‘ਚੰਨੀ ਕਰਦਾ ਮਸਲੇ ਹੱਲ’… ਰਾਜਾ ਵੜਿੰਗ ਪਏ ਕਮਜ਼ੋਰ ਤਾਂ ਚੰਨੀ ਨੇ ਸੰਭਾਲਿਆ ਮੋਰਚਾ! ਨਵੀਂ ਸੀਰੀਜ਼ ਕੀਤੀ ਲਾਂਚ

Updated On: 

20 Nov 2025 10:51 AM IST

Channi Karda Masle Hal: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਜਲੰਧਰ ਦੇ ਸਾਂਸਦ ਚਰਨਜੀਤ ਸਿੰਘ ਚੰਨੀ ਖੁਲ੍ਹ ਕੇ ਅੱਗੇ ਆ ਰਹੇ ਹਨ। ਉਨ੍ਹਾਂ ਨੇ 'ਚੰਨੀ ਕਰਦਾ ਮਸਲੇ ਹੱਲ' ਦੇ ਨਾਮ ਤੋਂ ਇੱਕ ਸੀਰੀਜ਼ ਲਾਂਚ ਕੀਤੀ ਹੈ। ਉਨ੍ਹਾਂ ਦੀ ਇਸ ਸੀਰੀਜ਼ ਦਾ ਪਹਿਲਾ ਐਪੀਸੋਡ ਉਨ੍ਹਾਂ ਦੇ ਯੂਟਿਊਬ ਚੈਨਲ ਚਰਨਜੀਤ ਸਿੰਘ ਚੰਨੀ 'ਤੇ ਲਾਂਚ ਕੀਤਾ ਗਿਆ। ਇਸ ਦੇ ਹੋਰ ਕਈ ਐਪੀਸੋਡ ਆਉਣਗੇ।

ਚੰਨੀ ਕਰਦਾ ਮਸਲੇ ਹੱਲ... ਰਾਜਾ ਵੜਿੰਗ ਪਏ ਕਮਜ਼ੋਰ ਤਾਂ ਚੰਨੀ ਨੇ ਸੰਭਾਲਿਆ ਮੋਰਚਾ! ਨਵੀਂ ਸੀਰੀਜ਼ ਕੀਤੀ ਲਾਂਚ

ਚਰਨਜੀਤ ਸਿੰਘ ਚੰਨੀ (Pic: Youtube/Charanjit Singh Channi)

Follow Us On

ਤਰਨਤਾਰਨ ਜ਼ਿਮਨੀ ਚੋਣ ‘ਚ ਕਾਂਗਰਸ ਦੇ ਬੁਰੀ ਤਰ੍ਹਾਂ ਹਾਰ ਤੋਂ ਬਾਅਦ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਸਵਾਲਾਂ ਦੇ ਘੇਰੇ ‘ਚ ਹਨ। ਕਾਂਗਰਸ ਨੂੰ ਹਾਰ ਮਿਲੀ ਤਾਂ ਮਿਲੀ, ਪਰ ਇਸ ਚੋਣ ਦੌਰਾਨ ਰਾਜਾ ਵੜਿੰਗ ਵੱਲੋਂ ਕੁੱਝ ਵਿਵਾਦਤ ਬਿਆਨ ਤੇ ਕੱਝ ਵਿਵਾਦਤ ਕਦਮ ਚੁੱਕੇ ਗਏ, ਜਿਸ ‘ਤੇ ਵਿਰੋਧੀਆਂ ਪਾਰਟੀਆਂ ਨੇ ਵੀ ਉਨ੍ਹਾਂ ਨੂੰ ਘੇਰਿਆ। ਰਾਜਾ ਵੜਿੰਗ ਦੀ ਪ੍ਰਧਾਨਗੀ ਦੇ ਅਹੁਦੇ ‘ਤੇ ਸਵਾਲ ਉੱਠਣ ਲੱਗੇ। ਪੰਜਾਬ ਕਾਂਗਰਸ ਦਾ ਅੰਦਰੂਨੀ ਕਲੇਸ਼ ਤਾਂ ਪਹਿਲਾਂ ਹੀ ਇੱਕ ਵੱਡਾ ਮੁੱਦਾ ਬਣਿਆ ਹੋਇਆ ਹੈ।

ਚੰਨੀ ਨੇ ਸੰਭਾਲ ਲਿਆ ਮੋਰਚਾ

ਉੱਥੇ ਹੀ, ਇਸ ਸਭ ਦੇ ਵਿਚਕਾਰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਜਲੰਧਰ ਦੇ ਸਾਂਸਦ ਚਰਨਜੀਤ ਸਿੰਘ ਚੰਨੀ ਖੁਲ੍ਹ ਕੇ ਅੱਗੇ ਆ ਰਹੇ ਹਨ। ਉਨ੍ਹਾਂ ਨੇ ‘ਚੰਨੀ ਕਰਦਾ ਮਸਲੇ ਹੱਲ’ ਦੇ ਨਾਮ ਤੋਂ ਇੱਕ ਸੀਰੀਜ਼ ਲਾਂਚ ਕੀਤੀ ਹੈ। ਉਨ੍ਹਾਂ ਦੀ ਇਸ ਸੀਰੀਜ਼ ਦਾ ਪਹਿਲਾ ਐਪੀਸੋਡ ਉਨ੍ਹਾਂ ਦੇ ਯੂਟਿਊਬ ਚੈਨਲ ਚਰਨਜੀਤ ਸਿੰਘ ਚੰਨੀ ‘ਤੇ ਲਾਂਚ ਕੀਤਾ ਗਿਆ। ਇਸ ਦੇ ਹੋਰ ਕਈ ਐਪੀਸੋਡ ਆਉਣਗੇ।

‘ਚੰਨੀ ਕਰਦਾ ਮਸਲੇ ਹੱਲ’ ਸੀਰੀਜ਼ ਦੇ ਪਹਿਲੇ ਐਪੀਸੋਡ ‘ਚ ਚੰਨੀ ਆਪਣੇ ਮੁੱਖ ਮੰਤਰੀ ਰਹਿੰਦੇ ਹੋਏ ਲੋਕ ਹਿੱਤ ‘ਚ ਲਏ ਗਏ ਫੈਸਲਿਆਂ ਬਾਰੇ ਜਾਣਕਾਰੀ ਦੇ ਰਹੇ ਹਨ। ਉਹ ਇਸ ‘ਚ ਵਲੋਗਰ ਦੇ ਨਾਲ-ਨਾਲ ਜਨ ਨੇਤਾ ਵਾਂਗ ਵੀਡੀਓ ਨੂੰ ਲੋਕਾਂ ਅੱਗੇ ਪ੍ਰਜੈਂਟ ਕਰ ਰਹੇ ਹਨ।

ਚੰਨੀ ਪਹਿਲੇ ਐਪੀਸੋਡ ‘ਚ ਦਾਸਤਾਨ-ਏ-ਸ਼ਹਾਦਤ ਮਿਊਜ਼ਮ ਦਿਖਾਉਂਦੇ ਹੋਏ ਨਜ਼ਰ ਆ ਰਹੇ ਹਨ। ਚੰਨੀ ਸਿੱਖ ਇਤਿਹਾਸ ਬਾਰੇ ਜਾਣਕਾਰੀ ਦੇ ਰਹੇ ਹਨ। ਇਸ ਦੇ ਨਾਲ ਹੀ ਉਹ ਦੱਸ ਰਹੇ ਹਨ ਕਿ ਇਸ ਮਿਊਜ਼ਮ ਨੂੰ ਕਿਸ ਤਰ੍ਹਾਂ ਬਣਵਾਇਆ ਗਿਆ। ਉਹ ਇਸ ਐਪੀਸੋਡ ‘ਚ ਦੱਸ ਰਹੇ ਹਨ ਕਿ ਕਿਵੇਂ ਮਿਊਜ਼ਮ ‘ਚ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਦਾ ਇਤਿਹਾਸ ਦਰਸ਼ਾਇਆ ਗਿਆ ਹੈ। ਇਸ ਦੇ ਨਾਲ ਬੰਦਾ ਸਿੰਘ ਬਹਾਦਰ ਦਾ ਇਤਿਹਾਸ ਵੀ ਦਿਖਾਇਆ ਗਿਆ ਹੈ।

ਰਾਜਾ ਵੜਿੰਗ ਦੇ ਵਿਵਾਦ, ਚੰਨੇ ਨੇ ਦਿੱਤੀ ਪ੍ਰਤੀਕਿਰਿਆ

ਰਾਜਾ ਵੜਿੰਗ ਨੇ ਦੇਸ਼ ਦੇ ਸਾਬਕਾ ਗ੍ਰਹਿ ਮੰਤਰੀ ਸਵ. ਬੂਟਾ ਸਿੰਘ ਬਾਰੇ ਦਿੱਤੇ ਗਏ ਵਿਵਾਦਤ ਬਿਆਨ ਤੋਂ ਬਾਅਦ ਉਨ੍ਹਾਂ ‘ਤੇ ਕਈ ਸਵਾਲ ਉੱਠੇ ਸਨ। ਇਸ ਮੁੱਦੇ ਦੇ ਚੰਨੀ ਨੇ ਕਿਹਾ ਸੀ ਕਿ ਰਾਜਾ ਵੜਿੰਗ ਤੋਂ ਗਲਤੀ ਹੋਈ ਹੈ। ਹਾਲਾਂਕਿ, ਚੰਨੀ ਨੇ ਇਹ ਵੀ ਕਿਹਾ ਸੀ ਕਿ ਉਨ੍ਹਾਂ ਨੇ ਮੁਆਫ਼ੀ ਮੰਗ ਲਈ ਹੈ, ਇਸ ਮੁੱਦੇ ਨੂੰ ਖ਼ਤਮ ਕਰਨਾ ਚਾਹੀਦਾ ਹੈ।