ਪੰਜਾਬ ਦੇ 11000 ਖਿਡਾਰੀਆਂ ਨੂੰ ਦਿੱਤੇ ਇਨਾਮ, CM ਭਗਵੰਤ ਮਾਨ ਨੇ ਜੇਤੂਆਂ ਦੇ ਖਾਤਿਆਂ ਵਿੱਚ ਟਰਾਂਸਫਰ ਕੀਤੇ 8.30 ਕਰੋੜ ਰੁਪਏ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਪੰਜਾਬ ਵਿੱਚ ਖੇਡਾਂ ਨੂੰ ਹਰਮਨ ਪਿਆਰਾ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡ ਰਹੀ ਹੈ ਕਿਉਂਕਿ ਖੇਡਾਂ ਸੂਬੇ ਦੀ ਤਰੱਕੀ ਅਤੇ ਲੋਕਾਂ ਦੀ ਖੁਸ਼ਹਾਲੀ ਵਿੱਚ ਅਹਿਮ ਰੋਲ ਅਦਾ ਕਰ ਸਕਦੀਆਂ ਹਨ। ਉਨ੍ਹਾਂ ਦੱਸਿਆ ਕਿ ਸਾਰੇ ਜੇਤੂ ਖਿਡਾਰੀਆਂ ਦੇ ਖਾਤਿਆਂ ਵਿੱਚ ਇਨਾਮੀ ਰਾਸ਼ੀ ਟਰਾਂਸਫਰ ਕਰ ਦਿੱਤੀ ਗਈ ਹੈ। ਇਸ ਨਾਲ ਖਿਡਾਰੀਆਂ ਦਾ ਮਨੋਬਲ ਵਧੇਗਾ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬੁੱਧਵਾਰ ਨੂੰ ਸੂਬੇ ਦੇ ਸਭ ਤੋਂ ਵੱਡੇ ਖੇਡ ਸਮਾਗਮ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਦੂਜੇ ਭਾਗ ਦੀ ਰਸਮੀ ਸਮਾਪਤੀ ਦਾ ਐਲਾਨ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਭਰ ਵਿੱਚ ਹੋਈਆਂ ਇਨ੍ਹਾਂ ਖੇਡਾਂ ਵਿੱਚ 4.5 ਲੱਖ ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ। ਮੁੱਖ ਮੰਤਰੀ ਮਾਨ ਨੇ ਦੱਸਿਆ ਕਿ ਖੇਡਾਂ ਦੌਰਾਨ ਸੂਬੇ ਭਰ ਵਿੱਚੋਂ ਸੋਨੇ, ਚਾਂਦੀ ਅਤੇ ਕਾਂਸੀ ਦੇ ਤਗਮੇ ਜਿੱਤਣ ਵਾਲੇ 11 ਹਜ਼ਾਰ ਖਿਡਾਰੀਆਂ ਨੂੰ 8.30 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਜਾਰੀ ਕੀਤੀ ਗਈ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜੇਤੂ ਖਿਡਾਰੀਆਂ ਨੂੰ ਉਨ੍ਹਾਂ ਦੀ ਸਫਲਤਾ ਲਈ ਵਧਾਈ ਦਿੱਤੀ ਅਤੇ ਆਸ ਪ੍ਰਗਟਾਈ ਕਿ ਇਹ ਖਿਡਾਰੀ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਸੂਬੇ ਦਾ ਨਾਂ ਰੌਸ਼ਣ ਕਰਨਾ ਜਾਰੀ ਰੱਖਣਗੇ।
ਅੱਜ ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-2 ਦੀ ਰਸਮੀ ਸਮਾਪਤੀ ਕੀਤੀ…ਨਾਲ ਹੀ ਜੇਤੂ ਖਿਡਾਰੀਆਂ ਲਈ 8.30 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਵੀ ਜਾਰੀ ਕੀਤੀ ਜੋ ਸਿੱਧੇ ਖਿਡਾਰੀਆਂ ਦੇ ਖਾਤਿਆਂ ‘ਚ ਪੈਣੀ ਸ਼ੁਰੂ ਹੋ ਜਾਵੇਗੀ…ਖੇਡਾਂ ਵਤਨ ਪੰਜਾਬ ਦੀਆਂ ਰਾਹੀਂ ਪੂਰੇ ਪੰਜਾਬ ‘ਚ ਬੱਚੇ ਖੇਡਾਂ ਨਾਲ ਜੁੜ ਰਹੇ ਨੇ ਤੇ ਇਹ ਗਿਣਤੀ ਸਾਲ ਦਰ ਸਾਲ ਵੱਧ ਰਹੀ ਹੈ… pic.twitter.com/l7QAXbOFqH
— Bhagwant Mann (@BhagwantMann) January 10, 2024
ਇਹ ਵੀ ਪੜ੍ਹੋ
8 ਉਮਰ ਸਮੂਹਾਂ ਵਿੱਚ ਦੇਖਣ ਨੂੰ ਮਿਲੇ ਮੁਕਾਬਲੇ
ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਦੱਸਿਆ ਕਿ ਇਸ ਸਾਲ ਅੱਠ ਉਮਰ ਵਰਗ ਵਿੱਚ 35 ਮੁਕਾਬਲੇ ਕਰਵਾਏ ਗਏ। ਉਨ੍ਹਾਂ ਦੱਸਿਆ ਕਿ ਪਹਿਲੀ ਵਾਰ ਇਨ੍ਹਾਂ ਖੇਡਾਂ ਵਿੱਚ ਰਗਬੀ, ਸਾਈਕਲਿੰਗ, ਘੋੜ ਸਵਾਰੀ, ਵੁਸ਼ੂ ਅਤੇ ਵਾਲੀਬਾਲ ਸ਼ੂਟਿੰਗ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਵਾਰ ਅੰਡਰ-14 ਤੋਂ 17, 21, 21 ਤੋਂ 30, 31 ਤੋਂ 40, 41 ਤੋਂ 55, 56 ਤੋਂ 65 ਸਾਲ ਅਤੇ 65 ਸਾਲ ਤੋਂ ਵੱਧ ਉਮਰ ਵਰਗ ਦੇ ਮੁਕਾਬਲੇ ਕਰਵਾਏ ਗਏ।
ਭਗਵੰਤ ਸਿੰਘ ਮਾਨ ਨੇ ਦੱਸਿਆ ਕਿ ਖਿਡਾਰੀਆਂ ਨੂੰ ਕੁੱਲ 8.30 ਕਰੋੜ ਰੁਪਏ ਦਾ ਨਕਦ ਇਨਾਮ ਦਿੱਤਾ ਗਿਆ, ਜਿਸ ਵਿੱਚ ਸੋਨ ਤਗਮਾ ਜੇਤੂ ਨੂੰ 10,000 ਰੁਪਏ, ਚਾਂਦੀ ਦਾ ਤਗਮਾ ਜੇਤੂ ਨੂੰ 7,000 ਰੁਪਏ ਅਤੇ ਕਾਂਸੀ ਤਮਗਾ ਜੇਤੂ ਨੂੰ 5,000 ਰੁਪਏ ਦਿੱਤੇ ਗਏ। ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਇਹ ਸਨਮਾਨ ਖੇਡਾਂ ਦੇ ਖਿਡਾਰੀਆਂ ਨੂੰ ਆਪਣੇ ਹੁਨਰ ਦਾ ਪ੍ਰਦਰਸ਼ਨ ਕਰਨ ਲਈ ਇੱਕ ਪਲੇਟਫਾਰਮ ਪ੍ਰਦਾਨ ਕਰਨ ਵੱਲ ਇੱਕ ਵੱਡਾ ਕਦਮ ਹੈ।
ਕਮਜ਼ੋਰ ਖਿਡਾਰੀਆਂ ਨੂੰ ਮਿਲੇਗੀ ਮਦਦ
ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਖੇਡ ਖਿਡਾਰੀਆਂ ਦੀਆਂ ਖੂਬੀਆਂ ਅਤੇ ਕਮਜ਼ੋਰੀਆਂ ਨੂੰ ਪਛਾਨਣ ਲਈ ਰਾਜ ਸਰਕਾਰ ਲਈ ਮਦਦਗਾਰ ਸਾਬਤ ਹੋਵੇਗੀ, ਜੋ ਕਿ ਭਵਿੱਖ ਵਿੱਚ ਖਿਡਾਰੀਆਂ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਲਈ ਤਿਆਰ ਕਰਨ ਵਿੱਚ ਸਹਾਈ ਸਿੱਧ ਹੋਵੇਗਾ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਖੇਡਾਂ ਨੂੰ ਹਰਮਨ ਪਿਆਰਾ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡ ਰਹੀ ਹੈ ਕਿਉਂਕਿ ਖੇਡਾਂ ਸੂਬੇ ਦੀ ਤਰੱਕੀ ਅਤੇ ਲੋਕਾਂ ਦੀ ਭਲਾਈ ਲਈ ਅਹਿਮ ਰੋਲ ਅਦਾ ਕਰ ਸਕਦੀਆਂ ਹਨ।