਹੀ ਸੜਕ ‘ਤੇ ਰੁਕਾਵਟ ਪੈਦਾ ਕਰ ਰਹੇ ਸਨ। ਉਹ ਜ਼ਮੀਨ ਦੇ ਢੁਕਵੇਂ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਹੜਤਾਲ ‘ਤੇ ਸਨ।
ਕਿਸਾਨ ਆਗੂ ਘਰ ‘ਚ ਨਜ਼ਰਬੰਦ
ਕਾਰਵਾਈ ਤੋਂ ਪਹਿਲਾਂ, ਕਿਸਾਨ ਆਗੂਆਂ ਨੂੰ ਸਵੇਰੇ 4 ਵਜੇ ਘਰ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ। ਇਹ ਕਾਰਵਾਈ ਜ਼ਿਲ੍ਹੇ ਦੇ ਡੀਐਸਪੀ ਡੀ, ਐਸਪੀ ਡੀ, ਡੀਐਸਪੀ ਕ੍ਰਾਈਮ, ਐਸਡੀਐਮ, ਸੀਆਈਏ 2 ਪੁਲਿਸ, ਸਿਟੀ ਅਤੇ ਖੁਈਆਂ ਸਰਵਰ ਪੁਲਿਸ ਦੀ ਅਗਵਾਈ ਹੇਠ ਕੀਤੀ ਗਈ।
ਅਬੋਹਰ ਦੇ ਵਿਧਾਇਕ ਸੰਦੀਪ ਜਾਖੜ ਨੇ ਇਸ ਕਾਰਵਾਈ ਦੀ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਅੱਜ ਸਵੇਰੇ 3 ਵਜੇ ਪੰਜਾਬ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਸੀਡ ਫਾਰਮ ‘ਤੇ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਚੱਲ ਰਹੇ ਵਿਰੋਧ ਪ੍ਰਦਰਸ਼ਨ ਨੂੰ ਜ਼ਬਰਦਸਤੀ ਹਟਾ ਦਿੱਤਾ, ਜੋ ਕਿ ਮੰਦਭਾਗਾ ਹੈ।
ਬਹੁਤ ਸਮੇਂ ਤੋਂ ਉੱਥੋਂ ਦੇ ਕਿਸਾਨ ਮੰਗ ਕਰ ਰਹੇ ਸਨ ਕਿ ਉਨ੍ਹਾਂ ਨੂੰ ਢੁਕਵਾਂ ਮੁਆਵਜ਼ਾ ਦਿੱਤਾ ਜਾਵੇ, ਪਰ ਅੱਜ ਸਰਕਾਰ ਨੇ ਉਨ੍ਹਾਂ ਨੂੰ ਅਣਗੌਲਿਆ ਕਰ ਦਿੱਤਾ। ਇਸ ਮਸਲੇ ਨੂੰ ਸ਼ਾਂਤੀਪੂਰਵਕ ਹੱਲ ਕੀਤਾ ਜਾ ਸਕਦਾ ਸੀ। ਪੰਜਾਬ ਸਰਕਾਰ ਨੂੰ ਅਪੀਲ ਹੈ ਕਿ ਉਨ੍ਹਾਂ ਕਿਸਾਨਾਂ ਨੂੰ ਉਨ੍ਹਾਂ ਦਾ ਮੁਆਵਜ਼ਾ ਦਿੱਤਾ ਜਾਵੇ।
ਇਹ ਵੀ ਪੜ੍ਹੋ
ਸੀਡ-ਫਾਰਮ ਨਿਵਾਸੀਆਂ ਤੇ ਕਿਸਾਨ ਸੰਗਠਨਾਂ ‘ਚ ਗੁੱਸਾ
ਪ੍ਰਸ਼ਾਸਨਿਕ ਅਧਿਕਾਰੀਆਂ ਅਨੁਸਾਰ, ਜਿਨ੍ਹਾਂ ਕੋਲ ਘਰਾਂ ਜਾਂ ਜ਼ਮੀਨ ਦੇ ਮਾਲਕੀ ਕਾਗਜ਼ ਸਨ, ਉਨ੍ਹਾਂ ਨੂੰ ਢੁਕਵਾਂ ਮੁਆਵਜ਼ਾ ਦਿੱਤਾ ਗਿਆ ਹੈ। ਕਬਜ਼ੇ ਹਟਾਉਣ ਤੋਂ ਬਾਅਦ, ਮਸ਼ੀਨਾਂ ਲਗਾ ਕੇ ਮਿੱਟੀ ਭਰਨ ਦਾ ਕੰਮ ਤੁਰੰਤ ਸ਼ੁਰੂ ਕਰ ਦਿੱਤਾ ਗਿਆ। ਇਸ ਕਾਰਵਾਈ ਕਾਰਨ ਬੀਜ ਫਾਰਮ ਨਿਵਾਸੀਆਂ ਅਤੇ ਕਿਸਾਨ ਸੰਗਠਨਾਂ ਵਿੱਚ ਗੁੱਸਾ ਪੈਦਾ ਹੋ ਗਿਆ ਹੈ।