AAP ਵਿਧਾਇਕ ਦੀ ਸ਼ਿਕਾਇਤ, ਬੋਲੇ -ਲਾਰੈਂਸ ਗੈਂਗ ਵੱਲੋਂ ਕੇਜਰੀਵਾਲ ਨੂੰ ਕਥਿਤ ਤੌਰ ‘ਤੇ ਧਮਕੀ ਦੇ ਕੇ ਮੰਗੇ 7 ਕਰੋੜ , ਮੋਹਾਲੀ ਵਿੱਚ ਕੇਸ ਦਰਜ

Updated On: 

12 Nov 2026 12:51 PM IST

Arvind Kejriwal Got Threat from Lawrance Bishnoi: ਅਰਵਿੰਦ ਕੇਜਰੀਵਾਲ ਗੈਂਗਸਟਰ ਲਾਰੈਂਸ ਬਾਰੇ ਭਾਜਪਾ ਅਤੇ ਕੇਂਦਰ ਸਰਕਾਰ 'ਤੇ ਲਗਾਤਾਰ ਸਵਾਲ ਚੁੱਕਦੇ ਰਹੇ ਹਨ। ਉਨ੍ਹਾਂ ਨੇ ਕਦੇ ਦਿੱਲੀ ਵਿੱਚ ਕਾਰੋਬਾਰੀਆਂ 'ਤੇ ਜਬਰੀ ਵਸੂਲੀ ਅਤੇ ਗੋਲੀਬਾਰੀ ਦਾ ਮੁੱਦਾ ਚੁੱਕਿਆ ਅਤੇ ਕਦੇ ਸਾਬਰਮਤੀ ਜੇਲ੍ਹ ਵਿੱਚ ਬੰਦ ਗੈਂਗਸਟਰ ਲਾਰੈਂਸ ਦੇ ਕਥਿਤ ਨੈੱਟਵਰਕ ਅਤੇ ਉਸਨੂੰ ਮਿਲ ਰਹੀ ਰਾਜਨੀਤਿਕ ਸੁਰੱਖਿਆ 'ਤੇ ਸਵਾਲ ਚੁੱਕੇ।

AAP ਵਿਧਾਇਕ ਦੀ ਸ਼ਿਕਾਇਤ, ਬੋਲੇ -ਲਾਰੈਂਸ ਗੈਂਗ ਵੱਲੋਂ ਕੇਜਰੀਵਾਲ ਨੂੰ ਕਥਿਤ ਤੌਰ ਤੇ ਧਮਕੀ ਦੇ ਕੇ ਮੰਗੇ 7 ਕਰੋੜ , ਮੋਹਾਲੀ ਵਿੱਚ ਕੇਸ ਦਰਜ

ਦਿੱਲੀ ਵਿੱਚ ਆਮ ਆਦਮੀ ਪਾਰਟੀ (AAP) ਦੇ ਵਿਧਾਇਕ ਜਰਨੈਲ ਸਿੰਘ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਲਾਰੈਂਸ ਗੈਂਗ ਨੇ ਅਰਵਿੰਦ ਕੇਜਰੀਵਾਲ ਤੋਂ 7 ਕਰੋੜ ਰੁਪਏ ਦੀ ਫਿਰੌਤੀ ਮੰਗੀ ਹੈ। ਲਾਰੈਂਸ ਗੈਂਗ ਦਾ ਮੈਂਬਰ ਹੋਣ ਦਾ ਦਾਅਵਾ ਕਰਨ ਵਾਲੇ ਇੱਕ ਅਣਪਛਾਤੇ ਵਿਅਕਤੀ ਨੇ ਫ਼ੋਨ ਅਤੇ ਵਟਸਐਪ ਮੈਸੇਜੇਸ ਰਾਹੀਂ ਇਹ ਧਮਕੀ ਦਿੱਤੀ ਹੈ।

ਦਿੱਲੀ ਦੇ ਤਿਲਕ ਨਗਰ ਤੋਂ ‘AAP’ ਵਿਧਾਇਕ ਜਰਨੈਲ ਸਿੰਘ ਨੇ ਦੱਸਿਆ ਕਿ 6 ਨਵੰਬਰ, 2026 ਨੂੰ ਸ਼ਾਮ 6 ਵਜੇ ਦੇ ਕਰੀਬ, ਉਨ੍ਹਾਂ ਨੂੰ ਉਨ੍ਹਾਂ ਦੇ ਨਿੱਜੀ ਮੋਬਾਈਲ ਨੰਬਰ ‘ਤੇ ਇੱਕ ਅਣਜਾਣ ਨੰਬਰ (+91 74190 30753) ਤੋਂ ਕਾਲ ਅਤੇ ਵਟਸਐਪ ਮੈਸੇਜ ਆਇਆ। ਉਨ੍ਹਾਂ ਦੇ ਵਟਸਐਪ ਪ੍ਰੋਫਾਈਲ ‘ਤੇ “~ $H” ਨਾਮ ਪ੍ਰਦਰਸ਼ਿਤ ਹੋ ਰਿਹਾ ਸੀ।

ਮੁਲਜ਼ਮ ਨੇ ਮੈਸੇਜ ਵਿੱਚ ਲਿਖਿਆ, “ਮੈਂ ਲਾਰੈਂਸ ਗੈਂਗ ਤੋਂ ਹਾਂ। ਅਰਵਿੰਦ ਕੇਜਰੀਵਾਲ ਨੂੰ ਕਹੋ ਕਿ ਮੈਨੂੰ 7 ਕਰੋੜ ਰੁਪਏ ਦੇਣ ਨਹੀਂ ਤਾਂ ਮੈਂ ਅਰਵਿੰਦ ਕੇਜਰੀਵਾਲ ਅਤੇ ਉਨ੍ਹਾਂ ਦੀ ਧੀ ਹਰਸ਼ਿਤਾ ਕੇਜਰੀਵਾਲ ਨੂੰ ਜਾਨੋ ਮਾਰ ਦਿਆਂਗਾ।”

7 ਨਵੰਬਰ, 2026 ਨੂੰ ਰਾਤ 9:16 ਵਜੇ ਮੋਹਾਲੀ ਦੇ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਵਿੱਚ ਐਫਆਈਆਰ ਦਰਜ ਕੀਤੀ ਗਈ ਸੀ। ਪੁਲਿਸ ਨੇ ਅਣਪਛਾਤੇ ਕਾਲਰ ਖਿਲਾਫ਼ ਧਾਰਾ 308(4) (ਮੌਤ ਦਾ ਡਰ ਦਿਖਾਉਣਾ ਜਾਂ ਫਿਰੌਤੀ ਲਈ ਗੰਭੀਰ ਸੱਟ ਦਾ ਡਰ ਦਿਖਾਉਣਾ), 351(2), 351(3), 351(4) (ਅਪਰਾਧਿਕ ਧਮਕੀ), 111(2) (ਸੰਗਠਿਤ ਅਪਰਾਧ) ਆਈਪੀਸੀ, 2023 ਅਤੇ ਆਈਟੀ ਐਕਟ ਦੀ ਧਾਰਾ 66ਡੀ ਤਹਿਤ ਮਾਮਲਾ ਦਰਜ ਕੀਤਾ ਹੈ। ਮਾਮਲੇ ਦੀ ਤਕਨੀਕੀ ਜਾਂਚ ਇੰਸਪੈਕਟਰ ਸੁਨੀਲ ਕੁਮਾਰ ਨੂੰ ਸੌਂਪੀ ਗਈ ਹੈ।

ਕੇਜਰੀਵਾਲ ਨੇ ਚੁੱਕੇ ਸਨ ਲਾਰੈਂਸ ਨੂੰ ਲੈ ਕੇ ਸਵਾਲ

ਆਪ ਕਨਵੀਨਰ ਅਰਵਿੰਦ ਕੇਜਰੀਵਾਲ ਗੈਂਗਸਟਰ ਲਾਰੈਂਸ ਬਾਰੇ ਭਾਜਪਾ ਅਤੇ ਕੇਂਦਰ ਸਰਕਾਰ ‘ਤੇ ਲਗਾਤਾਰ ਸਵਾਲ ਚੁੱਕਦੇ ਰਹੇ ਹਨ। ਉਨ੍ਹਾਂ ਨੇ ਕਦੇ ਦਿੱਲੀ ਵਿੱਚ ਕਾਰੋਬਾਰੀਆਂ ‘ਤੇ ਜਬਰੀ ਵਸੂਲੀ ਅਤੇ ਗੋਲੀਬਾਰੀ ਦਾ ਮੁੱਦਾ ਚੁੱਕਿਆ ਅਤੇ ਕਦੇ ਸਾਬਰਮਤੀ ਜੇਲ੍ਹ ਵਿੱਚ ਬੰਦ ਗੈਂਗਸਟਰ ਲਾਰੈਂਸ ਦੇ ਕਥਿਤ ਨੈੱਟਵਰਕ ਅਤੇ ਉਸਨੂੰ ਮਿਲ ਰਹੀ ਰਾਜਨੀਤਿਕ ਸੁਰੱਖਿਆ ‘ਤੇ ਸਵਾਲ ਚੁੱਕੇ।

ਸਿੱਧੂ ਮੂਸੇਵਾਲਾ ਕਤਲਕਾਂਡ ਤੋਂ ਬਾਅਦ ਉਠਾਇਆ ਗੈਂਗਸਟਰਾਂ ਦਾ ਮੁੱਦਾ

15 ਜੂਨ, 2022 ਨੂੰ, ਦਿੱਲੀ ਦੇ ਸ਼ਹੀਦ ਭਗਤ ਸਿੰਘ ਇੰਟਰਸਟੇਟ ਬੱਸ ਟਰਮੀਨਲ ‘ਤੇ ਲਗਜ਼ਰੀ ਬੱਸਾਂ ਨੂੰ ਰਵਾਨਾ ਕਰਨ ਲਈ ਇੱਕ ਸਮਾਰੋਹ ਦੌਰਾਨ, ਅਰਵਿੰਦ ਕੇਜਰੀਵਾਲ ਨੇ ਪੰਜਾਬ ਵਿੱਚ ਗੈਂਗਸਟਰਾਂ ਖਿਲਾਫ਼ ਕਾਰਵਾਈ ਦਾ ਮੁੱਦਾ ਚੁੱਕਿਆ ਸੀ। ਇਸ ਸਮਾਗਮ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਮੌਜੂਦ ਸਨ।

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ, ਲਾਰੈਂਸ ਨੂੰ ਪੁੱਛਗਿੱਛ ਲਈ ਤਿਹਾੜ ਜੇਲ੍ਹ ਤੋਂ ਪੰਜਾਬ ਲਿਆਂਦਾ ਗਿਆ ਸੀ। ਇਸ ਘਟਨਾਕ੍ਰਮ ਦੌਰਾਨ, ਕੇਜਰੀਵਾਲ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੌਰਾਨ, ਗੈਂਗਸਟਰਾਂ ਖਿਲਾਫ਼ ਢੁਕਵੀਂ ਕਾਰਵਾਈ ਨਹੀਂ ਕੀਤੀ ਗਈ ਸੀ ਅਤੇ ਉਨ੍ਹਾਂ ਨੂੰ ਰਾਜਨੀਤਿਕ ਸੁਰੱਖਿਆ ਮਿਲੀ ਹੋਈ ਸੀ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਉਨ੍ਹਾਂ ਦੀ ਸਰਕਾਰ ਗਲਤ ਕੰਮਾਂ ਵਿੱਚ ਸ਼ਾਮਲ ਲੋਕਾਂ ਖਿਲਾਫ਼ ਕਾਰਵਾਈ ਕਰ ਰਹੀ ਹੈ।

ਭਾਜਪਾ ਦੀ ਲਾਰੈਂਸ ਨੂੰ ਕਿਉਂ ਸੁੱਰਖਿਆ ਕਿਉਂ? ਕੇਜਰੀਵਾਲ ਦਾ ਸਵਾਲ

29 ਨਵੰਬਰ, 2024 ਨੂੰ, ਦਿੱਲੀ ਵਿਧਾਨ ਸਭਾ ਦੇ ਸਰਦ ਰੁੱਤ ਸੈਸ਼ਨ ਦੌਰਾਨ, ਦਿੱਲੀ ਵਿੱਚ ਵੱਧ ਰਹੇ ਅਪਰਾਧ, ਕਾਰੋਬਾਰੀਆਂ ਤੋਂ ਜਬਰੀ ਵਸੂਲੀ ਅਤੇ ਕਾਨੂੰਨ ਵਿਵਸਥਾ ‘ਤੇ ਚਰਚਾ ਕਰਦੇ ਹੋਏ, ਕੇਜਰੀਵਾਲ ਨੇ ਸਿੱਧੇ ਤੌਰ ‘ਤੇ ਲਾਰੈਂਸ ਦਾ ਨਾਮ ਲਿਆ।

ਉਨ੍ਹਾਂ ਸਵਾਲ ਕੀਤਾ ਸੀ ਕਿ ਸਾਬਰਮਤੀ ਜੇਲ੍ਹ ਵਿੱਚ ਕੈਦ ਹੋਣ ਦੇ ਬਾਵਜੂਦ ਲਾਰੈਂਸ ਦਾ ਗਿਰੋਹ ਦਿੱਲੀ ਵਿੱਚ ਕਿਵੇਂ ਫਿਰੌਤੀ ਰੈਕੇਟ ਚਲਾ ਰਿਹਾ ਸੀ। ਕੇਜਰੀਵਾਲ ਨੇ ਪੁੱਛਿਆ ਸੀ, “ਇਹ ਲਾਰੈਂਸ ਬਿਸ਼ਨੋਈ ਕੌਣ ਹੈ ਅਤੇ ਕੀ ਉਸਨੂੰ ਭਾਜਪਾ ਦੀ ਸੁਰੱਖਿਆ ਪ੍ਰਾਪਤ ਹੈ? ਨਹੀਂ ਤਾਂ, ਉਹ ਇਸ ਫਿਰੌਤੀ ਰੈਕੇਟ ਨੂੰ ਕਿਵੇਂ ਚਲਾ ਰਿਹਾ ਹੈ?”

Loading...
Unable to load recommendations.
Follow Us