CM to Gujarat Farmers: ਪੰਜਾਬ ਅਤੇ ਦਿੱਲੀ ਖਰੀਦਣਗੇ ਪਿਆਜ , ਨਾ ਕਰੋ ਨਸ਼ਟ; ਗੁਜਰਾਤ ਦੇ ਕਿਸਾਨਾਂ ਨੂੰ ਸੀਐੱਮ ਦੀ ਅਪੀਲ
CM Bhagwant Maan in Gujarat: ਮੁੱਖ ਮੰਤਰੀ ਮਾਨ ਨੂੰ ਮਿਲੇ ਇਕ ਕਿਸਾਨ ਨਿਕੁਲ ਸਿੰਘ ਜਾਲਾ ਨੇ ਕਿਹਾ ਕਿ ਭਾਵਨਗਰ 'ਚ ਪੈਦਾ ਹੋਣ ਵਾਲੇ ਪਿਆਜ ਦੀ ਗੁਣਵੱਤਾ ਬਹੁਤ ਵਧੀਆ ਹੈ, ਪਰ ਥੋਕ ਵਿਕਰੇਤਾਵਾਂ ਦੀ ਅਜਾਰੇਦਾਰੀ ਕਾਰਨ ਉਨ੍ਹਾਂ ਨੂੰ ਵਾਜਬ ਭਾਅ ਨਹੀਂ ਮਿਲ ਰਿਹਾ ਹੈ।
ਭਾਵਨਗਰ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Bhagwant Maan) ਨੇ ਐਤਵਾਰ ਨੂੰ ਗੁਜਰਾਤ ਦੇ ਭਾਵਨਗਰ ਦੇ ਕਿਸਾਨਾਂ ਨੂੰ ਭਰੋਸਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਅਤੇ ਦਿੱਲੀ ਵਿੱਚ ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ਉਨ੍ਹਾਂ ਦੇ ਪਿਆਜ ਦੀ ਪੈਦਾਵਾਰ ਖਰੀਦਣ ਲਈ ਰੇਲ ਗੱਡੀ ਭੇਜੇਗੀ ਤਾਂ ਜੋ ਉਨ੍ਹਾਂ ਨੂੰ ਨੁਕਸਾਨ ਨਾ ਝੱਲਣਾ ਪਵੇ। ਭਾਵਨਗਰ ਜ਼ਿਲ੍ਹੇ ਦੇ ਕਈ ਕਿਸਾਨਾਂ ਨੇ ਇੱਥੇ ਸਰਕਟ ਹਾਊਸ ਵਿਖੇ ਮੁੱਖ ਮੰਤਰੀ ਮਾਨ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਆਪਣੀਆਂ ਸਮੱਸਿਆਵਾਂ ਦਾ ਹੱਲ ਕੱਢਣ ਦੀ ਬੇਨਤੀ ਕੀਤੀ। ਇਸ ਦੌਰਾਨ ਮਾਨ ਨੇ ਕਿਸਾਨਾਂ ਨੂੰ ਕਿਹਾ ਕਿ ਉਨ੍ਹਾਂ ਦੀ ਪਾਰਟੀ ਦੀਆਂ ਦੋ ਰਾਜਾਂ ਵਿੱਚ ਸਰਕਾਰਾਂ ਹਨ। ਉਹ ਗੁਜਰਾਤ ਦੇ ਕਿਸਾਨਾਂ ਤੋਂ ਪਿਆਜ ਖਰੀਦਣ ਦਾ ਕੰਮ ਕਰਨਗੇ।
ਲੋਕ ਸਭਾ ਅਤੇ ਰਾਜ ਸਭਾ ਵਿੱਚ ਮੁੱਦਾ ਚੁੱਕਣ ਦਾ ਭਰੋਸਾ
ਸੀਐਮ ਮਾਨ ਨੇ ਆਮ ਆਦਮੀ ਪਾਰਟੀ ਦੀ ਗੁਜਰਾਤ ਇਕਾਈ ਦੇ ਪ੍ਰਧਾਨ ਈਸ਼ੂਦਾਨ ਗੜ੍ਹਵੀ ਨੂੰ ਕਿਸਾਨਾਂ ਦੇ ਵੇਰਵੇ ਇਕੱਠੇ ਕਰਨ ਲਈ ਕਿਹਾ, ਤਾਂ ਜੋ ਪਾਰਟੀ ਅਗਲੇ ਮਹੀਨੇ ਸੰਸਦ ਦੇ ਸੈਸ਼ਨ ਵਿੱਚ ਲੋਕ ਸਭਾ ਅਤੇ ਰਾਜ ਸਭਾ ਵਿੱਚ ਉਨ੍ਹਾਂ ਦੇ ਮੁੱਦੇ ਉਠਾ ਸਕਨ। ਉਨ੍ਹਾਂ ਕਿਸਾਨਾਂ ਨੂੰ ਕਿਹਾ, ਮੈਂ ਵੀ ਕਿਸਾਨ ਦਾ ਪੁੱਤਰ ਹਾਂ, ਇਸ ਲਈ ਮੈਂ ਤੁਹਾਡਾ ਦਰਦ ਸਮਝਦਾ ਹਾਂ। ਕਿਰਪਾ ਕਰਕੇ ਆਪਣੀ ਫਸਲ ਬਰਬਾਦ ਨਾ ਕਰੋ। ਮੈਂ ਪੰਜਾਬ ਅਤੇ ਦਿੱਲੀ ਵਿੱਚ ਪਿਆਜ ਦੀ ਮੰਗ ਬਾਰੇ ਪੁੱਛਗਿੱਛ ਕਰਾਂਗਾ ਅਤੇ ਫਿਰ ਇੱਥੋਂ ਮੰਗਵਾਵਾਂਗਾ। ਅਸੀਂ ਤੁਹਾਡੇ ਪਿਆਜ ਲੈਣ ਲਈ ਟਰੇਨ ਭੇਜਾਂਗੇ।
ਅਜਾਰੇਦਾਰੀ ਕਾਰਨ ਨਹੀਂ ਮਿਲ ਰਿਹਾ ਵਾਜਬ ਭਾਅ
ਪੰਜਾਬ ਦੇ ਮੁੱਖ ਮੰਤਰੀ ਮਾਨ ਨੂੰ ਮਿਲਣ ਆਏ ਕਿਸਾਨ ਨਿਕੁਲ ਸਿੰਘ ਜੱਲਾ ਨੇ ਦੱਸਿਆ ਕਿ ਭਵਾਨੀਗੜ੍ਹ ਵਿੱਚ ਪੈਦਾ ਹੋਣ ਵਾਲੇ ਪਿਆਜ਼ ਦੀ ਗੁਣਵੱਤਾ ਬਹੁਤ ਵਧੀਆ ਹੈ ਪਰ ਥੋਕ ਵਿਕਰੇਤਾਵਾਂ ਦੀ ਅਜਾਰੇਦਾਰੀ ਕਾਰਨ ਉਨ੍ਹਾਂ ਨੂੰ ਵਾਜਬ ਭਾਅ ਨਹੀਂ ਮਿਲ ਰਿਹਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਸਾਨ ਜਾਲਾ ਨੇ ਕਿਹਾ ਕਿ ਅਸੀਂ ਭਵਾਨੀਗੜ੍ਹ ਦੇ ਕਿਸਾਨਾਂ ਨੂੰ ਉਨ੍ਹਾਂ ਦੀ ਉਪਜ ਦੇ ਘੱਟ ਭਾਅ ਕਾਰਨ ਪੇਸ਼ ਆ ਰਹੀਆਂ ਮੁਸ਼ਕਲਾਂ ਬਾਰੇ ਵਿਚਾਰ ਕਰਨ ਲਈ ਮਾਨ ਨਾਲ ਮੁਲਾਕਾਤ ਕੀਤੀ ਸੀ। ਉਨ੍ਹਾਂ ਨੇ ਸਾਨੂੰ ਭਰੋਸਾ ਦਿੱਤਾ ਹੈ ਕਿ ਉਹ ਵਾਜਬ ਕੀਮਤ ‘ਤੇ ਪਿਆਜ ਖਰੀਦਣ ਦਾ ਪ੍ਰਬੰਧ ਕਰਨਗੇ।
ਕਾਂਗਰਸ ਨੇ ਵੀ ਇਸ ਮੁੱਦੇ ਨੂੰ ਚੁੱਕਿਆ
ਇਸ ਦੇ ਨਾਲ ਹੀ ਕੁਝ ਦਿਨ ਪਹਿਲਾਂ ਕਾਂਗਰਸ ਦੇ ਸੀਨੀਅਰ ਆਗੂ ਅਤੇ ਗੁਜਰਾਤ ਤੋਂ ਰਾਜ ਸਭਾ ਮੈਂਬਰ ਸ਼ਕਤੀ ਸਿੰਘ ਗੋਹਿਲ ਨੇ ਇਹ ਮੁੱਦਾ ਉਠਾਉਂਦੇ ਹੋਏ ਦਾਅਵਾ ਕੀਤਾ ਸੀ ਕਿ ਬੰਪਰ ਫਸਲ ਹੋਣ ਕਾਰਨ ਕਿਸਾਨਾਂ ਨੂੰ ਉਨ੍ਹਾਂ ਦੀ ਫਸਲ ਲਈ ਸਿਰਫ 2 ਰੁਪਏ ਪ੍ਰਤੀ ਕਿਲੋ ਮਿਲ ਰਿਹਾ ਹੈ।
ਕਾਂਗਰਸ ਦੇ ਰਾਸ਼ਟਰੀ ਬੁਲਾਰੇ ਨੇ ਕਿਹਾ, ”ਭਾਵਨਗਰ ਅਤੇ ਗੁਜਰਾਤ ਦੇ ਹੋਰ ਹਿੱਸਿਆਂ ਦੇ ਪਿਆਜ ਉਤਪਾਦਕ ਕਿਸਾਨ ਕਾਫੀ ਪਰੇਸ਼ਾਨੀ ‘ਚ ਹਨ। ਉਨ੍ਹਾਂ ਨੂੰ ਮੁਸ਼ਕਿਲ ਨਾਲ 2 ਰੁਪਏ ਪ੍ਰਤੀ ਕਿਲੋ ਪਿਆਜ ਮਿਲ ਰਿਹਾ ਹੈ। ਮੈਂ ਕੇਂਦਰ ਅਤੇ ਗੁਜਰਾਤ ਸਰਕਾਰ ਦੋਵਾਂ ਨੂੰ ਤੁਰੰਤ ਘੱਟੋ-ਘੱਟ ਸਮਰਥਨ ਮੁੱਲ (ਐਮਐਸਪੀ) ਦਾ ਐਲਾਨ ਕਰਨ ਦੀ ਅਪੀਲ ਕਰਦਾ ਹਾਂ। ਪਿਆਜ ਦੀ ਰਾਹਤ ਵਜੋਂ, ਸਰਕਾਰ ਨੂੰ ਘੱਟ ਕੀਮਤਾਂ ਤੋਂ ਪ੍ਰਭਾਵਿਤ ਕਿਸਾਨਾਂ ਲਈ ਸਬਸਿਡੀ ਦਾ ਐਲਾਨ ਵੀ ਕਰਨਾ ਚਾਹੀਦਾ ਹੈ।