ਪ੍ਰਕਾਸ਼ ਸਿੰਘ ਬਾਦਲ ਦੇ ਅੰਤਿਮ ਸਸਕਾਰ ‘ਚ ਸ਼ਾਮਲ ਹੋਣਗੇ ਮੁੱਖ ਮੰਤਰੀ ਮਾਨ, ਕੈਬਿਨਟ ਮੀਟਿੰਗ ਰੱਦ
ਮੰਗਲਵਾਰ ਸ਼ਾਮ ਨੂੰ ਮੋਹਾਲੀ ਦੇ ਫੋਰਟੀਜ ਹਸਪਤਾਲ ਵਿੱਖੇ ਪ੍ਰਕਾਸ਼ ਸਿੰਘ ਬਾਦਲ ਨੇ ਅੰਤਿਮ ਸਾਹ ਲਏ। ਉਹ ਬੀਤੀ 21 ਅਪ੍ਰੈਲ ਤੋਂ ਹੀ ਇੱਥੇ ਭਰਤੀ ਸਨ। ਹਾਲਾਂਕਿ,ਇਸ ਦੌਰਾਨ ਉਨ੍ਹਾਂ ਦੀ ਸਿਹਤ ਚ ਸੁਧਾਰ ਦੀਆਂ ਵੀ ਖਬਰਾਂ ਆਈਆਂ ਸਨ।
ਚੰਡੀਗੜ੍ਹ ਨਿਊਜ: ਮੁੱਖ ਮੰਤਰੀ ਭਗਵੰਤ ਮਾਨ (Bhagwant Maan) ਵੀਰਵਾਰ ਨੂੰ ਬਾਦਲ ਪਿੰਡ ਜਾਕੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ (Prakash Singh Badal) ਦੇ ਅੰਤਿਮ ਸਸਕਾਰ ਵਿੱਚ ਸ਼ਾਮਲ ਹੋਣਗੇ। ਜਾਣਕਾਰੀ ਮੁਤਾਬਕ, ਮੁੱਖ ਮੰਤਰੀ ਮਾਨ ਕੱਲ੍ਹ ਤਕਰੀਬਨ 11.30 ਵਜੇ ਹੀ ਬਾਦਲ ਪਿੰਡ ਪਹੁੰਚ ਜਾਣਗੇ। ਹਾਲਾਂਕਿ ਸਸਕਾਰ ਦਾ ਸਮਾਂ ਦੁਪਹਿਰ 1 ਵਜੇ ਦਾ ਦੱਸਿਆ ਗਿਆ ਹੈ। ਮੁੱਖ ਮੰਤਰੀ ਦਫ਼ਤਰ ਤੋਂ ਮਿਲੀ ਜਾਣਕਾਰੀ ਮੁਤਾਬਕ, ਭਗਵੰਤ ਮਾਨ ਤਕਰੀਬਨ ਡੇਢ ਘੰਟਾ ਪਿੰਡ ਵਿੱਚ ਰਹਿਣਗੇ।
ਪਹਿਲਾਂ ਤੋਂ ਹੀ ਤੈਅ ਪ੍ਰੋਗਰਾਮ ਕਰਕੇ ਅੱਜ ਮੁੱਖ ਮੰਤਰੀ ਚੰਡੀਗੜ੍ਹ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਜਾ ਕੇ ਪ੍ਰਕਾਸ਼ ਸਿੰਘ ਬਾਦਲ ਨੂੰ ਸ਼ਰਧਾਂਜਲੀ ਭੇਂਟ ਨਹੀਂ ਕਰ ਸਕੇ। ਉਨ੍ਹਾਂ ਨੇ ਅੱਜ ਉਨ੍ਹਾਂ ਸ਼ਹੀਦ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਨ ਜਾਣਾ ਸੀ, ਜਿਨ੍ਹਾਂ ਪਰਿਵਾਰਾਂ ਦੇ ਪੁੱਤ ਹਾਲ ਹੀ ਵਿੱਚ ਜੰਮੂ-ਕਸ਼ਮੀਰ ਦੇ ਪੁੰਛ ਵਿੱਚ ਹੋਏ ਅੱਤਵਾਦੀ ਹਮਲੇ ਵਿੱਚ ਸ਼ਹੀਦ ਹੋ ਗਏ ਸਨ। ਅੱਜ ਭਗਵੰਤ ਮਾਨ ਦੀ ਥਾਂ ਉਨ੍ਹਾਂ ਦੀ ਕੈਬਿਨੇਟ ਦੇ ਦੋ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਹਰਜੋਤ ਸਿੰਘ ਬੈਂਸ ਸੁਖਬੀਰ ਸਿੰਘ ਬਾਦਲ ਨਾਲ ਦੁੱਖ ਸਾਂਝਾ ਕਰਨ ਗਏ ਸਨ।


