Budget Session: ਪ੍ਰਤਾਪ ਬਾਜਵਾ ਦੇ ਵਾਰ ‘ਤੇ ਸੀਐੱਮ ਦਾ ਤਿੱਖਾ ਪਲਟਵਾਰ, ਹੰਗਾਮਾ ਵੱਧਣ ਤੇ ਸਦਨ ਦੀ ਕਾਰਵਾਈ ਮੁਲਤਵੀ
Hungama in VS: ਵਿਧਾਨ ਸਭਾ 'ਚ ਰਾਜਪਾਲ ਦੇ ਭਾਸ਼ਣ ਨੂੰ ਲੈ ਕੇ ਭ੍ਰਿਸ਼ਟਾਚਾਰ ਦੇ ਮੁੱਦੇ 'ਤੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਬਾਜਵਾ ਆਹਮੋ-ਸਾਹਮਣੇ ਆ ਗਏ।
ਪੰਜਾਬ ਦੀ ਵੱਡੀ ਖਬਰ: ਪੰਜਾਬ ਦੇ ਬਜਟ ਸੈਸ਼ਨ ਦਾ ਅੱਜ ਦੂਜਾ ਦਿਨ ਹੈ। ਇੱਕ ਪਾਸੇ ਜਿੱਥੇ ਵਿਰੋਧੀ ਆਗੂ ਸੂਬੇ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਸੂਬਾ ਸਰਕਾਰ ਤੇ ਹਮਲਾਵਾਰ ਹਨ ਤਾਂ ਉੱਥੇ ਹੀ ਸੋਮਵਾਰ ਨੂੰ ਭ੍ਰਿਸ਼ਟਾਚਾਰ ਦਾ ਮੁੱਦਾ ਵੀ ਕਾਫੀ ਗਰਮ ਰਿਹਾ। ਇਸ ਨੂੰ ਲੈ ਕੇ ਵਿਧਾਨਸਭਾ ਵਿੱਚ ਜਬਰਦਸਤ ਹੰਗਾਮਾ ਹੋਇਆ। ਭ੍ਰਿਸ਼ਟਾਚਾਰ ਨੂੰ ਲੈ ਕੇ ਸੈਸ਼ਨ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ (Bhagwant Maan) ਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ( Pratap Singh Bajwa) ਵਿਚਕਾਰ ਤਿੱਖੀ ਬਹਿਸ ਹੋ ਗਈ ਜਿਸ ਤੋਂ ਬਾਅਦ ਸਦਨ ਦੀ ਕਾਰਵਾਈ ਢਾਈ ਵਜੇ ਤਕ ਮੁਲਤਵੀ ਕਰਨੀ ਪਈ।
ਸਿਆਸੀ ਦੂਸ਼ਣਬਾਜੀ ਅਤੇ ਹੰਗਾਮੇ ਵਿਚ ਬੀਤਿਆ ਸੈਸ਼ਨ
ਵਿਧਾਨ ਸਭਾ ਦੇ ਸੈਸ਼ਨ ਦੌਰਾਨ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਜਿਸ ਤਰ੍ਹਾਂ ਸਰਕਾਰੀ ਏਜੰਸੀਆਂ ਕੰਮ ਕਰ ਰਹੀਆਂ ਹਨ, ਸਾਰੀਆਂ ਸਿਆਸੀ ਪਾਰਟੀਆਂ ਨੂੰ ਆਪਣੇ ਦਫਤਰਾਂ ‘ਤੇ ਭਾਜਪਾ ਦਾ ਝੰਡਾ ਲਹਿਰਾਉਣਾ ਪਵੇਗਾ। ਭਾਜਪਾ ਵਾਲੀ ਗੱਲ ਸੁਣ ਕੇ ਮੁੱਖ ਮੰਤਰੀ ਭਗਵੰਤ ਮਾਨ ਭੜਕ ਗਏ ਅਤੇ ਦੋਵਾਂ ਵਿਚਾਲੇ ਲੜਾਈ ਸ਼ੁਰੂ ਹੋ ਗਈ ਅਤੇ ਇਕ ਦੂਜੇ ਤੇ ਸਿਆਸੀ ਦੂਸ਼ਣਬਾਜੀ ਸ਼ੁਰੂ ਕਰ ਦਿੱਤੀ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਨੇ 40 ਲੋਕਾਂ ਦੀ ਸੂਚੀ ਬਣਾਈ ਸੀ ਜੋ ਭ੍ਰਿਸ਼ਟਾਚਾਰ ਵਿੱਚ ਸ਼ਾਮਲ ਸਨ। ਮਾਨ ਨੇ ਕਿਹਾ ਕਿ ਰਾਹੁਲ ਗਾਂਧੀ ਲੋਕ ਸਭਾ ਵਿੱਚ ਅਡਾਨੀ ਦਾ ਮੁੱਦਾ ਉਠਾਉਂਦੇ ਹਨ ਅਤੇ ਜਿਸ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਦਾ ਜਵਾਬ ਦਿੰਦੇ ਹਨ, ਉਹ ਗਾਇਬ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਛੱਤੀਸਗੜ੍ਹ ਅਤੇ ਰਾਜਸਥਾਨ ਵਿੱਚ ਮਾਈਨਿੰਗ ਦੇ ਠੇਕੇ ਅਡਾਨੀ ਨੂੰ ਦਿੱਤੇ ਸਨ। ਇਸ ‘ਤੇ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਸਰਾਰੀ ਖਿਲਾਫ ਕਾਰਵਾਈ ਕਿਉਂ ਨਹੀਂ ਕੀਤੀ ਗਈ, ਅਮਿਤ ਰਤਨ ਨੂੰ ਤੁਰੰਤ ਗ੍ਰਿਫਤਾਰ ਕਿਉਂ ਨਹੀਂ ਕੀਤਾ ਗਿਆ।
ਪ੍ਰਸ਼ਨ ਕਾਲ ਦੌਰਾਨ ਵਿਧਾਇਕਾਂ ਦੇ ਸਵਾਲ ਜਵਾਬ
ਅੱਜ ਦੇ ਸੈਸ਼ਨ ਅੰਦਰ ਮੰਤਰੀਆਂ ਦੀ ਗੈਰ ਹਾਜ਼ਰੀ ਤੋਂ ਸਪੀਕਰ ਕੁਲਤਾਰ ਸਿੰਘ ਸੰਧਵਾਂ (Kultar Singh Sandhwan) ਨਾਖੁਸ਼ ਨਜ਼ਰ ਆ ਰਹੇ ਸਨ। ਉਨ੍ਹਾਂ ਨੇ ਸੰਸਦੀ ਮਾਮਲਿਆਂ ਦੇ ਮੰਤਰੀ ਨੂੰ ਮੰਤਰੀਆਂ ਨੂੰ ਪ੍ਰਸ਼ਨਕਾਲ ਦੌਰਾਨ ਹਾਜ਼ਰੀ ਯਕੀਨੀ ਬਣਾਉਣ ਲਈ ਆਖਿਆ। ਕੈਬਨਿਟ ਮੰਤਰੀ ਇੰਦਰਬੀਰ ਸਿੰਘ ਨਿੱਝਰ ਨੇ ਸਦਨ ਵਿਚ ਭਰੋਸਾ ਦਿੱਤਾ ਕਿ ਮੰਤਰੀਆਂ ਨੂੰ ਹਾਜ਼ਰ ਰਹਿਣ ਦੇ ਨਿਰਦੇਸ਼ ਦਿੱਤੇ ਜਾਣਗੇ। ਪ੍ਰਸ਼ਨ ਕਾਲ ਦੌਰਾਨ ਸ਼ਹਿਰੀ ਵਿਕਾਸ ਮੰਤਰੀ ਅਮਨ ਅਰੋੜਾ ਤੋਂ ਸਵਾਲ ਪੁੱਛਿਆ ਗਿਆ ਕਿ ਮੁਹਾਲੀ ਵਿਖੇ 40 ਸਾਲ ਪੁਰਾਣੀਆਂ ਢਾਹੀਆਂ ਦੁਕਾਨਾਂ ਦੇ ਮਾਲਕਾਂ ਨੂੰ ਢੁਕਵੀ ਜਗ੍ਹਾਂ ਕਦੋਂ ਦਿੱਤੀ ਜਾਵੇਗੀ । ਸਥਾਨਕ ਸਰਕਾਰ ਮੰਤਰੀ ਡਾ. ਇੰਦਰਬੀਰ ਸਿੰਘ ਨਿੱਝਰ ਨੂੰ ਜਗਰਾਓਂ ਸ਼ਹਿਰ ਵਿੱਚ ਪਾਣੀ ਦੀ ਨਿਕਾਸੀ ਦੀ ਸਮੱਸਿਆ ਦੇ ਸਬੰਧ ਵਿਚ ਸਵਾਲ ਕੀਤਾ ਗਿਆ। ਇਸੇ ਤਰ੍ਹਾਂ ਵਿਧਾਇਕ ਅਮਨਦੀਪ ਕੌਰ ਅਰੋੜਾ ਦਾ ਸਵਾਲ ਸੀ ਕਿ ਹਲਕਾ ਮੋਗਾ ਵਿਖੇ ਮੈਡੀਕਲ ਕਾਲਜ ਕਦੋ ਬਣੇਗਾ। ਪ੍ਰਤਾਪ ਸਿੰਘ ਬਾਜਵਾ ਨੇ ਲਾਈਵ ਟੈਲੀਕਾਸਟ ‘ਚ ਵਿਰੋਧੀ ਧਿਰ ਨੂੰ ਦਿਖਾਉਣ ਦਾ ਮੁੱਦਾ ਉਠਾਇਆ। ਉਨ੍ਹਾਂ ਨੇ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਕੈਮਰੇ ਦੀ ਸਿਰਫ ਇਕ ਅੱਖ ਬੰਦ ਹੈ। ਇਸ ਬਾਰੇ ਸਪੀਕਰ ਨੇ ਜਾਂਚ ਦੇ ਹੁਕਮ ਦਿੱਤੇ ਹਨ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ