ਚਿਤਕਾਰਾ ਯੂਨੀਵਰਸਿਟੀ ਮਾਮਲੇ ‘ਚ ਮਹਿਲਾ ਕਮਿਸ਼ਨ ਦਾ ਐਕਸ਼ਨ, DC ਤੇ SSP ਨੂੰ ਨੋਟਿਸ ਜਾਰੀ ਕਰ 30 ਤੱਕ ਮੰਗਿਆ ਜਵਾਬ
ਪਟਿਆਲਾ ਦੇ ਰਾਜਪੁਰਾ ਸਥਿਤ ਚਿਤਕਾਰਾ ਯੂਨੀਵਰਸਿਟੀ ਵਿੱਚ ਵਿਦਿਆਰਥਣਾਂ ਨਾਲ ਸਬੰਧਤ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋਈਆਂ ਅਫ਼ਵਾਹਾਂ ਅਤੇ ਵਿਦਿਆਰਥੀਆਂ ਵੱਲੋਂ ਕੀਤੇ ਗਏ ਭਾਰੀ ਵਿਰੋਧ ਪ੍ਰਦਰਸ਼ਨ ਦੇ ਮਾਮਲੇ ਨੂੰ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਬੇਹੱਦ ਗੰਭੀਰਤਾ ਨਾਲ ਲਿਆ ਹੈ।
ਪਟਿਆਲਾ ਦੇ ਰਾਜਪੁਰਾ ਸਥਿਤ ਚਿਤਕਾਰਾ ਯੂਨੀਵਰਸਿਟੀ ਵਿੱਚ ਵਿਦਿਆਰਥਣਾਂ ਨਾਲ ਸਬੰਧਤ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋਈਆਂ ਅਫ਼ਵਾਹਾਂ ਅਤੇ ਵਿਦਿਆਰਥੀਆਂ ਵੱਲੋਂ ਕੀਤੇ ਗਏ ਭਾਰੀ ਵਿਰੋਧ ਪ੍ਰਦਰਸ਼ਨ ਦੇ ਮਾਮਲੇ ਨੂੰ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਬੇਹੱਦ ਗੰਭੀਰਤਾ ਨਾਲ ਲਿਆ ਹੈ। ਮਹਿਲਾ ਕਮਿਸ਼ਨ ਨੇ ਇਸ ਪੂਰੇ ਮਾਮਲੇ ਤੇ ਖ਼ੁਦ ਨੋਟਿਸ ਲੈਂਦਿਆਂ ਪਟਿਆਲਾ ਦੇ ਡਿਪਟੀ ਕਮਿਸ਼ਨਰ (DC) ਅਤੇ ਸੀਨੀਅਰ ਪੁਲਿਸ ਕਪਤਾਨ (SSP) ਨੂੰ ਰਸਮੀ ਨੋਟਿਸ ਜਾਰੀ ਕਰ ਦਿੱਤਾ ਹੈ। ਕਮਿਸ਼ਨ ਨੇ ਪ੍ਰਸ਼ਾਸਨਿਕ ਅਤੇ ਪੁਲਿਸ ਅਧਿਕਾਰੀਆਂ ਨੂੰ 30 ਸਤੰਬਰ 2026 ਤੱਕ ਇਸ ਸਮੁੱਚੇ ਘਟਨਾਕ੍ਰਮ ਦੀ ਵਿਸਥਾਰਪੂਰਵਕ ਸਟੇਟਸ ਰਿਪੋਰਟ ਸੌਂਪਣ ਦੇ ਸਖ਼ਤ ਨਿਰਦੇਸ਼ ਦਿੱਤੇ ਹਨ।
ਮਹਿਲਾ ਕਮਿਸ਼ਨ ਨੇ ਵਿਸਥਾਰਤ ਰਿਪੋਰਟ
ਸ਼ਿਕਾਇਤ ਮਿਲਣ ਦੀ ਸੂਰਤ ਚ ਹੁਣ ਤੱਕ ਕੀ ਹੋਈ ਕਾਰਵਾਈ?
ਮਹਿਲਾ ਕਮਿਸ਼ਨ ਨੇ ਪੁਲਿਸ ਪ੍ਰਸ਼ਾਸਨ ਕੋਲੋਂ ਪੁੱਛਿਆ ਹੈ ਕਿ ਕੀ ਯੂਨੀਵਰਸਿਟੀ ਦੇ ਕੈਂਪਸ ਜਾਂ ਹੋਸਟਲ ਵਿੱਚੋਂ ਕਿਸੇ ਵਿਦਿਆਰਥਣ ਦੇ ਲਾਪਤਾ ਹੋਣ, ਜ਼ਖ਼ਮੀ ਹੋਣ ਜਾਂ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਵਾਪਰਨ ਸਬੰਧੀ ਕੋਈ ਅਧਿਕਾਰਤ ਪੁਲਿਸ ਸ਼ਿਕਾਇਤ ਦਰਜ ਕਰਵਾਈ ਗਈ ਹੈ ਜਾਂ ਨਹੀਂ। ਕਮਿਸ਼ਨ ਨੇ ਸਪੱਸ਼ਟ ਕੀਤਾ ਕਿ ਜੇਕਰ ਅਜਿਹੀ ਕੋਈ ਸ਼ਿਕਾਇਤ ਮਿਲੀ ਹੈ, ਤਾਂ ਉਸ ਸ਼ਿਕਾਇਤ ਦੀ ਕਾਪੀ ਸਮੇਤ ਹੁਣ ਤੱਕ ਕੀਤੀ ਗਈ ਪੁਲਿਸ ਜਾਂਚ ਅਤੇ ਕਾਰਵਾਈ ਦੀ ਮੁਕੰਮਲ ਰਿਪੋਰਟ ਪੇਸ਼ ਕੀਤੀ ਜਾਵੇ।
ਕੈਂਪਸ ਅਤੇ ਹੋਸਟਲਾਂ ਅੰਦਰ ਵਿਦਿਆਰਥਣਾਂ ਦੀ ਸੁਰੱਖਿਆ ਦੇ ਕੀ ਹਨ ਪ੍ਰਬੰਧ?
ਵਿਰੋਧ ਪ੍ਰਦਰਸ਼ਨ ਦੌਰਾਨ ਵਿਦਿਆਰਥੀਆਂ ਵੱਲੋਂ ਕੈਂਪਸ ਅੰਦਰ ਸੁਰੱਖਿਆ ਨੂੰ ਲੈ ਕੇ ਵੱਡੀਆਂ ਚਿੰਤਾਵਾਂ ਪ੍ਰਗਟਾਈਆਂ ਗਈਆਂ ਸਨ। ਇਸ ਦੇ ਮੱਦੇਨਜ਼ਰ ਕਮਿਸ਼ਨ ਨੇ ਪੁੱਛਿਆ ਹੈ ਕਿ ਵਿਦਿਆਰਥੀਆਂ ਦੇ ਖ਼ਦਸ਼ਿਆਂ ਅਤੇ ਚਿੰਤਾਵਾਂ ਨੂੰ ਦੂਰ ਕਰਨ ਲਈ ਯੂਨੀਵਰਸਿਟੀ ਪ੍ਰਬੰਧਕਾਂ ਵੱਲੋਂ ਕੈਂਪਸ ਅਤੇ ਖ਼ਾਸ ਤੌਰ ਤੇ ਲੜਕੀਆਂ ਦੇ ਹੋਸਟਲਾਂ ਵਿੱਚ ਸੁਰੱਖਿਆ ਦੇ ਕੀ-ਕੀ ਠੋਸ ਪ੍ਰਬੰਧ ਕੀਤੇ ਗਏ ਹਨ।
ਵਾਇਰਲ ਅਫ਼ਵਾਹਾਂ ਅਤੇ ਵੀਡੀਓਜ਼ ਦੀ ਪੁਲਿਸ ਜਾਂਚ ਕਿੱਥੋਂ ਤੱਕ ਪਹੁੰਚੀ?
ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਅਣ-ਪ੍ਰਮਾਣਿਤ ਖ਼ਬਰਾਂ, ਵੀਡੀਓਜ਼ ਅਤੇ ਅਫ਼ਵਾਹਾਂ ਦੀ ਅਸਲੀਅਤ ਸਾਹਮਣੇ ਲਿਆਉਣ ਲਈ ਪੁਲਿਸ ਪ੍ਰਸ਼ਾਸਨ ਵੱਲੋਂ ਕੀ ਕਦਮ ਚੁੱਕੇ ਜਾ ਰਹੇ ਹਨ, ਇਸ ਬਾਰੇ ਵੀ ਜਵਾਬ ਮੰਗਿਆ ਗਿਆ ਹੈ। ਕਮਿਸ਼ਨ ਨੇ ਪੁਲਿਸ ਜਾਂਚ ਦੀ ਮੌਜੂਦਾ ਸਥਿਤੀ ਅਤੇ ਅਜਿਹੀਆਂ ਝੂਠੀਆਂ ਅਫ਼ਵਾਹਾਂ ਫੈਲਾਉਣ ਵਾਲੇ ਸਰੋਤਾਂ (ਸੋਰਸਾਂ) ਦੀ ਪਛਾਣ ਸਬੰਧੀ ਹੁਣ ਤੱਕ ਹੋਈ ਪ੍ਰਗਤੀ ਦਾ ਵੇਰਵਾ ਤਲਬ ਕੀਤਾ ਹੈ।
ਭਵਿੱਖ ਵਿੱਚ ਅਜਿਹੀ ਸਥਿਤੀ ਰੋਕਣ ਲਈ ਕੀ ਹੈ ਕਾਰਜ-ਯੋਜਨਾ?
ਕਮਿਸ਼ਨ ਨੇ ਵਿਦਿਆਰਥਣਾਂ ਦੀ ਸੁਰੱਖਿਆ ਹਰ ਹੀਲੇ ਯਕੀਨੀ ਬਣਾਉਣ ਅਤੇ ਭਵਿੱਖ ਵਿੱਚ ਕੈਂਪਸ ਅੰਦਰ ਮੁੜ ਅਜਿਹੀ ਤਣਾਅਪੂਰਨ ਸਥਿਤੀ ਪੈਦਾ ਹੋਣ ਤੋਂ ਰੋਕਣ ਲਈ ਚੁੱਕੇ ਜਾ ਰਹੇ ਰੋਕਥਾਮ ਕਦਮਾਂ ਦੀ ਜਾਣਕਾਰੀ ਮੰਗੀ ਹੈ। ਇਸ ਵਿੱਚ ਯੂਨੀਵਰਸਿਟੀ ਦੀ ਭਵਿੱਖੀ ਸੁਰੱਖਿਆ ਵਿਵਸਥਾ ਅਤੇ ਸੁਰੱਖਿਆ ਨਾਲ ਜੁੜੇ ਖ਼ਦਸ਼ਿਆਂ ਦੇ ਸਥਾਈ ਹੱਲ ਦਾ ਪੂਰਾ ਖ਼ਾਕਾ ਸ਼ਾਮਲ ਹੋਵੇਗਾ।
ਇਹ ਵੀ ਪੜ੍ਹੋ
ਕੀ ਸੀ ਸਮੁੱਚਾ ਘਟਨਾਕ੍ਰਮ?
ਜ਼ਿਕਰਯੋਗ ਹੈ ਕਿ ਰਾਜਪੁਰਾ ਸਥਿਤ ਚਿਤਕਾਰਾ ਯੂਨੀਵਰਸਿਟੀ ਵਿੱਚ 25-26 ਸਤੰਬਰ 2026 ਦੀ ਦਰਮਿਆਨੀ ਰਾਤ ਸੋਸ਼ਲ ਮੀਡੀਆ ਤੇ ਹੋਸਟਲ ਅੰਦਰ ਭੂਤ ਹੋਣ, ਵਿਦਿਆਰਥਣਾਂ ਵੱਲੋਂ ਖ਼ੁਦਕੁਸ਼ੀ ਕਰਨ ਅਤੇ ਕੁਝ ਵਿਦਿਆਰਥਣਾਂ ਦੇ ਲਾਪਤਾ ਹੋਣ ਵਰਗੀਆਂ ਬੇਬੁਨਿਆਦ ਅਫ਼ਵਾਹਾਂ ਤੇਜ਼ੀ ਨਾਲ ਫੈਲ ਗਈਆਂ ਸਨ। ਇਨ੍ਹਾਂ ਵਾਇਰਲ ਸੁਨੇਹਿਆਂ ਕਾਰਨ ਵਿਦਿਆਰਥੀਆਂ ਵਿੱਚ ਦਹਿਸ਼ਤ ਅਤੇ ਘਬਰਾਹਟ ਦਾ ਮਾਹੌਲ ਬਣ ਗਿਆ, ਜਿਸ ਤੋਂ ਬਾਅਦ ਸੈਂਕੜੇ ਵਿਦਿਆਰਥੀ ਤੇ ਵਿਦਿਆਰਥਣਾਂ ਅੱਧੀ ਰਾਤ ਨੂੰ ਹੋਸਟਲਾਂ ਵਿੱਚੋਂ ਬਾਹਰ ਨਿਕਲ ਆਏ ਅਤੇ ਕੈਂਪਸ ਵਿੱਚ ਇਕੱਠੇ ਹੋ ਕੇ ਜ਼ੋਰਦਾਰ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ।
ਇਸ ਰੋਸ ਪ੍ਰਦਰਸ਼ਨ ਦੌਰਾਨ ਵਿਦਿਆਰਥੀਆਂ ਨੇ ਕੈਂਪਸ ਦੇ ਸੁਰੱਖਿਆ ਪ੍ਰਬੰਧਾਂ ਤੇ ਗੰਭੀਰ ਸਵਾਲ ਚੁੱਕਦਿਆਂ ਆਪਣੀ ਸੁਰੱਖਿਆ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ। ਦੂਜੇ ਪਾਸੇ, ਯੂਨੀਵਰਸਿਟੀ ਪ੍ਰਸ਼ਾਸਨ ਨੇ ਕਿਸੇ ਵੀ ਵਿਦਿਆਰਥਣ ਦੀ ਮੌਤ ਜਾਂ ਖ਼ੁਦਕੁਸ਼ੀ ਨਾਲ ਜੁੜੇ ਸਾਰੇ ਦਾਅਵਿਆਂ ਨੂੰ ਸਿਰੇ ਤੋਂ ਖ਼ਾਰਜ ਕਰਦਿਆਂ ਇਨ੍ਹਾਂ ਨੂੰ ਸ਼ਰਾਰਤੀ ਅਨਸਰਾਂ ਵੱਲੋਂ ਫੈਲਾਈਆਂ ਗਈਆਂ ਨਿਰਰਾਧਾਰ ਅਫ਼ਵਾਹਾਂ ਕਰਾਰ ਦਿੱਤਾ ਸੀ।
