ਕਈ ਪ੍ਰੋਜੈਕਟਾਂ ਦਾ ਉਦਘਾਟਨ ਤਾਂ ਕਈਆਂ ਦਾ ਨੀਂਹ ਪੱਥਰ, ਸੀਐਮ ਮਾਨ ਦਾ ਗੁਰਦਾਸਪੁਰ ਦੌਰਾ, ਨਿਸ਼ਾਨੇ ‘ਤੇ ਵਿਰੋਧੀ

Updated On: 

09 Mar 2026 18:28 PM IST

CM Mann Qadian Visit: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸੋਮਵਾਰ ਨੂੰ ਗੁਰਦਾਸਪੁਰ ਦੇ ਕਾਦੀਆਂ ਪਹੁੰਚੇ, ਜਿੱਥੇ ਉਨ੍ਹਾਂ ਨੇ ਕਈ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਤਾਂ ਕਈਆਂ ਦਾ ਨੀਂਹ ਪੱਥਰ ਵੀ ਰੱਖਿਆ। ਇਸ ਮੌਕੇ ਉਨ੍ਹਾਂ ਦੇ ਨਿਸ਼ਾਨੇ ਤੇ ਖਾਸ ਤੌਰ ਤੇ ਵਿਰੋਧੀ ਪਾਰਟੀਆਂ ਰਹੀਆਂ। ਉਨ੍ਹਾਂ ਨੇ ਸੂਬੇ ਦੀਆਂ ਔਰਤਾਂ ਨੂੰ ਦਿੱਤੇ ਜਾਣ ਵਾਲੇ 1,000 ਰੁਪਏ ਬਾਰੇ ਵਿਰੋਧੀ ਧਿਰ ਦੇ ਸਵਾਲ ਚੁੱਕਣ ਤੇ ਵੀ ਤਿੱਖੇ ਪਲਟਵਾਰ ਕੀਤੇ।

ਕਈ ਪ੍ਰੋਜੈਕਟਾਂ ਦਾ ਉਦਘਾਟਨ ਤਾਂ ਕਈਆਂ ਦਾ ਨੀਂਹ ਪੱਥਰ, ਸੀਐਮ ਮਾਨ ਦਾ ਗੁਰਦਾਸਪੁਰ ਦੌਰਾ, ਨਿਸ਼ਾਨੇ ਤੇ ਵਿਰੋਧੀ

ਸੀਐਮ ਮਾਨ ਦਾ ਗੁਰਦਾਸਪੁਰ ਦੌਰਾ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਗੁਰਦਾਸਪੁਰ ਦੇ ਕਾਹਨੂੰਵਾਨ ਪਹੁੰਚੇ, ਜਿੱਥੇ ਉਨ੍ਹਾਂ ਨੇ ਹਲਕੇ ਅੰਦਰ 168.44 ਕਰੋੜ ਦੀ ਲਾਗਤ ਨਾਲ ਬਣੀਆਂ 497 ਕਿਲੋਮੀਟਰ ਸੜਕਾਂ ਦਾ ਉਦਘਾਟਨ ਕੀਤਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲੋਕਾਂ ਨਾਲ ਕੀਤਾ ਹਰ ਵਾਅਦਾ ਪੂਰਾ ਕੀਤਾ ਹੈ। ਉਨ੍ਹਾਂ ਅੱਗੇ ਕਿਹਾ ਕਿ ਸਰਕਾਰ ਨੇ ਔਰਤਾਂ ਨੂੰ 1,000 ਰੁਪਏ ਮਹੀਨਾ ਦੇਣ ਦਾ ਆਪਣਾ ਵਾਅਦਾ ਵੀ ਪੂਰਾ ਕਰ ਦਿੱਤਾ ਹੈ, ਜਿਸ ਨਾਲ ਉਨ੍ਹਾਂ ਨੂੰ ਕਾਫ਼ੀ ਰਾਹਤ ਮਿਲੇਗੀ। ਉਨ੍ਹਾਂ ਕਿਹਾ ਕਿ ਲੋਕ ਭਲਾਈ ਦੇ ਕੰਮਾਂ ਕਰਕੇ ਹੀ 2027 ਵਿੱਚ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਸੱਤਾ ਵਿੱਚ ਵਾਪਸ ਆਵੇਗੀ।

ਰੈਲੀ ਦੌਰਾਨ ਜਾਣਕਾਰੀ ਦਿੰਦਿਆਂ ਪੰਜਾਬ ਦੇ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲੋਕਾਂ ਨਾਲ ਕੀਤਾ ਹਰ ਵਾਅਦਾ ਪੂਰਾ ਕੀਤਾ ਹੈ। ਉਨ੍ਹਾਂ ਕਿਹਾ ਕਿ ਕਾਦੀਆਂ ਹਲਕੇ ਵਿੱਚ ਹਲਕਾ ਇੰਚਾਰਜ ਜਗਰੂਪ ਸਿੰਘ ਸੇਖਵਾਂ ਦੀ ਅਗਵਾਈ ਵਿੱਚ ਹੋਏ ਇਸ ਇਕੱਠ ਨੇ ਸਾਬਿਤ ਕਰ ਦਿੱਤਾ ਹੈ ਕਿ ਇਸ ਹਲਕੇ ਦੇ ਲੋਕ ਆਮ ਆਦਮੀ ਪਾਰਟੀ ਦੇ ਨਾਲ ਹਨ।

ਸੀਐਮ ਮਾਨ ਦੇ ਵਿਰੋਧੀਆਂ ‘ਤੇ ਤਿੱਖੇ ਹਮਲੇ

ਔਰਤਾਂ ਨੂੰ ਦਿੱਤੇ ਜਾਣ ਵਾਲੇ 1,000 ਰੁਪਏ ਬਾਰੇ ਵਿਰੋਧੀ ਧਿਰ ਦਾ ਕਹਿਣਾ ਹੈ ਕਿ ਪਿਛਲੇ ਚਾਰ ਸਾਲਾਂ ਦਾ ਬਕਾਇਆ ਵੀ ਔਰਤਾਂ ਨੂੰ ਦਿੱਤਾ ਜਾਵੇ। ਇਸ ‘ਤੇ ਬੋਲਦਿਆਂ ਮੰਤਰੀ ਹਰਭਜਨ ਸਿੰਘ ਈਟੀਓ ਨੇ ਕਿਹਾ ਕਿ ਇੰਡੀਅਨ ਨੈਸ਼ਨਲ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦੀਆਂ ਸਰਕਾਰਾਂ ਨੇ ਵੀ ਪੰਜਾਬ ‘ਤੇ ਰਾਜ ਕੀਤਾ ਹੈ। ਉਨ੍ਹਾਂ ਨੇ ਇਹ ਪੈਸਾ ਪਹਿਲਾਂ ਔਰਤਾਂ ਨੂੰ ਕਿਉਂ ਨਹੀਂ ਦਿੱਤਾ? ਉਨ੍ਹਾਂ ਕਿਹਾ ਸਰਕਾਰਾਂ ਦੀਆਂ ਨੀਯਤਾਂ ਸਹੀਂ ਹੋਣ ਤਾਂ ਕਿਸਮਤਾਂ ਬਦਲ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਨੀਯਤ ਸਾਫ ਹੈ ਇਸ ਲਈ ਸਾਰੇ ਵਿਕਾਸ ਕਾਰਜ ਸਹੀ ਢੰਗ ਨਾਲ ਹੋ ਰਹੇ ਹਨ।

ਸਰਕਾਰ ਨੇ ਕੀਤੇ ਸਾਰੇ ਵਾਅਦੇ ਪੂਰੇ

ਉਨ੍ਹਾਂ ਕਿਹਾ ਕਿ ਸਰਕਾਰ ਨੂੰ ਆਪਣੇ ਪੰਜ ਸਾਲਾਂ ਦੇ ਕਾਰਜਕਾਲ ਵਿੱਚ ਕੀਤੇ ਵਾਅਦੇ ਪੂਰੇ ਕਰਨੇ ਹੁੰਦੇ ਹਨ। ਇਸ ਲਈ, ਉਨ੍ਹਾਂ ਨੇ ਔਰਤਾਂ ਨੂੰ 1,000 ਰੁਪਏ ਦੇਣ ਦਾ ਆਪਣਾ ਵਾਅਦਾ ਪੂਰਾ ਕਰ ਦਿੱਤਾ ਹੈ। ਕਾਦੀਆਂ ਦੇ ਲੋਕਾਂ ਨੂੰ ਭਰੋਸਾ ਦਿੰਦਿਆਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀਆਂ ਸਾਰੀਆਂ ਮੰਗਾਂ ਛੇਤੀ ਤੋਂ ਛੇਤੀ ਪੂਰੀਆਂ ਕੀਤੀਆਂ ਜਾਣਗੀਆਂ। ਵਰਲਡ ਕਲਾਸ 500 ਸੀਟਾਂ ਵਾਲਾ ਆਡੀਟੋਰੀਅਮ ਬਣਾਇਆ ਜਾਵੇਗਾ, ਜਿੱਥੇ ਵਪਾਰੀਆਂ ਨੇ ਕੋਈ ਮੇਲਾ ਲਗਾਉਣਾ ਹੋਵੇ ਜਾਂ ਕਿਸੇ ਹੋਰ ਤਰ੍ਹਾਂ ਦਾ ਪ੍ਰੋਗਰਾਮ ਕਰਨਾ ਹੋਵੇਗਾ ਤਾਂ ਇਹ ਆਡੀਟੋਰੀਅਮ ਹਮੇਸ਼ਾ ਉਪਲੱਬਧ ਰਹੇਗਾ। ਉਨ੍ਹਾਂ ਕਿਹਾ ਕਿ ਆਈਟੀਆਈ ਖੋਲ੍ਹੀ ਜਾਵੇਗੀ। ਬਿਆਸ ਦਰਿਆ ਚੋਂ ਡੀਸਿਲਟਿੰਗ ਕੀਤੀ ਜਾਵੇਗੀ। ਉਨ੍ਹਾਂ ਕਿਹਾ ਇਥੋਂ ਦੇ ਨੌਜਵਾਨ ਸਭਤੋਂ ਵੱਧ ਫੌਜ ਵਿੱਚ ਭਰਤੀ ਹੁੰਦੇ ਹਨ। ਇਸ ਲਈ ਉਨ੍ਹਾਂ ਲਈ ਟ੍ਰੇਨਿੰਗ ਸੈਂਟਰ ਖੋਲ੍ਹਿਆ ਜਾਵੇਗਾ, ਜਿੱਥੇ ਉਹ ਫੌਜ ਵਿੱਚ ਜਾਣ ਲਈ ਚੰਗੀ ਟ੍ਰੇਨਿੰਗ ਹਾਸਿਲ ਕਰ ਸਕਣਗੇ।

ਵਿਰੋਧੀਆਂ ਤੇ ਤਿੱਖੇ ਨਿਸ਼ਾਨੇ

ਕਾਂਗਰਸ ਆਗੂ ਪ੍ਰਤਾਪ ਬਾਜਵਾ ਤੇ ਤਿੱਖੇ ਹਮਲੇ ਬੋਲਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਆਪਣੇ ਹਲਕੇ ਵਿੱਚ ਹੀ ਕੋਈ ਕੰਮ ਨਹੀਂ ਕਰਵਾਇਆ। ਉਲਟਾ ਮਹਿੰਗੇ ਟੋਲ ਟੈਕਸ ਲਗਾ ਦਿੱਤੇ। ਜਿੰਨੇ ਦਾ ਪੈਟਰੋਲ ਓਨਾ ਹੀ ਟੋਲ ਟੈਕਸ ਦਿਓ। ਉਨ੍ਹਾਂ ਕਿਹਾ ਕਿ ਇਹ ਸੋਨੇ ਦੇ ਬਿਸਕੁੱਟ ਖਾਣ ਵਾਲੇ ਹਨ, ਅਸੀਂ ਤਾਂ ਆਟੇ ਦੇ ਬਿਸਕੁੱਟ ਹੀ ਖਾਂਦੇ ਹਾਂ। ਭਾਜਪਾ ਦੇ ਹਮਲਾ ਬੋਲਦਿਆਂ ਉਨ੍ਹਾਂ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਤੇ ਝੂਠੇ ਕੇਸ ਪਾਏ, ਪਰ ਅਦਾਲਤ ਨੇ ਉਨ੍ਹਾਂ ਨੂੰ ਬਰੀ ਕਰਕੇ ਉਨ੍ਹਾਂ ਦੀ ਸੱਚਾਈ ਦਾ ਸਬੂਤ ਦੇ ਦਿੱਤਾ। ਉਨ੍ਹਾਂ ਕਿਹਾ ਕਿ ਹੁਣ ਆਮ ਆਦਮੀ ਪਾਰਟੀ ਦੀ ਝਾੜੂ ਪੂਰੇ ਦੇਸ਼ ਦੀ ਗੰਦਗੀ ਨੂੰ ਸਾਫ ਕਰੇਗੀ। ਅਕਾਲੀ ਦਲ ਨੂੰ ਵੀ ਨਿਸ਼ਾਨੇ ਤੇ ਲੈਂਦਿਆਂ ਉਨ੍ਹਾਂ ਕਿਹਾ ਕਿ ਇਨ੍ਹਾਂ ਤੋਂ ਤੁਸੀਂ ਕੀ ਉਮੀਦ ਕਰੋਗੇ, ਇਨ੍ਹਾਂ ਦੀ ਪਾਰਟੀ ਵਿੱਚ 5 ਲੀਡਰ ਵੀ ਨਹੀਂ ਬਚੇ ਹਨ।

Follow Us