ਝੋਟਾ ਕਤਲ ਕਾਂਡ: ਸਰਕਾਰ ਨੇ ਪਰਿਵਾਰ ਦੀਆਂ 12 ਮੰਗਾਂ ਮੰਨੀਆਂ, ਫਿਰ ਵੀ ਨਹੀਂ ਬਣੀ ਸਹਿਮਤੀ… ਕਮੇਟੀ ਨੇ ਰੱਖਿਆ ਆਪਣਾ ਪੱਖ

Updated On: 

23 Oct 2026 17:54 PM IST

Parvinder Jhota Murder Case Update: ਪਰਵਿੰਦਰ ਸਿੰਘ ਝੋਟਾ ਕਤਲ ਕਾਂਡ ਦੀ ਤਫ਼ਤੀਸ਼ ਕਰ ਰਹੀ ਕੇਂਦਰੀ ਜਾਂਚ ਬਿਊਰੋ (CBI) ਦੀ ਟੀਮ ਨੇ ਮਾਨਸਾ ਦੇ ਰੈਸਟ ਹਾਊਸ ਵਿਖੇ ਝੋਟਾ ਦੇ ਪਿਤਾ ਭੀਮ ਸਿੰਘ, ਮਾਤਾ ਅਮਰਜੀਤ ਕੌਰ ਅਤੇ ਪਤਨੀ ਮਨਪ੍ਰੀਤ ਕੌਰ ਨਾਲ ਕਰੀਬ ਇੱਕ ਘੰਟਾ ਲੰਮੀ ਗੱਲਬਾਤ ਕੀਤੀ ਅਤੇ ਅਹਿਮ ਜਾਣਕਾਰੀਆਂ ਇਕੱਤਰ ਕੀਤੀਆਂ ਸਨ।

ਝੋਟਾ ਕਤਲ ਕਾਂਡ: ਸਰਕਾਰ ਨੇ ਪਰਿਵਾਰ ਦੀਆਂ 12 ਮੰਗਾਂ ਮੰਨੀਆਂ, ਫਿਰ ਵੀ ਨਹੀਂ ਬਣੀ ਸਹਿਮਤੀ... ਕਮੇਟੀ ਨੇ ਰੱਖਿਆ ਆਪਣਾ ਪੱਖ

ਮਾਨਸਾ ਵਿੱਚ ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਝੋਟਾ ਦੇ ਕਤਲ ਦੇ ਮਾਮਲੇ ਵਿੱਚ ਸ਼ੁੱਕਰਵਾਰ (23 ਅਕਤੂਬਰ) ਨੂੰ ਐਕਸ਼ਨ ਕਮੇਟੀ ਅਤੇ ਵਿਸ਼ੇਸ਼ ਜਾਂਚ ਟੀਮ (SIT) ਵਿਚਕਾਰ ਮੀਟਿੰਗ ਹੋਈ। ਐਕਸ਼ਨ ਕਮੇਟੀ ਅਤੇ ਪਰਿਵਾਰ ਦੀਆਂ 14 ਮੰਗਾਂ ਵਿੱਚੋਂ 12 ਮੰਗਾਂ ਮੰਨ ਲਈਆਂ ਗਈਆਂ ਹਨ। ਪਰ ਬਾਕੀ ਦੀਆਂ 2 ਮੰਗਾਂ ਤੇ ਹਾਲੇ ਵੀ ਸਹਿਮਤੀ ਨਹੀਂ ਬਣ ਸਕੀ ਹੈ। ਕਮੇਟੀ ਦੇ ਮੈਂਬਰਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ 12 ਮੰਗਾਂ ਮੰਨਣ ਦਾ ਲਿਖਤੀ ਭਰੋਸਾ ਦੇਣ ਦੇ ਬਾਵਜੂਦ ਉਨ੍ਹਾਂ ਨੇ ਅੰਦੋਲਨ ਜਾਰੀ ਰੱਖਣ ਦਾ ਐਲਾਨ ਕੀਤਾ ਹੈ।

SIT ਨੇ ਇਨ੍ਹਾਂ ਮੰਗਾਂ ਸਬੰਧੀ ਐਕਸ਼ਨ ਕਮੇਟੀ ਨੂੰ ਲਿਖਤੀ ਪੱਤਰ ਵੀ ਸੌਂਪਿਆ, ਪਰ ਕਮੇਟੀ ਨੇ ਇਸਨੂੰ ਮਨਜੂਰ ਨਹੀਂ ਕੀਤਾ। ਉੱਧਰ, ਐਕਸ਼ਨ ਕਮੇਟੀ ਨੇ ਸਰਕਾਰ ਤੋਂ ਪ੍ਰਾਪਤ ਲਿਖਤੀ ਪੱਤਰ ‘ਤੇ ਚਰਚਾ ਕਰਨ ਲਈ ਮੀਟਿੰਗ ਬੁਲਾਈ। ਜਿਸਤੋਂ ਪਰਿਵਾਰ ਅਤੇ ਕਮੇਟੀ ਮੈਂਬਰਾਂ ਨੇ ਸਪੱਸ਼ਟ ਤੌਰ ‘ਤੇ ਕਿਹਾ ਕਿ ਜਿਹੜੇ ਅਧਿਕਾਰੀ ਜਾਂ ਸਰਕਾਰ ਕੋਲ ਬਾਕੀ ਦੀਆਂ 2 ਮੰਗਾਂ ਨੂੰ ਪੂਰਾ ਕਰਨ ਦਾ ਅਧਿਕਾਰ ਹੈ, ਉਹੀ ਬੈਠਕ ਵਿੱਚ ਆਵੇ। ਨਾਲ ਹੀ ਕਮੇਟੀ ਵੱਲੋਂ 25 ਅਕਤੂਬਰ ਨੂੰ ਦੁਪਹਿਰ 12 ਵਜੇ ਪੰਜਾਬ ਦੇ ਸਾਰੇ ਪਿੰਡਾਂ ਵਿੱਚ ਰੋਸ ਪ੍ਰਦਰਸ਼ਨ ਦਾ ਵੀ ਐਲਾਨ ਕੀਤਾ ਗਿਆ ਹੈ। ।

ਉੱਧਰ, CBI ਨੇ ਮੁੱਖ ਆਰੋਪੀ ਅਸ਼ਵਨੀ ਕੁਮਾਰ ਨੂੰ ਮੋਹਾਲੀ ਦੀ CBI ਕੋਰਟ ਵਿੱਚ ਪੇਸ਼ ਕੀਤਾ, ਜਿੱਥੇ ਉਸਨੂੰ ਪੰਜ ਦਿਨਾਂ ਦੀ ਰਿਮਾਂਡ ਵਿੱਚ ਭੇਜ ਦਿੱਤਾ ਗਿਆ।

ਫਾਰਮੇਸੀ ਕੌਂਸਲ ਨੇ ਮੁਲਜ਼ਮ ਦੀ ਰਜਿਸਟ੍ਰੇਸ਼ਨ ਰੱਦ ਕੀਤੀ

ਪੰਜਾਬ ਫਾਰਮੇਸੀ ਕੌਂਸਲ ਦੀ ਕਾਰਜਕਾਰੀ ਕਮੇਟੀ ਨੇ 20 ਅਕਤੂਬਰ ਨੂੰ ਹੋਈ ਮੀਟਿੰਗ ਵਿੱਚ ਅਸ਼ਵਨੀ ਕੁਮਾਰ ਦੀ ਫਾਰਮਾਸਿਸਟ ਰਜਿਸਟ੍ਰੇਸ਼ਨ ਰੱਦ ਕਰਨ ਦਾ ਫੈਸਲਾ ਕੀਤਾ ਹੈ। ਇਸ ਤੋਂ ਬਾਅਦ, 22 ਅਕਤੂਬਰ ਨੂੰ, ਰਜਿਸਟਰਾਰ ਨੇ ਇਸ ਸਬੰਧ ਵਿੱਚ ਇੱਕ ਪੱਤਰ ਜਾਰੀ ਕੀਤਾ। ਹੁਕਮ ਦੇ ਤਹਿਤ, ਅਸ਼ਵਨੀ ਦਾ ਨਾਮ ਰਜਿਸਟਰਡ ਫਾਰਮਾਸਿਸਟਾਂ ਦੇ ਅਧਿਕਾਰਤ ਰਜਿਸਟਰ ਤੋਂ ਹਟਾ ਦਿੱਤਾ ਗਿਆ ਹੈ।

2020 ਵਿੱਚ ਜਾਰੀ ਹੋਇਆ ਸੀ ਰਜਿਸਟ੍ਰੇਸ਼ਨ

ਪੰਜਾਬ ਫਾਰਮੇਸੀ ਕੌਂਸਲ ਦੇ ਰਿਕਾਰਡ ਅਨੁਸਾਰ, ਅਸ਼ਵਨੀ ਕੁਮਾਰ ਦਾ ਰਜਿਸਟ੍ਰੇਸ਼ਨ ਨੰਬਰ 51464 ਸੀ। ਇਹ 10 ਜੁਲਾਈ, 2020 ਨੂੰ ਜਾਰੀ ਕੀਤਾ ਗਿਆ ਸੀ। ਰਜਿਸਟ੍ਰੇਸ਼ਨ ਰੱਦ ਕਰਨ ਦਾ ਹੁਕਮ 20 ਅਕਤੂਬਰ ਤੋਂ ਲਾਗੂ ਹੈ।

ਸੀਬੀਆਈ ਨੇ ਮੁਲਜ਼ਮਾਂ ਦੇ ਘਰਾਂ ਦੀ ਲਈ ਤਲਾਸ਼ੀ

ਵੀਰਵਾਰ ਨੂੰ, ਸੀਬੀਆਈ ਦੀਆਂ ਵੱਖ-ਵੱਖ ਟੀਮਾਂ ਨੇ ਮੁੱਖ ਮੁਲਜ਼ਮ ਅਸ਼ਵਨੀ ਕੁਮਾਰ ਅਤੇ ਉਸਦੇ ਸਾਥੀ ਵਿਪਿਨ ਕੁਮਾਰ ਦੇ ਘਰਾਂ ‘ਚ ਅੱਠ ਘੰਟੇ ਦੀ ਤਲਾਸ਼ੀ ਮੁਹਿੰਮ ਚਲਾਈ। ਸੀਬੀਆਈ ਨੇ ਸ਼ਮਸ਼ਾਨ ਘਾਟ ਰੋਡ ‘ਤੇ ਮਾਨਸਾ ਮੈਡੀਕਲ ਹਾਲ ਦਾ ਵੀ ਨਿਰੀਖਣ ਕੀਤਾ। ਦੁਕਾਨਦਾਰਾਂ ਤੋਂ ਵੀ ਪੁੱਛਗਿੱਛ ਕੀਤੀ ਗਈ। ਇਸ ਦੌਰਾਨ, ਅਦਾਲਤ ਨੇ ਕਤਲ ਕੇਸ ਦੇ ਚਾਰੇ ਮੁਲਜ਼ਮਾਂ ਨੂੰ 5 ਨਵੰਬਰ ਤੱਕ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ।

ਮਾਨਸਾ ਵਿੱਚ ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਝੋਠਾ ਦਾ ਪੋਸਟਮਾਰਟਮ 11ਵੇਂ ਦਿਨ ਵੀ ਨਹੀਂ ਹੋਇਆ ਹੈ। ਉਨ੍ਹਾਂ ਦੀ ਪਤਨੀ ਮਨਪ੍ਰੀਤ ਕੌਰ ਨੇ ਕਿਹਾ ਕਿ ਉਨ੍ਹਾਂ ਦੇ ਪਤੀ ਦਾ ਅੰਤਿਮ ਸੰਸਕਾਰ ਉਦੋਂ ਤੱਕ ਨਹੀਂ ਕੀਤਾ ਜਾਵੇਗਾ ਜਦੋਂ ਤੱਕ ਪੰਜਾਬ ਸਰਕਾਰ ਉਨ੍ਹਾਂ ਦੀਆਂ ਮੰਗਾਂ ਨੂੰ ਗੰਭੀਰਤਾ ਨਾਲ ਨਹੀਂ ਲੈਂਦੀ।

Loading...
Unable to load recommendations.
Follow Us