ਜਲੰਧਰ ‘ਚ ਰਿਚੀ ਟਰੈਵਲ ਏਜੰਸੀ ਸਮੇਤ 13 ਥਾਵਾਂ ‘ਤੇ ED ਦੀ ਛਾਪੇਮਾਰੀ, ਕਰੋੜਾਂ ਰੁਪਏ ਨਕਦ, 6 ਕਿਲੋ ਸੋਨਾ ਤੇ 313 ਕਿਲੋ ਚਾਂਦੀ ਬਰਾਮਦ
ਛਾਪੇਮਾਰੀ ਦੌਰਾਨ, ED ਨੇ ਦਿੱਲੀ ਸਥਿਤ ਇੱਕ ਟ੍ਰੈਵਲ ਏਜੰਟ ਦੇ ਠਿਕਾਣੇ ਤੋਂ ਵੱਡੀ ਮਾਤਰਾ 'ਚ ਨਕਦੀ ਤੇ ਕੀਮਤੀ ਧਾਤਾਂ ਬਰਾਮਦ ਕੀਤੀਆਂ। ਇਸ 'ਚ 4.62 ਕਰੋੜ ਰੁਪਏ ਨਕਦ, 313 ਕਿਲੋ ਚਾਂਦੀ ਤੇ 6 ਕਿਲੋ ਸੋਨੇ ਦੇ ਬਿਸਕੁਟ ਸ਼ਾਮਲ ਸਨ। ਇਨ੍ਹਾਂ ਦੀ ਕੁੱਲ ਕੀਮਤ 19.13 ਕਰੋੜ ਰੁਪਏ ਹੋਣ ਦਾ ਅਨੁਮਾਨ ਹੈ।
“ਡੌਂਕੀ ਰੂਟ” ਰਾਹੀਂ ਨੌਜਵਾਨਾਂ ਦੇ ਅਮਰੀਕਾ‘ਚ ਗੈਰ-ਕਾਨੂੰਨੀ ਪ੍ਰਵਾਸ ਦੇ ਸਬੰਧ ‘ਚ, ED ਟੀਮ ਨੇ ਕੱਲ੍ਹ ਹਰਿਆਣਾ ਤੇ ਦਿੱਲੀ ‘ਚ 13 ਕਾਰੋਬਾਰੀ ਤੇ ਰਿਹਾਇਸ਼ੀ ਥਾਵਾਂ ‘ਤੇ ਛਾਪੇਮਾਰੀ ਕੀਤੀ ਗਈ। ਇਸ ਛਾਪੇਮਾਰੀ ‘ਚ ਜਲੰਧਰ ਦੀ ਰਿਚੀ ਟਰੈਵਲ ਏਜੰਸੀ ਵੀ ਸ਼ਾਮਲ ਹੈ। ED ਟੀਮ ਨੇ ਇਸ ਛਾਪੇਮਾਰੀ ਦੌਰਾਨ ਵੱਡੀ ਮਾਤਰਾ ‘ਚ ਨਕਦੀ ਤੇ ਸੋਨਾ ਬਰਾਮਦ ਕੀਤਾ। ਇਹ ਕਾਰਵਾਈ ਫਰਵਰੀ 2025 ‘ਚ ਅਮਰੀਕਾ ਤੋਂ 330 ਭਾਰਤੀਆਂ ਦੇ ਦੇਸ਼ ਨਿਕਾਲਾ ਨਾਲ ਸਬੰਧਤ ਚੱਲ ਰਹੀ ਮਨੀ ਲਾਂਡਰਿੰਗ ਜਾਂਚ ਦਾ ਹਿੱਸਾ ਹੈ।
ਛਾਪੇਮਾਰੀ ਦੌਰਾਨ, ED ਨੇ ਦਿੱਲੀ ਸਥਿਤ ਇੱਕ ਟ੍ਰੈਵਲ ਏਜੰਟ ਦੇ ਠਿਕਾਣੇ ਤੋਂ ਵੱਡੀ ਮਾਤਰਾ ‘ਚ ਨਕਦੀ ਤੇ ਕੀਮਤੀ ਧਾਤਾਂ ਬਰਾਮਦ ਕੀਤੀਆਂ। ਇਸ ‘ਚ 4.62 ਕਰੋੜ ਰੁਪਏ ਨਕਦ, 313 ਕਿਲੋ ਚਾਂਦੀ ਤੇ 6 ਕਿਲੋ ਸੋਨੇ ਦੇ ਬਿਸਕੁਟ ਸ਼ਾਮਲ ਸਨ। ਇਨ੍ਹਾਂ ਦੀ ਕੁੱਲ ਕੀਮਤ 19.13 ਕਰੋੜ ਰੁਪਏ ਹੋਣ ਦਾ ਅਨੁਮਾਨ ਹੈ। ਇਸ ਤੋਂ ਇਲਾਵਾ, ਈਡੀ ਨੇ ਕਥਿਤ ਤੌਰ ‘ਤੇ ਮੋਬਾਈਲ ਚੈਟ ਤੇ ਡਿਜੀਟਲ ਸਬੂਤ ਬਰਾਮਦ ਕੀਤੇ ਹਨ, ਜਿਸ ‘ਚ ਟਿਕਟਾਂ, ਰੂਟਾਂ ਤੇ ਪੈਸੇ ਸੰਬੰਧੀ ਡੌਂਕੀ ਰੂਟ ਦੇ ਹੋਰ ਮੈਂਬਰਾਂ ਨਾਲ ਗੱਲਬਾਤ ਦਾ ਦਸਤਾਵੇਜ਼ੀਕਰਨ ਕੀਤਾ ਗਿਆ ਹੈ।
ਪ੍ਰਾਪਤ ਜਾਣਕਾਰੀ ਦੇ ਅਨੁਸਾਰ, ਇਸ ਕਾਰਵਾਈ ਦੌਰਾਨ, ਈਡੀ ਟੀਮ ਨੇ ਹਰਿਆਣਾ ‘ਚ ਇੱਕ ਮੁੱਖ ਪਲੇਅਰ ਦੇ ਘਰ ਤੋਂ ਰਿਕਾਰਡ ਬਰਾਮਦ ਕੀਤੇ, ਜਿਸ ‘ਚ ਖੁਲਾਸਾ ਹੋਇਆ ਕਿ ਉਹ ਲੋਕਾਂ ਨੂੰ ਮੈਕਸੀਕੋ ਰਾਹੀਂ ਸੰਯੁਕਤ ਰਾਜ ਅਮਰੀਕਾ ਭੇਜਣ ਲਈ ਜਾਇਦਾਦ ਜਾਂ ਜ਼ਮੀਨ ਦੇ ਦਸਤਾਵੇਜ਼ਾਂ ਨੂੰ ਜਮਾਂ ਕਰਦਾ ਸੀ। ਇਸ ਨਾਲ ਪੈਸੇ ਪੱਕੇ ਰਹਿੰਦੇ ਸਨ ਤੇ ਕੋਈ ਵੀ ਭੱਜ ਨਹੀਂ ਸਕਦਾ ਸੀ। ਈਡੀ ਟੀਮ ਨੇ ਹੋਰ ਥਾਵਾਂ ਤੋਂ ਮੋਬਾਈਲ ਫੋਨ, ਦਸਤਾਵੇਜ਼ ਅਤੇ ਹੋਰ ਸ਼ੱਕੀ ਚੀਜ਼ਾਂ ਵੀ ਬਰਾਮਦ ਕੀਤੀਆਂ, ਜੋ ਪੂਰੇ ਨੈੱਟਵਰਕ ਨੂੰ ਜੋੜਨ ‘ਚ ਮਦਦ ਕਰਨਗੀਆਂ।
ਈਡੀ ਹੁਣ ਇਨ੍ਹਾਂ ਸਾਰੇ ਡਿਜੀਟਲ ਡੇਟਾ ਤੇ ਦਸਤਾਵੇਜ਼ਾਂ ਦੀ ਫੋਰੈਂਸਿਕ ਜਾਂਚ ਕਰ ਰਹੀ ਹੈ। ਇਹ ਜਾਂਚ ਪੰਜਾਬ ਤੇ ਹਰਿਆਣਾ ਪੁਲਿਸ ਦੀਆਂ ਐਫਆਈਆਰਜ਼ ‘ਤੇ ਅਧਾਰਤ ਹੈ, ਜਿਸ ‘ਚ ਟ੍ਰੈਵਲ ਏਜੰਟਾਂ, ਵਿਚੋਲਿਆਂ ਤੇ ਹਵਾਲਾ ਆਪਰੇਟਰਾਂ ਦਾ ਨੈੱਟਵਰਕ ਸ਼ਾਮਲ ਹੈ। ਬੀਤੀ ਦਿਨੀਂ ਈਡੀ ਟੀਮ ਨੇ ਇੱਕੋ ਸਮੇਂ ਜਲੰਧਰ ਬੱਸ ਸਟੈਂਡ ਦੇ ਨੇੜੇ ਰਿਚੀ ਟ੍ਰੈਵਲ ਦਫਤਰ ਤੇ ਜਸਵੰਤ ਨਗਰ ਵਿੱਚ ਏਜੰਸੀ ਮਾਲਕ ਦੇ ਘਰ ‘ਤੇ ਛਾਪਾ ਮਾਰਿਆ। ਇਹ ਕਾਰਵਾਈ ਉਸ ਨੈੱਟਵਰਕ ਵਿਰੁੱਧ ਕੀਤੀ ਜਾ ਰਹੀ ਹੈ, ਜਿਸ ਦਾ ਨਾਮ ਹਾਲ ਹੀ ‘ਚ ਅਮਰੀਕਾ ਤੋਂ ਡਿਪੋਰਟ ਕੀਤੇ ਗਏ ਭਾਰਤੀ ਨਾਗਰਿਕਾਂ ਦੇ ਮਾਮਲਿਆਂ ‘ਚ ਸਾਹਮਣੇ ਆਇਆ ਸੀ।