ਵਿਦੇਸ਼ ਤੋਂ ਪਰਤਦੇ ਹੀ CM ਮਾਨ ਨੂੰ ਕੀਤਾ ਪਰੇਸ਼ਾਨ? 50 ਹਜ਼ਾਰ ਦੇ ਚਲਾਨ ‘ਤੇ ਭੜਕੀ AAP

Updated On: 

21 Oct 2026 10:06 AM IST

ਆਮ ਆਦਮੀ ਪਾਰਟੀ ਦੇ ਬੁਲਾਰੇ ਬਲਤੇਜ ਪੰਨੂ ਨੇ ਕੇਂਦਰ ਸਰਕਾਰ 'ਤੇ ਗੰਭੀਰ ਇਲਜ਼ਾਮ ਲਗਾਉਂਦਿਆਂ ਕਿਹਾ ਹੈ ਕਿ ਪੈਰਿਸ ਤੋਂ ਪਰਤਣ 'ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਦਿੱਲੀ ਹਵਾਈ ਅੱਡੇ 'ਤੇ ਤਿੰਨ ਘੰਟੇ ਤੱਕ ਰੋਕ ਕੇ ਰੱਖਿਆ ਗਿਆ।

ਵਿਦੇਸ਼ ਤੋਂ ਪਰਤਦੇ ਹੀ CM ਮਾਨ ਨੂੰ ਕੀਤਾ ਪਰੇਸ਼ਾਨ? 50 ਹਜ਼ਾਰ ਦੇ ਚਲਾਨ ਤੇ ਭੜਕੀ AAP

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਫਰਾਂਸ ਦੌਰੇ ਤੋਂ ਵਾਪਸ ਪਰਤਣ ਤੋਂ ਬਾਅਦ ਨਵਾਂ ਵਿਵਾਦ ਖੜ੍ਹਾ ਹੋ ਗਿਆ ਹੈ। ਦਿੱਲੀ ਹਵਾਈ ਅੱਡੇ ‘ਤੇ ਕਸਟਮ ਵਿਭਾਗ ਵੱਲੋਂ ਮੁੱਖ ਮੰਤਰੀ ਤੇ ਉਨ੍ਹਾਂ ਦੇ ਨਾਲ ਆਏ ਸਟਾਫ਼ ਦੇ ਸਾਮਾਨ ਦੀ ਜਾਂਚ ਦੌਰਾਨ ਕੁਝ ਅਜਿਹੀਆਂ ਚੀਜ਼ਾਂ ਮਿਲੀਆਂ, ਜਿਨ੍ਹਾਂ ਬਾਰੇ ਕਸਟਮ ਅਧਿਕਾਰੀਆਂ ਨੂੰ ਪਹਿਲਾਂ ਐਲਾਨ ਨਹੀਂ ਕੀਤਾ ਗਿਆ ਸੀ। ਇਸ ਕਾਰਨ ਨਿਯਮਾਂ ਅਨੁਸਾਰ ਲਗਭਗ 50,000 ਰੁਪਏ ਦੀ ਕਸਟਮ ਡਿਊਟੀ ਲਗਾਈ ਗਈ।

ਆਮ ਆਦਮੀ ਪਾਰਟੀ (AAP) ਦੇ ਪੰਜਾਬ ਦੇ ਬੁਲਾਰੇ ਬਲਤੇਜ ਪੰਨੂ ਨੇ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਕੇਂਦਰ ਸਰਕਾਰ ‘ਤੇ ਗੰਭੀਰ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਪੈਰਿਸ ਤੋਂ ਪਰਤਣ ‘ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਦਿੱਲੀ ਹਵਾਈ ਅੱਡੇ ‘ਤੇ ਤਿੰਨ ਘੰਟੇ ਤੱਕ ਰੋਕ ਕੇ ਰੱਖਿਆ ਗਿਆ ਤੇ ਕਸਟਮ ਅਧਿਕਾਰੀਆਂ ਨੇ ਉਨ੍ਹਾਂ ‘ਤੇ 50,000 ਰੁਪਏ ਦਾ ਜੁਰਮਾਨਾ ਲਗਾ ਦਿੱਤਾ। ਪੰਨੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਪੰਜਾਬ ਦੇ ਲੋਕਾਂ ਨੂੰ ਅਪਮਾਨਿਤ ਕਰਨ ਦਾ ਕੋਈ ਮੌਕਾ ਨਹੀਂ ਛੱਡਦੇ।

AAP ਨੇ ਕੇਂਦਰ ਸਰਕਾਰ ਨੂੰ ਘੇਰਿਆ

ਬਲਤੇਜ ਪੰਨੂ ਨੇ ਕਿਹਾ ਕਿ ਪੈਰਿਸ ਤੋਂ ਵਾਪਸ ਆਉਣ ‘ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਦਿੱਲੀ ਹਵਾਈ ਅੱਡੇ ‘ਤੇ ਤਿੰਨ ਘੰਟੇ ਤੱਕ ਰੋਕ ਕੇ ਰੱਖਿਆ ਗਿਆ। ਉਨ੍ਹਾਂ ਮੁਤਾਬਕ, ਇਹ ਕਾਰਵਾਈ ਜਾਣਬੁੱਝ ਕੇ ਕੀਤੀ ਗਈ ਤੇ ਇਸ ਪਿੱਛੇ ਮਾੜੀ ਨੀਅਤ ਸੀ।

ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਤੇ ਕੇਂਦਰ ਸਰਕਾਰ ਦੇ ਇਤਰਾਜ਼ਾਂ ਦੇ ਬਾਵਜੂਦ ਭਗਵੰਤ ਮਾਨ ਅਦਾਲਤ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਪੈਰਿਸ ਕਿਉਂ ਗਏ, ਇਸ ਨੂੰ ਲੈ ਕੇ ਵੀ ਸਵਾਲ ਉਠਾਏ ਗਏ। ਇਸ ਤੋਂ ਇਲਾਵਾ, ਭਾਰਤ ਪਰਤਣ ‘ਤੇ ਉਨ੍ਹਾਂ ‘ਤੇ 50,000 ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ।

ਪੰਜਾਬ ਦੇ ਮੁੱਖ ਮੰਤਰੀ ਨੂੰ ਪਰੇਸ਼ਾਨ ਕਰ ਰਿਹਾ ਕੇਂਦਰ: AAP

ਆਮ ਆਦਮੀ ਪਾਰਟੀ ਨੇ ਇਲਜ਼ਾਮ ਲਗਾਇਆ ਕਿ ਹਵਾਈ ਅੱਡੇ ਦੇ ਅਧਿਕਾਰੀਆਂ ਨੇ ਖ਼ੁਦ ਮੰਨਿਆ ਹੈ ਕਿ ਉਹ ਉੱਪਰੋਂ ਭਾਰੀ ਦਬਾਅ ਹੇਠ ਹਨ। ਪਾਰਟੀ ਨੇ ਇਸ ਕਾਰਵਾਈ ਨੂੰ ਕੇਂਦਰ ਸਰਕਾਰ ਦੀ ਸਿਆਸੀ ਚਾਲ ਕਰਾਰ ਦਿੱਤਾ। AAP ਦਾ ਕਹਿਣਾ ਹੈ ਕਿ ਇਸ ਦਾ ਮਕਸਦ ਪੰਜਾਬ ਦੇ ਮੁੱਖ ਮੰਤਰੀ ਨੂੰ ਪਰੇਸ਼ਾਨ ਕਰਨਾ ਤੇ ਸੂਬੇ ਦੀ ਤਰੱਕੀ ‘ਚ ਰੁਕਾਵਟ ਪੈਦਾ ਕਰਨਾ ਹੈ।

ਫਰਾਂਸ ਦੌਰੇ ਨੂੰ ਲੈ ਕੇ ਨਾਰਾਜ਼ਗੀ ਦਾ ਨਤੀਜਾ?

ਬਲਤੇਜ ਪੰਨੂ ਨੇ ਦਾਅਵਾ ਕੀਤਾ ਕਿ ਇਹ ਕਾਰਵਾਈ ਮੁੱਖ ਮੰਤਰੀ ਦੇ ਫਰਾਂਸ ਦੌਰੇ ਨੂੰ ਲੈ ਕੇ ਪੈਦਾ ਹੋਈ ਨਾਰਾਜ਼ਗੀ ਦਾ ਨਤੀਜਾ ਹੈ। ਇਹ ਦੌਰਾ ਪਹਿਲਾਂ ਵੀ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਵਿਚਾਲੇ ਵਿਵਾਦ ਦਾ ਵਿਸ਼ਾ ਬਣ ਚੁੱਕਾ ਹੈ। ਹਾਲਾਂਕਿ, ਕਸਟਮ ਵਿਭਾਗ ਵੱਲੋਂ ਇਸ ਕਸਟਮ ਡਿਊਟੀ ਨੂੰ ਲਗਾਉਣ ਦੇ ਸਬੰਧ ‘ਚ ਅਜੇ ਤੱਕ ਕੋਈ ਜਨਤਕ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ।

Loading...
Unable to load recommendations.
Follow Us