ਸੋਨੀਆ ਗਾਂਧੀ ਦੀ ਕਿਤਾਬ ‘ਚ 1984 ਸਿੱਖ ਕਤਲੇਆਮ ਬਾਰੇ ਕੀਤੇ ਦਾਅਵਿਆਂ ‘ਤੇ ਵਿਵਾਦ, ਐੱਚ.ਐੱਸ. ਫੂਲਕਾ ਨੇ ਇਤਿਹਾਸਕ ਰਿਕਾਰਡ ਦਾ ਹਵਾਲਾ ਦੇ ਕੇ ਚੁੱਕੇ ਸਵਾਲ
Sonia Gandhi: ਕਾਂਗਰਸ ਆਗੂ ਸੋਨੀਆ ਗਾਂਧੀ ਦੀ ਕਿਤਾਬ Belonging: A Journey of Love ਵਿੱਚ 1984 ਦੇ ਸਿੱਖ ਕਤਲੇਆਮ ਨੂੰ ਲੈ ਕੇ ਕੀਤੇ ਗਏ ਦਾਅਵਿਆਂ ਨੇ ਪੰਜਾਬ ਵਿੱਚ ਨਵਾਂ ਵਿਵਾਦ ਛੇੜ ਦਿੱਤਾ ਹੈ। ਸੋਨੀਆ ਗਾਂਧੀ ਨੇ ਆਪਣੀ ਕਿਤਾਬ ਵਿੱਚ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਦਿੱਲੀ ਵਿੱਚ ਭੜਕੀ ਹਿੰਸਾ ਅਤੇ ਫੌਜ ਦੀ ਤਾਇਨਾਤੀ ਵਿੱਚ ਹੋਈ ਦੇਰੀ ਬਾਰੇ ਆਪਣਾ ਪੱਖ ਰੱਖਿਆ ਹੈ।
ਸੋਨੀਆ ਗਾਂਧੀ ਦੀ ਕਿਤਾਬ 'ਚ 1984 ਸਿੱਖ ਕਤਲੇਆਮ ਬਾਰੇ ਦਾਅਵਿਆਂ 'ਤੇ ਵਿਵਾਦ
ਕਾਂਗਰਸ ਆਗੂ ਸੋਨੀਆ ਗਾਂਧੀ ਦੀ ਕਿਤਾਬ Belonging: A Journey of Love ਦੇ 17ਵੇਂ ਅਧਿਆਇ ਵਿੱਚ ਸਿੱਖ ਕਤਲੇਆਮ ਨੂੰ ਲੈ ਕੇ ਕੀਤੇ ਗਏ ਦਾਅਵਿਆਂ ‘ਤੇ ਪੰਜਾਬ ਵਿੱਚ ਵਿਵਾਦ ਸ਼ੁਰੂ ਹੋ ਗਿਆ ਹੈ। ਸੋਨੀਆ ਗਾਂਧੀ ਨੇ ਦਾਅਵਾ ਕੀਤਾ ਹੈ ਕਿ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਜਦੋਂ ਲੋਕਾਂ ਵਿੱਚ ਗੁੱਸਾ ਭੜਕਿਆ ਤਾਂ ਦਿੱਲੀ ਵਿੱਚ ਦੰਗੇ ਹੋਏ। ਉਨ੍ਹਾਂ ਮੁਤਾਬਕ, ਇੰਦਰਾ ਗਾਂਧੀ ਦੀ ਹੱਤਿਆ ਵਾਲੀ ਰਾਤ ਹੀ ਜਨਰਲ ਵੈਦਿਆ ਨੂੰ ਦਿੱਲੀ ਵਿੱਚ ਫੌਜ ਤਾਇਨਾਤ ਕਰਨ ਦੇ ਹੁਕਮ ਦੇ ਦਿੱਤੇ ਗਏ ਸਨ। ਜਨਰਲ ਵੈਦਿਆ ਨੇ ਨੇੜੇ ਤੋਂ ਫੌਜ ਬੁਲਾਉਣ ਦੀ ਬਜਾਏ ਦੂਰ ਸਥਿਤ ਦੇਹਰਾਦੂਨ ਤੋਂ ਫੌਜ ਮੰਗਵਾਈ। ਫੌਜ ਦੇ ਪਹੁੰਚਣ ਵਿੱਚ ਦੇਰੀ ਹੋਣ ਕਾਰਨ ਹਿੰਸਾ ‘ਤੇ ਕਾਬੂ ਪਾਉਣ ਵਿੱਚ ਸਮਾਂ ਲੱਗ ਗਿਆ।
ਦੂਜੇ ਪਾਸੇ, ਭਾਜਪਾ ਆਗੂ ਅਤੇ ਦਿੱਲੀ ਦੰਗਾ ਪੀੜਤ ਸਿੱਖਾਂ ਦਾ ਕੇਸ ਲੜਨ ਵਾਲੇ ਐਡਵੋਕੇਟ ਐੱਚ.ਐੱਸ. ਫੂਲਕਾ ਨੇ ਇਨ੍ਹਾਂ ਦਾਅਵਿਆਂ ‘ਤੇ ਸਵਾਲ ਚੁੱਕੇ ਹਨ। ਉਨ੍ਹਾਂ ਪੁੱਛਿਆ ਕਿ ਦਿੱਲੀ ਵਿੱਚ ਪਹਿਲਾਂ ਹੀ 6,100 ਫੌਜੀ ਤਾਇਨਾਤ ਸਨ, ਪਰ ਦੰਗਿਆਂ ਦੌਰਾਨ ਉਨ੍ਹਾਂ ਨੂੰ ਸੜਕਾਂ ‘ਤੇ ਕਿਉਂ ਨਹੀਂ ਉਤਾਰਿਆ ਗਿਆ?
ਉਨ੍ਹਾਂ ਇਹ ਵੀ ਸਵਾਲ ਕੀਤਾ ਕਿ ਸਿੱਖ ਕਤਲੇਆਮ ਤੋਂ ਬਾਅਦ ਰਾਜੀਵ ਗਾਂਧੀ ਨੇ ਇਹ ਕਿਉਂ ਕਿਹਾ ਸੀ ਕਿ, “ਜਦੋਂ ਕੋਈ ਵੱਡਾ ਦਰੱਖਤ ਡਿੱਗਦਾ ਹੈ ਤਾਂ ਧਰਤੀ ਥੋੜ੍ਹੀ ਹਿੱਲਦੀ ਹੈ।” ਫੂਲਕਾ ਮੁਤਾਬਕ, ਇਸ ਬਿਆਨ ਰਾਹੀਂ ਕਤਲੇਆਮ ਨੂੰ ਜਾਇਜ਼ ਠਹਿਰਾਉਣ ਦੀ ਕੋਸ਼ਿਸ਼ ਕੀਤੀ ਗਈ ਸੀ।
ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਫੈਲੀ ਹਿੰਸਾ
ਸੋਨੀਆ ਗਾਂਧੀ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਪੂਰੇ ਘਟਨਾਕ੍ਰਮ ਨੂੰ ਲੈ ਕੇ ਆਪਣੇ ਪਰਿਵਾਰ ਦਾ ਪੱਖ ਰੱਖਿਆ ਹੈ। ਉਨ੍ਹਾਂ ਨੇ ਲਿਖਿਆ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਰਾਜਧਾਨੀ ਦਿੱਲੀ ਸਮੇਤ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਹਾਲਾਤ ਵਿਗੜਨ ਲੱਗੇ ਅਤੇ ਭਿਆਨਕ ਹਿੰਸਾ ਭੜਕ ਉੱਠੀ।
ਇਹ ਵੀ ਪੜ੍ਹੋ
ਰਾਜੀਵ ਗਾਂਧੀ ਨੇ ਕੀਤੀ ਸ਼ਾਂਤੀ ਦੀ ਅਪੀਲ
ਸੋਨੀਆ ਗਾਂਧੀ ਮੁਤਾਬਕ, ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ ਚੁੱਕਣ ਤੋਂ ਤੁਰੰਤ ਬਾਅਦ 31 ਅਕਤੂਬਰ ਦੀ ਰਾਤ ਰਾਜੀਵ ਗਾਂਧੀ ਨੇ ਰਾਸ਼ਟਰੀ ਟੈਲੀਵਿਜ਼ਨ ‘ਤੇ ਦੇਸ਼ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਲੋਕਾਂ ਨੂੰ ਸ਼ਾਂਤ ਰਹਿਣ ਅਤੇ ਸੰਜਮ ਵਰਤਣ ਦੀ ਅਪੀਲ ਕੀਤੀ। 1 ਅਤੇ 2 ਨਵੰਬਰ ਨੂੰ ਵੀ ਉਨ੍ਹਾਂ ਨੇ ਕਈ ਮਾਧਿਅਮਾਂ ਰਾਹੀਂ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ।
ਜਨਰਲ ਵੈਦਿਆ ਨੇ ਦੇਰੀ ਨਾਲ ਬੁਲਾਈ ਫੌਜ
ਸੋਨੀਆ ਗਾਂਧੀ ਨੇ ਲਿਖਿਆ ਹੈ ਕਿ ਥਲ ਸੈਨਾ ਮੁਖੀ ਜਨਰਲ ਏ.ਐੱਸ. ਵੈਦਿਆ ਨੂੰ 31 ਅਕਤੂਬਰ ਨੂੰ ਇੰਦਰਾ ਗਾਂਧੀ ਦੀ ਹੱਤਿਆ ਵਾਲੀ ਰਾਤ ਹੀ ਦਿੱਲੀ ਵਿੱਚ ਫੌਜ ਤਾਇਨਾਤ ਕਰਨ ਦੇ ਹੁਕਮ ਦੇ ਦਿੱਤੇ ਗਏ ਸਨ।
ਹਾਲਾਂਕਿ, ਜਨਰਲ ਵੈਦਿਆ ਨੇ ਦਿੱਲੀ ਦੇ ਨੇੜਲੇ ਫੌਜੀ ਅੱਡੇ ਤੋਂ ਜਵਾਨਾਂ ਨੂੰ ਇਕੱਠਾ ਕਰਨ ਦੀ ਬਜਾਏ ਦੇਹਰਾਦੂਨ ਤੋਂ ਫੌਜ ਦੀਆਂ ਟੁਕੜੀਆਂ ਬੁਲਾਉਣ ਦਾ ਫੈਸਲਾ ਕੀਤਾ। ਅਜਿਹਾ ਇਸ ਲਈ ਕੀਤਾ ਗਿਆ ਕਿਉਂਕਿ ਦਿੱਲੀ ਦੇ ਨੇੜੇ ਤਾਇਨਾਤ ਫੌਜੀ ਇਕਾਈਆਂ ਵਿੱਚ ਸਿੱਖ ਜਵਾਨਾਂ ਦੀ ਗਿਣਤੀ ਕਾਫ਼ੀ ਜ਼ਿਆਦਾ ਸੀ।
ਸ੍ਰੀ ਹਰਿਮੰਦਰ ਸਾਹਿਬ (ਗੋਲਡਨ ਟੈਂਪਲ) ਵਿੱਚ ਆਪ੍ਰੇਸ਼ਨ ਬਲੂ ਸਟਾਰ ਤੋਂ ਬਾਅਦ ਹੋਏ ਛੋਟੇ-ਮੋਟੇ ਵਿਦਰੋਹਾਂ ਨੂੰ ਦੇਖਦਿਆਂ ਹਾਲਾਤ ਹੋਰ ਵਿਗੜਨ ਦਾ ਖ਼ਦਸ਼ਾ ਸੀ। ਇਸੇ ਕਾਰਨ ਫੌਜ ਦੀ ਤਾਇਨਾਤੀ ਵਿੱਚ ਸਮਾਂ ਲੱਗਿਆ ਅਤੇ 1 ਨਵੰਬਰ ਦੀ ਰਾਤ ਤੋਂ ਲੈ ਕੇ 2 ਨਵੰਬਰ ਦੀ ਦੁਪਹਿਰ ਤੱਕ ਫੌਜ ਸ਼ਹਿਰ ਦੇ ਸੰਵੇਦਨਸ਼ੀਲ ਇਲਾਕਿਆਂ ਵਿੱਚ ਮੋਰਚਾ ਸੰਭਾਲ ਸਕੀ।
ਰਾਜੀਵ ਗਾਂਧੀ ਦੀ ਨੀਅਤ ਸਹੀ ਸੀ, ਅਧਿਕਾਰੀਆਂ ਨੇ ਕੀਤੀ ਅਣਦੇਖੀ
ਸੋਨੀਆ ਗਾਂਧੀ ਨੇ ਲਿਖਿਆ ਹੈ ਕਿ ਰਾਜੀਵ ਗਾਂਧੀ ਦਿਲੋਂ ਨਿਆਂਪਸੰਦ ਅਤੇ ਦਿਆਲੂ ਇਨਸਾਨ ਸਨ। ਉਹ ਮਾਸੂਮ ਮਰਦਾਂ, ਔਰਤਾਂ ਅਤੇ ਬੱਚਿਆਂ ‘ਤੇ ਹੋਏ ਬੇਰਹਿਮ ਅੱਤਿਆਚਾਰਾਂ ਨੂੰ ਕਦੇ ਵੀ ਸਹੀ ਨਹੀਂ ਠਹਿਰਾ ਸਕਦੇ ਸਨ। ਹਾਲਾਂਕਿ, ਉਸ ਸਮੇਂ ਦੇਸ਼ ਦਾ ਪ੍ਰਸ਼ਾਸਨਿਕ ਢਾਂਚਾ ਪੂਰੀ ਤਰ੍ਹਾਂ ਲੜਖੜਾ ਗਿਆ ਸੀ ਅਤੇ ਕੁਝ ਅਧਿਕਾਰੀਆਂ ਨੇ ਉਪਦਰਵੀਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਬਜਾਏ ਉਨ੍ਹਾਂ ਦੀਆਂ ਹਰਕਤਾਂ ਨੂੰ ਅਣਦੇਖਾ ਕੀਤਾ।
ਇਤਿਹਾਸਕ ਤੱਥਾਂ ਨੂੰ ਤੋੜ-ਮਰੋੜ ਕੇ ਕੀਤਾ ਪੇਸ਼
ਭਾਜਪਾ ਆਗੂ ਅਤੇ ਸੁਪਰੀਮ ਕੋਰਟ ਦੇ ਵਕੀਲ ਐੱਚ.ਐੱਸ. ਫੂਲਕਾ ਨੇ ਸੋਨੀਆ ਗਾਂਧੀ ਦੀ ਕਿਤਾਬ ਵਿੱਚ ਕੀਤੇ ਗਏ ਦਾਅਵਿਆਂ ਨੂੰ ਪੂਰੀ ਤਰ੍ਹਾਂ ਖਾਰਜ ਕਰ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਸੋਨੀਆ ਗਾਂਧੀ ਨੇ 1984 ਦੇ ਸਿੱਖ ਕਤਲੇਆਮ ਦੇ ਇਤਿਹਾਸਕ ਅਤੇ ਅਧਿਕਾਰਤ ਰਿਕਾਰਡ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਹੈ। ਉਨ੍ਹਾਂ ਮੁਤਾਬਕ, ਸੋਨੀਆ ਗਾਂਧੀ ਕਿਤਾਬ ਰਾਹੀਂ ਆਪਣੇ ਪਰਿਵਾਰ ਨੂੰ ਬੇਕਸੂਰ ਸਾਬਤ ਕਰਨ ਦੀ ਅਸਫ਼ਲ ਕੋਸ਼ਿਸ਼ ਕਰ ਰਹੀ ਹੈ।
ਦਿੱਲੀ ਵਿੱਚ ਪਹਿਲਾਂ ਹੀ ਮੌਜੂਦ ਸਨ 6,100 ਫੌਜੀ
ਐੱਚ.ਐੱਸ. ਫੂਲਕਾ ਨੇ ਜਸਟਿਸ ਰੰਗਨਾਥ ਮਿਸ਼ਰਾ ਕਮਿਸ਼ਨ ਅਤੇ ਜਸਟਿਸ ਜੀ.ਟੀ. ਨਾਨਾਵਤੀ ਕਮਿਸ਼ਨ ਦੀਆਂ ਅਧਿਕਾਰਤ ਰਿਪੋਰਟਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ 31 ਅਕਤੂਬਰ ਦੀ ਰਾਤ ਅਤੇ 1 ਨਵੰਬਰ 1984 ਦੀ ਸਵੇਰ ਨੂੰ ਦਿੱਲੀ ਵਿੱਚ ਪਹਿਲਾਂ ਹੀ 6,100 ਹਥਿਆਰਬੰਦ ਫੌਜੀ ਮੌਜੂਦ ਸਨ।
ਜਨਰਲ ਵੈਦਿਆ ‘ਤੇ ਆਰੋਪ ਮੜ੍ਹਨਾ ਗਲਤ
ਫੂਲਕਾ ਨੇ ਕਿਹਾ ਕਿ ਜਨਰਲ ਵੈਦਿਆ ਨੇ ਆਪਣੇ ਰਿਕਾਰਡ ਕੀਤੇ ਬਿਆਨ ਵਿੱਚ ਖ਼ੁਦ ਕਿਹਾ ਸੀ ਕਿ ਉਨ੍ਹਾਂ ਨੇ ਸੋਚਿਆ ਸੀ ਕਿ ਦਿੱਲੀ ਵਿੱਚ ਫੌਜ ਹੋਣੀ ਚਾਹੀਦੀ ਹੈ। ਇਸ ਲਈ ਉਨ੍ਹਾਂ ਨੇ ਦਿੱਲੀ ਦੇ GOC (ਜਨਰਲ ਆਫ਼ਿਸਰ ਕਮਾਂਡਿੰਗ) ਤੋਂ ਪੁੱਛਿਆ ਅਤੇ ਉੱਥੋਂ ਜਵਾਬ ਮਿਲਿਆ ਕਿ ਸਾਡੇ ਕੋਲ ਫੌਜ ਮੌਜੂਦ ਹੈ।
ਇਸ ਤੋਂ ਬਾਅਦ ਜਨਰਲ ਵੈਦਿਆ ਨੇ ਉਸੇ ਰਾਤ ਮੇਰਠ ਤੋਂ ਫੌਜ ਦਿੱਲੀ ਭੇਜ ਦਿੱਤੀ ਸੀ। ਜਨਰਲ ਵੈਦਿਆ ਨੇ ਆਪਣੇ ਬਿਆਨ ਵਿੱਚ ਕਿਹਾ ਸੀ ਕਿ ਫੌਜ ਨੂੰ ਅਲਰਟ ਮੋਡ ‘ਤੇ ਰੱਖਣਾ ਫੌਜ ਮੁਖੀ ਦੀ ਜ਼ਿੰਮੇਵਾਰੀ ਹੁੰਦੀ ਹੈ, ਜਦਕਿ ਕਾਨੂੰਨ-ਵਿਵਸਥਾ ਬਣਾਈ ਰੱਖਣ ਲਈ ਫੌਜ ਨੂੰ ਸੜਕਾਂ ‘ਤੇ ਤਾਇਨਾਤ ਕਰਨਾ ਸਿਵਲ ਪ੍ਰਸ਼ਾਸਨ ਅਤੇ ਗ੍ਰਹਿ ਮੰਤਰਾਲੇ ਦਾ ਕੰਮ ਹੁੰਦਾ ਹੈ। ਫੂਲਕਾ ਮੁਤਾਬਕ, ਉਸ ਸਮੇਂ ਦੇ ਪ੍ਰਸ਼ਾਸਨਿਕ ਤੰਤਰ ਨੇ ਫੌਜ ਦੀ ਵਰਤੋਂ ਹੀ ਨਹੀਂ ਕੀਤੀ।
ਫੌਜ ਨੂੰ ਐਕਟਿਵ ਨਾ ਕਰਨ ਵਾਲਿਆਂ ‘ਤੇ ਰਾਜੀਵ ਨੇ ਕਾਰਵਾਈ ਕਿਉਂ ਨਹੀਂ ਕੀਤੀ?
ਫੂਲਕਾ ਨੇ ਕਿਹਾ ਕਿ ਸੋਨੀਆ ਗਾਂਧੀ ਨੇ ਆਪਣੀ ਕਿਤਾਬ ਵਿੱਚ ਲਿਖਿਆ ਹੈ ਕਿ ਰਾਜੀਵ ਗਾਂਧੀ ਨੇ ਸ਼ਾਂਤੀ ਦੀ ਅਪੀਲ ਕੀਤੀ ਸੀ ਅਤੇ ਉਹ ਇਸ ਕਤਲੇਆਮ ਤੋਂ ਦੁਖੀ ਸਨ। ਉਨ੍ਹਾਂ ਸਵਾਲ ਚੁੱਕਿਆ ਕਿ ਜੇਕਰ ਰਾਜੀਵ ਗਾਂਧੀ ਸਿੱਧੇ ਤੌਰ ‘ਤੇ ਇਸ ਲਈ ਜ਼ਿੰਮੇਵਾਰ ਨਹੀਂ ਸਨ ਤਾਂ ਉਨ੍ਹਾਂ ਨੇ 1 ਨਵੰਬਰ ਦੀ ਸਵੇਰ ਨੂੰ ਦਿੱਲੀ ਵਿੱਚ ਮੌਜੂਦ ਫੌਜ ਨੂੰ ektive ਨਾ ਕਰਨ ਵਾਲੇ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਕਾਤਲਾਂ ਨੂੰ ਪਨਾਹ ਦੇਣ ਵਾਲੇ ਆਗੂਆਂ ਵਿਰੁੱਧ ਕੋਈ ਕਾਰਵਾਈ ਕਿਉਂ ਨਹੀਂ ਕੀਤੀ?
ਖ਼ੁਦ ਨੂੰ ਬੇਦਾਗ਼ ਸਾਬਤ ਕਰਨ ਦੀ ਕੋਸ਼ਿਸ਼
ਫੂਲਕਾ ਨੇ ਕਿਹਾ ਕਿ ਸੋਨੀਆ ਗਾਂਧੀ ਵੱਲੋਂ ਆਪਣੀ ਕਿਤਾਬ Belonging: A Journey of Love ਵਿੱਚ ਰਾਜੀਵ ਗਾਂਧੀ ਅਤੇ ਗਾਂਧੀ ਪਰਿਵਾਰ ਨੂੰ ਬੇਦਾਗ਼ ਕਰਾਰ ਦੇਣਾ ਅਧਿਕਾਰਤ ਦਸਤਾਵੇਜ਼ਾਂ, ਜਾਂਚ ਕਮਿਸ਼ਨਾਂ ਦੇ ਨਤੀਜਿਆਂ ਅਤੇ ਚਸ਼ਮਦੀਦ ਗਵਾਹਾਂ ਦੇ ਬਿਆਨਾਂ ਦੇ ਬਿਲਕੁਲ ਉਲਟ ਹੈ। ਉਨ੍ਹਾਂ ਇਸ ਨੂੰ ਸਫ਼ੈਦ ਝੂਠ ਕਰਾਰ ਦਿੱਤਾ।
