ਜਲੰਧਰ ‘ਚ ਕਾਂਗਰਸ ਦਾ ਮੋਦੀ ਸਰਕਾਰ ਖਿਲਾਫ ਪ੍ਰਦਰਸ਼ਨ
ਕਾਂਗਰਸ ਦਾ ਇਲਜਾਮ ਹੈ ਕਿ ਮੋਦੀ ਸਰਕਾਰ ਵੱਡੇ ਕਾਰੋਬਾਰੀਆ ਦੇ ਦਬਾਅ ਹੇਠ ਕੰਮ ਕਰ ਰਹੀ ਹੈ ਅਤੇ ਉਹ ਲੋਕ ਦੇਸ਼ ਦੀ ਆਰਥਿਕ ਵਿਆਸਥਾ ਨੂੰ ਖਰਾਬ ਕਰ ਰਹੇ ਹਨ।
ਅਡਾਨੀ ਮੁੱਦੇ ਤੇ ਪੰਜਾਬ ਵਿੱਚ ਮੋਦੀ ਸਰਕਾਰ ਖਿਲਾਫ ਪ੍ਰਦਰਸ਼ਨਾਂ ਦਾ ਦੌਰ ਜਾਰੀ ਹੈ। ਇਸੇ ਲੜੀ ‘ਚ ਕਾਂਗਰਸ ਦੇ ਵਿਧਾਇਕ ਅਤੇ ਲੀਡਰਾਂ ਅਤੇ ਵਰਕਰਾਂ ਵੱਲੋਂ ਜਲੰਧਰ ‘ਚ ਵੀ ਪ੍ਰਦਰਸ਼ਨ ਕੀਤਾ ਗਿਆ। ਕਾਂਗਰਸ ਆਗੂਆਂ ਦਾ ਕਹਿਣਾ ਹੈ ਕਿ ਮੋਦੀ ਦੇ ਖਾਸ ਦੋਸਤ ਅਡਾਨੀ ਨੇ ਆਪਣੀ ਫਰਮ ਵਿੱਚ ਐਸਬੀਆਈ ਅਤੇ ਐਲਆਈਸੀ ਦਾ ਪੈਸਾ ਡੁਬੋ ਦਿੱਤਾ ਹੈ, ਜਿਸ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ ।
ਕੇਂਦਰ ਖਿਲਾਫ ਕਾਂਗਰਸ ਦਾ ਮੋਰਚਾ
ਜਲੰਧਰ ਦੇ ਹਲਕਾ ਸ਼ਾਹਕੋਟ ਦੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆਂ ਨੇ ਕਿਹਾ ਕਿ ਮੋਦੀ ਸਰਕਾਰ ਵੱਡੇ ਕਾਰੋਬਾਰੀਆ ਦੇ ਦਬਾਅ ਹੇਠ ਕੰਮ ਕਰ ਰਹੀ ਹੈ ਅਤੇ ਉਹ ਲੋਕ ਦੇਸ਼ ਦੀ ਆਰਥਿਕ ਵਿਆਸਥਾ ਨੂੰ ਖਰਾਬ ਕਰ ਰਹੇ ਹਨ । ਪਰ ਇਸ ਵਾਰ ਦਾ ਮੁੱਦਾ ਇੱਕ ਵਿਦੇਸ਼ੀ ਕੰਪਨੀ ਅਨਾਲਸਿਸ ਐਂਡ ਫਾਇਨੈਨਸ਼ਲ ਐਕਸਪਰਟ ਕੰਪਨੀ ਦੀ ਰਿਪੋਰਟ ਨੂੰ ਲੈ ਕੇ ਹੈ ਜਿਸ ਨੇ ਅਡਾਨੀ ਗਰੁੱਪ ਦੇ ਕਾਰੋਬਾਰ ਦੀ ਬੈਲੇਸ ਸ਼ੀਟ ਤੇ ਵੱਡੇ ਸਵਾਲ ਚੁੱਕੇ ਹਨ ।
ਮੋਦੀ ਸਰਕਾਰ ਦੀਆਂ ਗਲਤ ਨੀਤੀਆਂ – ਕਾਂਗਰਸ
ਦੂਜੇ ਪਾਸੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਤੇ ਸਾਬਕਾ ਵਿਧਾਇਕ ਰਾਜਿੰਦਰ ਬੇਰੀ ਨੇ ਦੱਸਿਆ ਕਿ ਕਾਂਗਰਸ ਵੱਲੋਂ ਮੋਦੀ ਸਰਕਾਰ ਦੀਆਂ ਗਲਤ ਨੀਤੀਆਂ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੋਦੀ ਦੇ ਖਾਸ ਦੋਸਤ ਅਡਾਨੀ ਨੇ ਦੇਸ਼ ਨੂੰ ਬਰਬਾਦ ਕਰ ਦਿੱਤਾ ਹੈ। ਅਡਾਨੀ ਨੇ ਐਲਆਈਸੀ ਅਤੇ ਐਸਬੀਆਈ ਦਾ ਪੈਸਾ ਆਪਣੀ ਫਰਮ ਵਿੱਚ ਲਗਾਕੇ ਡੁਬੋ ਦਿੱਤਾ ਹੈ । ਜਿਸ ਦੀ ਸੁਪਰੀਮ ਕੋਰਟ ਜਾਂ ਸੀਬੀਐਸਈ ਤੋਂ ਜਾਂਚ ਹੋਣੀ ਚਾਹੀਦੀ ਹੈ । ਜੇਕਰ ਸਭ ਕੁਝ ਇਸੇ ਤਰ੍ਹਾਂ ਚਲਦਾ ਰਿਹਾ ਤਾਂ ਬਹੁਤ ਜਲਦੀ ਭਾਰਤ ਦੀ ਹਾਲਤ ਵੀ ਸ੍ਰੀਲੰਕਾ ਅਤੇ ਪਾਕਿਸਤਾਨ ਵਰਗੀ ਹੋ ਜਾਵੇਗੀ ।
ਕਾਂਗਰਸ ਦੇ ਤਮਾਮ ਲੀਡਰਾਂ ਅਤੇ ਵਰਕਰਾਂ ਨੇ ਐਸਬੀਆਈ ਬੈਂਕ ਦੇ ਬਾਹਰ ਲੱਗਭੱਗ 2 ਘੰਟੇ ਧਰਨਾ ਪ੍ਰਦਰਸ਼ਨ ਕੀਤਾ । ਇਸ ਦੌਰਾਨ ਉਨ੍ਹਾਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਦੇ ਖਿਲਾਫ ਬੈਨਰ ਹੇਠ ਲਿਖਵਾਇਆ ਸੀ ਮੋਦੀ ਹਰਾਓ ਮੋਦੀ ਹਟਾਓ ਦੇਸ਼ ਬਚਾਓ । ਕਿਆਸ ਅਰਾਈਆਂ ਲਗਾਈਆਂ ਜਾ ਰਹੀਆਂ ਹਨ ਕਿ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਨੇ ਮੋਦੀ ਸਰਕਾਰ ਖਿਲਾਫ ਮੋਰਚਾ ਖੋਲਣਾ ਸ਼ੁਰੂ ਕਰ ਦਿੱਤਾ ਹੈ ।