ਹਰ ਨਾਗਰਿਕ ਨੂੰ ਧਾਰਮਿਕ ਯਾਤਰਾ ਦਾ ਅਧਿਕਾਰ, ਸਰਕਾਰ ਕਰੇ ਕਾਰਵਾਈ, ਸਿੱਖ ਨੌਜਵਾਨਾਂ ਦੇ ਝੰਡੇ ਫਾੜਣ ਦਾ ਮਾਮਲੇ ਤੇ ਬੋਲੇ ਧਾਮੀ

kusum-chopra
Updated On: 

19 Mar 2025 18:32 PM

Dhami on Himachal Bhindrawala Controversy: ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਵਿਚਾਲੇ ਇਨ੍ਹੀ ਦਿਨਾਂ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਦੇ ਪੋਸਟਰਾਂ ਨੂੰ ਲੈ ਕੇ ਵਿਵਾਦ ਕਾਫੀ ਡੂੰਘਾ ਹੁੰਦਾ ਜਾ ਰਿਹਾ ਹੈ। ਸਿੱਖ ਜਥੇਬੰਦੀਆਂ ਦੇ ਵਿਰੋਧ ਤੋਂ ਬਾਅਦ ਹੁਣ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਵੀ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਨੇ ਇਸ ਘਟਨਾ ਨੂੰ ਬਹੁਤ ਹੀ ਨਿੰਦਨਯੋਗ ਦੱਸਿਆ ਹੈ।

ਹਰ ਨਾਗਰਿਕ ਨੂੰ ਧਾਰਮਿਕ ਯਾਤਰਾ ਦਾ ਅਧਿਕਾਰ, ਸਰਕਾਰ ਕਰੇ ਕਾਰਵਾਈ, ਸਿੱਖ ਨੌਜਵਾਨਾਂ ਦੇ ਝੰਡੇ ਫਾੜਣ ਦਾ ਮਾਮਲੇ ਤੇ ਬੋਲੇ ਧਾਮੀ

ਹਰਜਿੰਦਰ ਸਿੰਘ ਧਾਮੀ, ਐਸਜੀਪੀਸੀ ਪ੍ਰਧਾਨ

Follow Us On

ਹਿਮਾਚਲ ਪ੍ਰਦੇਸ਼ ਵਿੱਚ ਸਿੱਖ ਨੌਜਵਾਨਾਂ ਦੀਆਂ ਬਾਈਕਾਂ ਤੇ ਲੱਗੇ ਧਾਰਮਿਕ ਝੰਡੇ ਫਾੜਣ ‘ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਡੂੰਘੀ ਚਿੰਤਾ ਪ੍ਰਗਟ ਕੀਤੀ ਹੈ। ਉਨ੍ਹਾਂ ਕਿਹਾ ਕਿ ਕੁਝ ਸਮਾਜ ਵਿਰੋਧੀ ਅਨਸਰ ਸਿੱਖ ਸ਼ਰਧਾਲੂਆਂ ਦੇ ਵਾਹਨਾਂ ਤੋਂ ਨਿਸ਼ਾਨ ਸਾਹਿਬ ਅਤੇ ਸਿੱਖ ਨਾਇਕਾਂ ਦੇ ਝੰਡੇ ਅਤੇ ਤਸਵੀਰਾਂ ਪਾੜ ਰਹੇ ਸਨ, ਜੋ ਬਹੁਤ ਹੀ ਨਿੰਦਨਯੋਗ ਹੈ।

ਐਡਵੋਕੇਟ ਧਾਮੀ ਨੇ ਕਿਹਾ ਕਿ ਅਜਿਹੀਆਂ ਘਟਨਾਵਾਂ ਰਾਸ਼ਟਰੀ ਹਿੱਤ ਵਿੱਚ ਨਹੀਂ ਹਨ। ਉਨ੍ਹਾਂ ਯਾਦ ਦਿਵਾਇਆ ਕਿ ਦੇਸ਼ ਦਾ ਬਹੁ-ਧਾਰਮਿਕ ਅਤੇ ਬਹੁ-ਜਾਤੀ ਸੱਭਿਆਚਾਰ ਸਿੱਖਾਂ ਦੀ ਸ਼ਹਾਦਤ ਦਾ ਨਤੀਜਾ ਹੈ। ਸ਼੍ਰੋਮਣੀ ਕਮੇਟੀ ਮੁਖੀ ਨੇ ਹਿਮਾਚਲ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਦੇ ਕੰਮਕਾਜ ‘ਤੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਆਪਣੀ ਜ਼ਿੰਮੇਵਾਰੀ ਨਹੀਂ ਨਿਭਾ ਰਿਹਾ।

ਸ਼੍ਰੋਮਣੀ ਕਮੇਟੀ ਨੇ ਹਿਮਾਚਲ ਸਰਕਾਰ ਤੋਂ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਹਰੇਕ ਨਾਗਰਿਕ ਨੂੰ ਆਪਣੇ ਧਰਮ ਦੀਆਂ ਕਦਰਾਂ-ਕੀਮਤਾਂ ਨੂੰ ਕਾਇਮ ਰੱਖਣ ਅਤੇ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨ ਦਾ ਪੂਰਾ ਅਧਿਕਾਰ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਹਿਮਾਚਲ ਵਿੱਚ ਸਿੱਖਾਂ ‘ਤੇ ਹੋ ਰਹੇ ਜ਼ੁਲਮ ਦਾ ਮੁੱਦਾ ਚੁੱਕਣ ਦੀ ਵੀ ਮੰਗ ਕੀਤੀ ਹੈ।

ਸਿੱਖਾਂ ਦੀ ਸ਼ਹਾਦਤ ਕਾਰਨ ਦੇਸ਼ ਦਾ ਬਹੁ-ਧਾਰਮਿਕ ਸੱਭਿਆਚਾਰ ਜ਼ਿੰਦਾ

ਧਾਮੀ ਨੇ ਕਿਹਾ ਕਿ ਇਹ ਘਟਨਾ ਰਾਸ਼ਟਰੀ ਹਿੱਤ ਵਿੱਚ ਨਹੀਂ ਹੈ। ਇਹ ਕਦੇ ਨਹੀਂ ਭੁੱਲਣਾ ਚਾਹੀਦਾ ਕਿ ਜੇਕਰ ਅੱਜ ਦੇਸ਼ ਦਾ ਬਹੁ-ਧਾਰਮਿਕ ਅਤੇ ਬਹੁ-ਜਾਤੀ ਸੱਭਿਆਚਾਰ ਬਚਿਆ ਹੋਇਆ ਹੈ, ਤਾਂ ਇਹ ਦੇਸ਼ ਲਈ ਦਿੱਤੀ ਸਿੱਖਾਂ ਦੀ ਸ਼ਹਾਦਤ ਕਾਰਨ ਹੀ ਹੈ। ਹਰ ਕਿਸੇ ਨੂੰ ਆਪਣੇ ਧਰਮ ਦੀਆਂ ਕਦਰਾਂ-ਕੀਮਤਾਂ ਨੂੰ ਕਾਇਮ ਰੱਖਣ ਅਤੇ ਆਪਣੇ ਧਾਰਮਿਕ ਸਥਾਨਾਂ ‘ਤੇ ਜਾਣ ਦਾ ਪੂਰਾ ਅਧਿਕਾਰ ਹੈ।

ਸਿੱਖ ਜਥੇਬੰਦੀਆਂ ਕਰ ਰਹੀਆਂ ਪ੍ਰਦਰਸ਼ਨ

ਉੱਧਰ, ਹੁਸ਼ਿਆਰਪੁਰ ਵਿੱਚ ਸਿੱਖ ਜਥੇਬੰਦੀਆਂ ਨੇ ਹਿਮਾਚਲ ਸਰਕਾਰ ਦੇ ਖਿਲਾਫ ਜੋਰਦਾਰ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਪੰਜਾਬੀ ਨੌਜਵਾਨਾਂ ਦੀਆਂ ਬਾਈਕਾਂ ਤੋਂ ਧਾਰਮਿਕ ਝੰਡੇ ਉਤਰਵਾਉਣ ਵਾਲੇ ਮੁਲਜ਼ਮਾਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ। ਉੱਧਰ, ਬੀਤੀ ਸ਼ਾਮ ਪੰਜਾਬ ਦੇ ਖਰੜ ਵਿੱਚ ਇੱਕ ਆਲਟੋ ਕਾਰ ਵਿੱਚ ਆਏ ਦੋ ਹਮਲਾਵਰਾਂ ਨੇ ਪਹਿਲਾਂ ਹਿਮਾਚਲ ਰੋਡਵੇਜ਼ ਦੀ ਬੱਸ ਰੋਕੀ। ਇਸ ਤੋਂ ਬਾਅਦ ਉਨ੍ਹਾਂ ਨੇ ਹਮਲਾ ਕਰਕੇ ਬੱਸ ਨੂੰ ਨੁਕਸਾਨ ਪਹੁੰਚਾਇਆ ਅਤੇ ਫਰਾਰ ਹੋ ਗਏ। ਖੁਸ਼ਕਿਸਮਤੀ ਨਾਲ, ਇਸ ਘਟਨਾ ਦੌਰਾਨ ਕੋਈ ਯਾਤਰੀ ਜ਼ਖਮੀ ਨਹੀਂ ਹੋਇਆ।

ਕੀ ਹੈ ਪੂਰਾ ਵਿਵਾਦ?

ਤੁਹਾਨੂੰ ਦੱਸ ਦੇਈਏ ਕਿ ਪਿਛਲੇ ਹਫ਼ਤੇ ਪੰਜਾਬ ਤੋਂ ਵੱਡੀ ਗਿਣਤੀ ਵਿੱਚ ਸ਼ਰਧਾਲੂ ਬਾਈਕ ‘ਤੇ ਹਿਮਾਚਲ ਦੇ ਕੁੱਲੂ ਪਹੁੰਚੇ ਸਨ। ਇਸ ਦੌਰਾਨ ਉਨ੍ਹਾਂ ਦੀ ਸਥਾਨਕ ਲੋਕਾਂ ਅਤੇ ਪੁਲਿਸ ਨਾਲ ਬਹਿਸ ਹੋ ਗਈ। ਸਥਾਨਕ ਲੋਕਾਂ ਨੇ ਬਾਈਕਾਂ ਤੋਂ ਭਿੰਡਰਾਂਵਾਲਾ ਦੇ ਝੰਡੇ ਉਤਾਰ ਦਿੱਤੇ ਸਨ। ਇਸ ਤੋਂ ਬਾਅਦ ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿੱਚ ਹਿਮਾਚਲ ਦੀਆਂ ਬੱਸਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਦੋ ਦਿਨ ਪਹਿਲਾਂ ਹੁਸ਼ਿਆਰਪੁਰ ਬੱਸ ਅੱਡੇ ‘ਤੇ ਹਿਮਾਚਲ ਦੀਆਂ ਬੱਸਾਂ ‘ਤੇ ਭਿੰਡਰਾਂਵਾਲਾ ਦੇ ਪੋਸਟਰ ਲਗਾਏ ਗਏ ਸਨ ਅਤੇ ਤਲਵਾਰਾਂ ਲਹਿਰਾ ਕੇ ਧਮਕੀਆਂ ਦਿੱਤੀਆਂ ਗਈਆਂ ਸਨ। ਇਸ ਕਾਰਨ ਹਿਮਾਚਲ ਦੇ ਡਰਾਈਵਰ, ਕੰਡਕਟਰ ਅਤੇ ਯਾਤਰੀ ਡਰੇ ਹੋਏ ਹਨ।