Gurbani Telecast: ਗੁਰਬਾਣੀ ਪ੍ਰਸਾਰਣ ਨੂੰ ਲੈ ਕੇ ਸਰਕਾਰ ਲਿਆ ਰਹੀ ਸਿੱਖ ਗੁਰਦੁਆਰਾ (ਸੋਧ) ਬਿੱਲ-2023, ਮੰਗਲਵਾਰ ਨੂੰ ਵਿਧਾਨਸਭਾ ‘ਚ ਕੀਤਾ ਜਾਵੇਗਾ ਪੇਸ਼

kusum-chopra
Updated On: 

19 Jun 2023 21:53 PM

Free Gurbani Broadcast : ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਸਾਰੇ ਚੈਨਲਾਂ ਨੂੰ ਗੁਰਬਾਣੀ ਪ੍ਰਸਾਰਣ ਦਾ ਅਧਿਕਾਰ ਦੇਣ ਜਾ ਰਹੀ ਹੈ। ਜੇ ਅਸੀਂ ਚਾਹੁੰਦੇ ਹਾਂ ਕਿ ਗੁਰਬਾਣੀ ਸਾਰੇ ਵਿਸ਼ਵ ਵਿੱਚ ਸੁਣੀ ਜਾਵੇ ਤਾਂ ਵਿਰੋਧੀ ਕਹਿੰਦੇ ਨੇ ਕਿ ਪੰਥ 'ਤੇ ਹਮਲਾ ਹੈ।

Gurbani Telecast: ਗੁਰਬਾਣੀ ਪ੍ਰਸਾਰਣ ਨੂੰ ਲੈ ਕੇ ਸਰਕਾਰ ਲਿਆ ਰਹੀ ਸਿੱਖ ਗੁਰਦੁਆਰਾ (ਸੋਧ) ਬਿੱਲ-2023, ਮੰਗਲਵਾਰ ਨੂੰ ਵਿਧਾਨਸਭਾ ਚ ਕੀਤਾ ਜਾਵੇਗਾ ਪੇਸ਼
Follow Us On
ਚੰਡੀਗੜ੍ਹ ਨਿਊਜ। ਮੁੱਖ ਮੰਤਰੀ ਭਗਵੰਤ ਮਾਨ ਦੀ ਪ੍ਰਧਾਨਗੀ ਹੇਠ ਹੋਈ ਪੰਜਾਬ ਕੈਬਨਿਟ ਦੀ ਮੀਟਿੰਗ ‘ਚ ਕਈ ਅਹਿਮ ਫੈਸਲੇ ਲਏ ਗਏ। ਮੁੱਖ ਮੰਤਰੀ ਨੇ ਪ੍ਰੈੱਸ ਕਾਨਫਰੰਸ ਕਰਕੇ ਆਪ ਇਨ੍ਹਾਂ ਫੈਸਲਿਆਂ ਦੀ ਜਾਣਕਾਰੀ ਮੀਡੀਆ ਨੂੰ ਦਿੱਤੀ। ਮੁੱਖ ਮੰਤਰੀ ਨੇ ਮੁਫਤ ਗੁਰਬਾਣੀ ਪ੍ਰਸਾਰਣ ਦੇ ਮੁੱਦੇ ਤੇ ਵਿਸਥਾਰ ਨਾਲ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਇਹ ਮਾਮਲਾ ਲੰਮੇ ਸਮੇਂ ਤੋਂ ਚੁੱਕਿਆ ਜਾ ਰਿਹਾ ਸੀ ਕਿ ਗੁਰਬਾਣੀ ਸੁਣਨ ਦਾ ਹੱਕ ਸਾਰਿਆਂ ਨੂੰ ਕਿਉਂ ਨਹੀਂ ਹੈ। ਜਿਸ ਨੂੰ ਲੈ ਕੇ ਉਨ੍ਹਾਂ ਨੇ ਸੀਨੀਅਰ ਵਕੀਲ ਨਾਲ ਸਲਾਹ ਮਸ਼ਵਰੇ ਕਰਕੇ ਫੈਸਲਾ ਲਿਆ ਹੈ ਕਿ ਪੰਜਾਬ ਸਰਕਾਰ ਸਿੱਖ ਗੁਰਦੁਆਰਾ (ਸੋਧ) ਐਕਟ-2023 ਲੈ ਕੇ ਆਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਅਸੀਂ ਇੱਕ ਚੈਨਲ ਨੂੰ ਪ੍ਰਸਾਰਣ ਦਾ ਅਧਿਕਾਰ ਦੇਣ ਤਾ ਮੁੱਦਾ ਜੋਰ-ਸ਼ੋਰ ਨਾਲ ਚੁੱਕਿਆ ਤਾਂ ਐਸਜੀਪੀਸੀ ਨੇ ਓਪਨ ਟੈਂਡਰ ਕੱਢਣ ਦੀ ਗੱਲ ਕਹਿ ਕੇ ਪੱਲਾ ਝਾੜ ਲਿਆ। ਉਨ੍ਹਾਂ ਕਿਹਾ ਕਿ ਗੁਰਬਾਣੀ ਪ੍ਰਸਾਰਣ ਇੱਕ ਚੈਨਲ ਨੂੰ ਨਾ ਮਿਲ ਕੇ ਸਾਰਿਆ ਨੂੰ ਮਿਲੇ, ਇਸ ਲਈ ਉਨ੍ਹਾਂ ਦੀ ਸਰਕਾਰ ਸਿੱਖ ਗੁਰਦੁਆਰਾ (ਸੋਧ) ਐਕਟ-2023 ਲੈ ਕੇ ਆ ਰਹੀ ਹੈ। ਸਰਕਾਰ ਨੇ ਵਕੀਲਾਂ ਨਾਲ ਸਲਾਹ ਕਰਕੇ ਇਹ ਫੈਸਲਾ ਲਿਆ ਗਿਆ।

ਫੈਸਲਾ ਲੈਣ ਦਾ ਇਹ ਸਹੀ ਸਮਾਂ-ਮਾਨ

ਮੁੱਖ ਮੰਤਰੀ ਨੇ ਕਿਹਾ ਕਿ 2012 ਵਿੱਚ 11 ਸਾਲ ਲਈ ਇੱਕ ਨਿੱਜੀ ਚੈਨਲ ਨੇ ਦਰਬਾਰ ਸਾਹਿਬ ਤੋਂ ਗੁਰਬਾਣੀ ਪ੍ਰਸਾਰਣ ਦੇ ਅਧਿਕਾਰ ਖਰੀਦ ਲਏ ਗਏ। ਗੁਰਬਾਣੀ ਤੇ ਇੱਕ ਚੈਨਲ ਦਾ ਅਧਿਕਾਰ ਹੋਣ ਕਾਰਨ ਲੋਕਾਂ ਨੂੰ ਗੁਰਬਾਣੀ ਸੁਣਨ ਲਈ ਕੇਬਲ ਲਗਾਉਣੀ ਹੀ ਪੈਂਦੀ ਹੈ। ਹੁਣ ਜਦੋਂ ਅਗਲੇ ਮਹੀਨੇ ਮੁੜ ਤੋਂ ਐਸਜੀਪੀਸੀ ਓਪਨ ਟੈਂਡਰ ਕੱਢਣ ਜਾ ਰਹੀ ਹੈ ਤਾਂ ਸਾਨੂੰ ਉਸ ਤੋਂ ਪਹਿਲਾਂ ਹੀ ਇਹ ਫੈਸਲਾ ਲੈਣਾ ਹੋਵੇਗਾ, ਕਿਉਂਕਿ ਜੇਕਰ ਹੁਣ ਇਹ ਫੈਸਲਾ ਨਹੀਂ ਲਿਆ ਤਾਂ ਮੁੱੜ ਤੋਂ ਇਕ ਚੈਨਲ ਨੂੰ ਅਗਲੇ 10-12 ਸਾਲ ਲਈ ਗੁਰਬਾਣੀ ਪ੍ਰਸਾਰਣ ਦੇ ਅਧਿਕਾਰ ਦੇ ਦਿੱਤੇ ਜਾਣਗੇ।

ਗੁਰੁਦੁਆਰਾ ਸਿੱਖ ਐਕਟ 1925 ਸਟੇਟ ਐਕਟ ਹੈ, ਕੇਂਦਰ ਦਾ ਨਹੀਂ

ਮੁੱਖ ਮੰਤਰੀ ਨੇ ਕਿਹਾ ਕਿ ਗੁਰਦੁਆਰਾ ਸਿੱਖ ਐਕਟ 1925 ਸਟੇਟ ਐਕਟ ਹੈ, ਇਸ ਵਿੱਚ ਕੇਂਦਰ ਦੀ ਕੋਈ ਦਖਲਅੰਦਾਜੀ ਨਹੀਂ ਹੈ। ਇਸ ਐਕਟ ਦੇ ਮੁਤਾਬਿਕ ਅਸੀਂਂ ਐੱਸਜੀਪੀਸੀ ਤੇ ਇੱਕ ਹੀ ਪਰਿਵਾਰ ਦਾ ਕਬਜ਼ਾ ਤੋੜਣ ਜਾ ਰਹੇ ਹਾਂ। 2014 ਵਿੱਚ ਸੁਪਰੀਮ ਕੋਰਟ ਨੇ ਖੁਦ ਇਹ ਕਿਹਾ ਕਿਹਾ ਸੀ ਕਿ ਗੁਰਦੁਆਰਾ ਐਕਟ ਸਟੇਟ ਐਕਟ ਹੈ, ਇਸ ਵਿੱਚ ਕੇਂਦਰ ਦੀ ਕੋਈ ਦਖ਼ਲਅੰਦਾਜੀ ਨਹੀਂ ਹੈ। ਉਨ੍ਹਾਂ ਕਿਹਾ ਕਿ 2014 ‘ਚ ਸੁਪਰੀਮ ਨੇ ਕਿਹਾ ਕਿਹਾ ਸੀ ਕਿ ਗੁਰਦੁਆਰਾ ਐਕਟ ਪੁਰੀ ਤਰ੍ਹਾਂ ਨਾਲ ਸਟੇਟ ਐਕਟ ਹੈ ਨਾ ਕਿ ਇੰਟਰਸਟੇਟ। ਜੇਕਰ ਉਹ ਚਾਹੁੰਦੇ ਹਨ ਕਿ ਗੁਰਬਾਣੀ ਸਾਰੇ ਵਿਸ਼ਵ ਵਿੱਚ ਸੁਣੀ ਜਾਵੇ ਤਾਂ ਸ਼੍ਰੋਮਣੀ ਅਕਾਲੀ ਦਲ ਕਹਿੰਦਾ ਹੈ ਇਹ ਇਹ ਪੰਥ ਤੇ ਹਮਲਾ ਹੈ। ਉਹ ਦੱਸਣ ਕਿ ਇਹ ਪੰਥ ‘ਤੇ ਕਿਸ ਤਰ੍ਹਾਂ ਨਾਲ ਹਮਲਾ ਹੋ ਗਿਆ।

ਪੰਜਾਬ ਸਰਕਾਰ ਐਕਟ ‘ਚ ਕਰੇਗੀ ਸੋਧ

ਮੁੱਖ ਮੰਤਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਸਿੱਖ ਗੁਰਦੁਆਰਾ (ਸੋਧ) ਐਕਟ-2023 ਲਿਆਉਣ ਜਾ ਰਹੀ ਹੈ। ਪੁਰਾਣੇ ਐਕਟ ਚ ਕਿਸੇ ਵੀ ਤਰ੍ਹਾਂ ਦੀ ਸੋਧ ਨਹੀਂ ਕੀਤੀ ਜਾ ਰਹੀ ਅਤੇ ਨਾ ਹੀ ਗੁਰਬਾਣੀ ਪ੍ਰਸਾਰਣ ਦੇ ਅਧਿਕਾਰ ਆਪਣੇ ਕਿਸੇ ਰਿਸ਼ਤੇਦਾਰ ਨੂੰ ਦੁਆ ਰਿਹਾ ਹਾਂ। ਮੈਂ ਗੁਰਬਾਣੀ ਸੁਣਨ ਦਾ ਅਧਿਕਾਰ ਸਾਰਿਆਂ ਨੂੰ ਦੇਣ ਜਾ ਰਿਹਾ ਹਾਂ। ਉਨ੍ਹਾਂ ਕਿਹਾ ਉਹ ਪੀਟੀਸੀ ਚੈਨਲ ਤੋਂ ਗੁਰਬਾਣੀ ਪ੍ਰਸਾਰਣ ਦਾ ਅਧਿਕਾਰ ਨਹੀਂ ਖੋਹ ਰਹੇ, ਸਗੋਂ ਇਹ ਅਧਿਕਾਰ ਸਾਰਿਆਂ ਨੂੰ ਦੇਣ ਜਾ ਰਹੇ ਹਨ। ਪੀਟੀਸੀ ਨੂੰ ਸਗੋਂ ਹੁਣ ਇਸ ਲਈ ਕੋਈ ਪੈਸਾ ਨਹੀਂ ਦੇਣਾ ਪਵੇਗਾ।

ਕੀ ਕਹਿੰਦੇ ਨੇ ਕਾਨੂੰਨੀ ਮਾਹਰ?

ਪੰਜਾਬ ਸਰਕਾਰ ਵੱਲੋਂ ਚੁੱਕੇ ਜਾ ਰਹੇ ਇਸ ਕਦਮ ਤੇ ਸੀਨੀਅਰ ਵਕੀਲ ਐਚ ਐਸ ਫੂਲਕਾ ਦਾ ਕਹਿਣਾ ਹੈ ਕਿ ਜਦੋਂ 1966 ਵਿੱਚ ਪੰਜਾਬ-ਹਰਿਆਣਾ ਦੀ ਵੰਡ ਹੋਈ ਸੀ ਤਾਂ ਉਦੋਂ ਕੇਂਦਰ ਵੱਲੋਂ ਇਕ ਅਸਥਾਈ ਐਕਟ ਬਣਾਇਆ ਗਿਆ ਸੀ। ਉਦੋਂ ਇਹ ਕਿਹਾ ਗਿਆ ਸੀ ਕਿ ਇਹ ਐਕਟ ਉਦੋਂ ਤੱਕ ਲਾਗੂ ਰਹੇਗਾ, ਜਦੋਂ ਤੱਕ ਦੋਵੇਂ ਸੂਬੇ ਆਪਣਾ-ਆਪਣਾ ਕਨੂੰਨ ਨਹੀਂ ਬਣਾ ਲੈਂਦੇ। ਜਦੋਂ ਸੂਬੇ ਆਪਣਾ ਆਪਣਾ ਐਕਟ ਬਣਾ ਲੈਣਗੇ ਉਦੋਂ ਕੇਂਦਰ ਇਸ ਵਿੱਚ ਦਖਲਅੰਦਾਜੀ ਨਹੀਂ ਕਰ ਸਕੇਗਾ। ਜਦੋਂ ਹਰਿਆਣਾ ਨੇ ਆਪਣਾ ਐਕਟ ਬਣਾਇਆ ਤਾਂ ਸੁਪਰੀਮ ਕੋਰਟ ਨੇ ਇਸ ਫੈਸਲੇ ਦਾ ਸਮਰਥਨ ਕੀਤਾ ਸੀ ਕਿ ਹਰਿਆਣਾ ਸਰਕਾਰ ਨੂੰ ਇਸਦਾ ਪੂਰਾ ਹੱਕ ਹੈ। ਪਰ ਉਨ੍ਹਾਂ ਦਾ ਸੁਝਾਅ ਹੈ ਕਿ ਨਹਿਰੂ ਅਤੇ ਮਾਸਟਰ ਤਾਰਾ ਸਿੰਘ ਵਿਚਾਲੇ ਹੋਏ ਸਮਝੌਤੇ ਮੁਤਾਬਕ ਚੱਲਿਆ ਜਾਵੇ ਅਤੇ ਐਸਜੀਪੀਸੀ ਜਾਂ ਸਿੱਖਾਂ ਦੀ ਪ੍ਰਵਾਨਗੀ ਤੋਂ ਬਿਨਾ ਕੋਈ ਸੋਧ ਨਾ ਕੀਤੀ ਜਾਵੇ। ਪਰ ਜੇਕਰ ਇਨ੍ਹਾਂ ਨੂੰ ਨਵਾਂ ਐਕਟ ਬਣਾਉਣਾ ਹੈ ਤਾਂ ਇਨ੍ਹਾਂ ਨੂੰ ਐਸਜੀਪੀਸੀ ਦੀ ਪ੍ਰਵਾਨਗੀ ਦੀ ਲੋੜ ਨਹੀਂ ਹੈ।

ਗੁਰਬਾਣੀ ਪ੍ਰਸਾਰਣ ਲਈ ਕਰਨੀ ਹੋਵੇਗੀ ਸ਼ਰਤਾਂ ਦੀ ਪਾਲਣਾ

ਮੁੱਖ ਮੰਤਰੀ ਨੇ ਕਿਹਾ ਕਿ ਉਹ ਮੰਗਲਵਾਰ ਨੂੰ ਵਿਧਾਨਸਭਾ ਇਜਲਾਸ ‘ਚ ਗੁਰਬਾਣੀ ਪ੍ਰਸਾਰਣ ਦਾ ਐਕਟ ਲੈ ਕੇ ਆ ਰਹੇ ਹਨ। ਉਨ੍ਹਾਂ ਦੀ ਸਰਕਾਰ ਗੁਰਬਾਣੀ ਪ੍ਰਸਾਰਣ ਲਈ ਕੁਝ ਸ਼ਰਤਾਂ ਰਖੇਗੀ। ਜਿਵੇਂ ਕਿ ਗੁਰਬਾਣੀ ਪ੍ਰਸਾਰਣ ਦੇ ਅੱਧਾ ਘੰਟਾ ਪਹਿਲਾਂ ਅਤੇ ਅੱਧਾ ਘੰਟਾ ਬਾਅਦ ਵਿੱਚ ਕੋਈ ਵੀ ਕਮਰਸ਼ੀਅਲ ਵਿਗਿਆਪਨ ਨਹੀਂ ਵਿਖਾਇਆ ਜਾਵੇਗਾ। ਟੀਵੀ ਅਤੇ ਯੂਟਿਊਬ ਲਈ ਵੱਖ -ਵੱਖ ਨਿਯਮ ਹੋਣਗੇ। ਨਿਯਮ ਤੋੜਣ ਵਾਲਿਆਂ ਤੇ ਕਾਰਵਾਈ ਹੋਵੇਗੀ।

ਐਕਟ ਪੜਣ ਤੋਂ ਬਾਅਦ ਕਰਾਂਗੇ ਫੈਸਲਾ-ਪ੍ਰਤਾਪ ਸਿੰਘ ਬਾਜਵਾ

ਇਸ ਮੁੱਦੇ ਤੇ ਜਦੋਂ ਕਾਂਗਰਸ ਦੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਕੱਲ ਵਿਧਾਨਸਭਾ ਚ ਜਦੋਂ ਇਹ ਸੋਧ ਬਿਲ ਪੇਸ਼ ਕੀਤਾ ਜਾਵੇਗਾ ਤਾਂ ਉਸਨੂੰ ਪੜਣ ਤੋਂ ਬਾਅਦ ਹੀ ਉਹ ਕੋਈ ਫੈਸਲਾ ਲੈਣਗੇ। ਹਾਲਾਂਕਿ, ਉਨ੍ਹਾਂ ਨੇ ਇਹ ਵੀ ਕਿ ਗੁਰਬਾਣੀ ਪ੍ਰਸਾਰਣ ਦੇ ਅਧਿਕਾਰ ਸਾਰਿਆਂ ਨੂੰ ਦੇਣ ਦਾ ਮੁੱਦਾ ਬੀਤੇ ਲੰਮੇ ਸਮੇਂ ਤੋਂ ਉੱਠਦਾ ਆ ਰਿਹਾ ਹੈ। ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂਜਾਣੋ