AAP ਵਿਧਾਇਕ ਅਮੋਲਕ ਸਿੰਘ ਦੇ ਚੰਡੀਗੜ੍ਹ ਪੁਲਿਸ ਨਾਲ ਪੰਗੇ ‘ਤੇ ਵਿਰੋਧੀਆਂ ਦੇ ਤਿੱਖੇ ਤੰਜ, ਬੋਲੇ- ਪੁਲਿਸ ਵਾਲੇ ਨੇ ਹੀ ਕੀਤੀ ਬਦਸਲੂਕੀ

Updated On: 

24 Jul 2023 22:09 PM

ਆਪ ਵਿਧਾਇਕ ਨੇ ਕਿਹਾ ਕਿ ਉਹ ਇਸ ਬਾਰੇ ਚੰਡੀਗੜ੍ਹ ਦੇ ਐਸਐਸਪੀ ਨੂੰ ਪਹਿਲਾਂ ਹੀ ਸੂਚਿਤ ਕਰ ਚੁੱਕੇ ਹਨ। ਉਨ੍ਹਾਂ ਨੇ ਉਕਤ ਪੁਲਿਸ ਮੁਲਾਜ਼ਮ ਬਾਰੇ ਕੋਈ ਸ਼ਿਕਾਇਤ ਨਹੀਂ ਕੀਤੀ ਪਰ ਆਪਣੇ ਨਾਲ ਹੋਏ ਵਿਵਹਾਰ ਬਾਰੇ ਐਸਐਸਪੀ ਨੂੰ ਦੱਸਿਆ।

AAP ਵਿਧਾਇਕ ਅਮੋਲਕ ਸਿੰਘ ਦੇ ਚੰਡੀਗੜ੍ਹ ਪੁਲਿਸ ਨਾਲ ਪੰਗੇ ਤੇ ਵਿਰੋਧੀਆਂ ਦੇ ਤਿੱਖੇ ਤੰਜ, ਬੋਲੇ- ਪੁਲਿਸ ਵਾਲੇ ਨੇ ਹੀ ਕੀਤੀ ਬਦਸਲੂਕੀ
Follow Us On

ਪੰਜਾਬ ਵਿੱਚ ਸੱਤਾਧਾਰੀ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਅਮੋਲਕ ਸਿੰਘ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ। ਇਸ ਵੀਡੀਓ ‘ਚ ਵਿਧਾਇਕ ਅਮੋਲਕ ਸਿੰਘ ਚੰਡੀਗੜ੍ਹ ਟਰੈਫਿਕ ਪੁਲਿਸ ਦੇ ਕਾਂਸਟੇਬਲ ਨੂੰ ਧਮਕਾਉਂਦੇ ਅਤੇ ਗਾਲ੍ਹਾਂ ਕੱਢਦੇ ਨਜ਼ਰ ਆ ਰਹੇ ਹਨ। ਅਮੋਲਕ ਸਿੰਘ ਪੰਜਾਬ ਦੇ ਫਰੀਦਕੋਟ ਜ਼ਿਲ੍ਹੇ ਦੀ ਜੈਤੋ ਵਿਧਾਨ ਸਭਾ ਸੀਟ ਤੋਂ ਵਿਧਾਇਕ ਹਨ। ਵੀਡੀਓ ‘ਚ ਉਹ ਚੰਡੀਗੜ੍ਹ ਟਰੈਫਿਕ ਪੁਲਿਸ ਮੁਲਾਜ਼ਮ ਨੂੰ ਇਤਰਾਜਯੋਗ ਸ਼ਬਦਾਂ ਦੀ ਵੀ ਵਰਤੋਂ ਕਰ ਰਹੇ ਹਨ।

ਦੂਜੇ ਪਾਸੇ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਕਾਂਗਰਸ ਅਤੇ ਅਕਾਲੀ ਦਲ ਨੇ ਇੱਕ ਵਾਰ ਫਿਰ ਆਮ ਆਦਮੀ ਪਾਰਟੀ ‘ਤੇ ਨਿਸ਼ਾਨਾ ਸਾਧਿਆ ਹੈ। ਇਸ ਦੇ ਨਾਲ ਹੀ ਚੰਡੀਗੜ੍ਹ ਪੁਲਿਸ ਤੋਂ ਐਮਐਲਏ ਅਮੋਲਕ ਸਿੰਘ ਖਿਲਾਫ ਐਕਸ਼ਨ ਲੈਣ ਦੀ ਮੰਗ ਕੀਤੀ ਹੈ।

ਵਾਇਰਲ ਹੋ ਰਹੀ ਵੀਡੀਓ ਚੰਡੀਗੜ੍ਹ ਦੇ ਸੈਕਟਰ 17 ਅਤੇ ਸੈਕਟਰ 35 ਦੀ ਡਿਵਾਈਡਿੰਗ ਰੋਡ ਦੀ ਹੈ। ਇਸ ‘ਚ ‘ਆਪ’ ਵਿਧਾਇਕ ਅਮੋਲਕ ਸਿੰਘ ਆਪਣੀ ਕਾਰ ‘ਚ ਬੈਠੇ ਨਜ਼ਰ ਆ ਰਹੇ ਹਨ। ਵੀਡੀਓ ਦੀ ਸ਼ੁਰੂਆਤ ‘ਚ ਪੁਲਿਸ ਵਾਲਾ ਕਹਿੰਦਾ ਹੈ ਕਿ ਤੁਸੀਂ ਵਿਧਾਇਕ ਹੋਵੇਗੇ ਪਰ ਅਸੀਂ ਡਿਊਟੀ ‘ਤੇ ਹਾਂ। ਪੁਲਿਸ ਵਾਲਾ ਪੁੱਛਦਾ ਹੈ ਕਿ ਉਸ ਨੇ ਕੀ ਗਲਤ ਕਿਹਾ ਜਾਂ ਕਿਹੜੀ ਗਾਲ੍ਹ ਕੱਢੀ? ਇਸ ‘ਤੇ ਕਾਰ ‘ਚ ਬੈਠੇ ਵਿਧਾਇਕ ਨੇ ਸ਼ਿਸ਼ਟਾਚਾਰ ਨਾਲ ਗੱਲ ਨਾ ਕਰਨ ਲਈ ਕਿਹਾ। ਇਸ ਤੋਂ ਬਾਅਦ ਦੋਵਾਂ ਵਿਚਾਲੇ ਤਣਾਅ ਵਧ ਗਿਆ ਅਤੇ ਵਿਧਾਇਕ ਅਮੋਲਕ ਸਿੰਘ ਨੇ ਪੁਲਿਸ ਮੁਲਾਜ਼ਮ ਦਾ ਮੋਬਾਈਲ ਫੋਨ ਤੇ ਹੱਥ ਮਾਰ ਕੇ ਉਸ ਨੂੰ ਡੇਗ ਦਿੱਤਾ।

ਇਸ ਤੋਂ ਬਾਅਦ ਵੀਡੀਓ ‘ਚ ਪਤਨੀ ਨਾਲ ਦੁਰਵਿਵਹਾਰ ਕਰਨ ਦੇ ਨਾਲ-ਨਾਲ ਗਾਲੀ-ਗਲੋਚ ਕਰਨ ਦੀ ਗੱਲ ਵੀ ਸਾਹਮਣੇ ਆ ਰਹੀ ਹੈ।

ਪਹਿਲਾਂ ਵੀ ਕੀਤੀ ਗਈ ਸੀ ਧੱਕੇਸ਼ਾਹੀ

ਇਸ ਸਬੰਧੀ ਜਦੋਂ ਦੈਆਪ ਵਿਧਾਇਕ ਅਮੋਲਕ ਸਿੰਘ ਨੇ ਦੱਸਿਆ ਕਿ ਇਹ ਘਟਨਾ ਸੈਕਟਰ 17/35 ਦੇ ਵਿਚਕਾਰ ਵਾਲੀ ਸੜਕ ਦੀ ਹੈ। ਜਦੋਂ ਉਹ ਕਿਤੇ ਜਾ ਰਹੇ ਸਨ ਤਾਂ ਰਸਤੇ ‘ਚ ਚੰਡੀਗੜ੍ਹ ਟਰੈਫਿਕ ਪੁਲਿਸ ਨੇ ਉਨ੍ਹਾਂ ਨੂੰ ਰੋਕ ਲਿਆ, ਜਿਸ ਤੋਂ ਬਾਅਦ ਉਹ ਰੁਕ ਗਏ। ਜਦੋਂ ਉਨ੍ਹਾਂ ਦੇ ਗੰਨਮੈਨ ਨੇ ਹੇਠਾਂ ਉਤਰ ਕੇ ਨਾਕੇ ‘ਤੇ ਖੜ੍ਹੇ ਪੁਲਿਸ ਮੁਲਾਜ਼ਮਾਂ ਨੂੰ ਉਨ੍ਹਾਂ ਦੀ ਪਛਾਣ ਦੱਸੀ ਅਤੇ ਕਿਹਾ ਕਿ ਕਾਰ ‘ਚ ਵਿਧਾਇਕ ਸਾਹਿਬ ਹਨ ਤਾਂ ਨਾਕੇ ‘ਤੇ ਖੜ੍ਹੇ ਚੰਡੀਗੜ੍ਹ ਟਰੈਫਿਕ ਪੁਲਿਸ ਦੇ ਕਾਂਸਟੇਬਲ ਨੇ ਦੁਰਵਿਵਹਾਰ ਕਰਨਾ ਸ਼ੁਰੂ ਕਰ ਦਿੱਤਾ ਅਤੇ ਕਿਹਾ- ਫਿਰ ਕੀ ਹੋਇਆ, ਇੱਥੇ ਕਈ ਲੋਕ ਇਸ ਤਰ੍ਹਾਂ ਘੁੰਮਦੇ ਹਨ।

ਅਮੋਲਕ ਸਿੰਘ ਅਨੁਸਾਰ ਇਸ ਤੋਂ ਬਾਅਦ ਪੁਲਿਸ ਮੁਲਾਜ਼ਮ ਬਹਿਸ ਕਰਨ ਲੱਗੇ ਅਤੇ ਮੋਬਾਇਲ ਮੇਰੇ ਚਿਹਰੇ ਦੇ ਬਿਲਕੁਲ ਨੇੜੇ ਲੈ ਆਏ। ਇਸ ‘ਤੇ ਮੈਂ ਉਨ੍ਹਾਂ ਦਾ ਮੋਬਾਈਲ ਆਪਣੇ ਹੱਥ ਨਾਲ ਵਾਪਸ ਕਰ ਦਿੱਤਾ।

ਵਿਧਾਇਕ ਅਨੁਸਾਰ ਇਸ ਤੋਂ ਬਾਅਦ ਨਾਕੇ ‘ਤੇ ਖੜ੍ਹੇ ਦੂਜੇ ਪੁਲਿਸ ਮੁਲਾਜ਼ਮ ਨੇ ਆਪਣੇ ਸਾਥੀ ਦੇ ਵਿਵਹਾਰ ਲਈ ਮੁਆਫ਼ੀ ਮੰਗੀ ਅਤੇ ਕਿਹਾ ਕਿ ਉਹ ਬੀਪੀ ਹਾਈ ਹੋਣ ਤੱਕ ਅਜਿਹੀ ਹਰਕਤ ਕਰਦਾ ਹੈ।

ਅਮੋਲਕ ਸਿੰਘ ਅਨੁਸਾਰ ਇਹ ਪੁਲਿਸ ਮੁਲਾਜ਼ਮ ਹੀ ਸੀ ਜਿਸ ਨੇ ਉਨ੍ਹਾਂ ਨੂੰ ਦੱਸਿਆ ਕਿ ਕੁਝ ਦਿਨ ਪਹਿਲਾਂ ਉਹ ਆਪਣੀ ਪਤਨੀ ਨਾਲ ਜਾ ਰਿਹਾ ਸੀ ਤਾਂ ਵੀ ਉਕਤ ਜਵਾਨ ਨੇ ਉਸ ਨੂੰ ਬਿਨਾਂ ਕੁਝ ਦੱਸੇ ਅੱਧਾ ਘੰਟਾ ਗਲਤ ਤਰੀਕੇ ਨਾਲ ਖੜ੍ਹਾ ਰੱਖਿਆ।

ਕਾਂਗਰਸ ਨੇ ‘ਆਪ’ ‘ਤੇ ਨਿਸ਼ਾਨਾ ਸਾਧਿਆ

ਦੂਜੇ ਪਾਸੇ ‘ਆਪ’ ਵਿਧਾਇਕ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਕਾਂਗਰਸ ਨੇ ਪੰਜਾਬ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ। ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਟਵੀਟ ਕਰਕੇ ਚੰਡੀਗੜ੍ਹ ਪੁਲਿਸ ਅਤੇ ਡੀਜੀਪੀ ਤੋਂ ਵਿਧਾਇਕ ਖਿਲਾਫ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ।

ਖਹਿਰਾ ਨੇ ਟਵੀਟ ਕਰਕੇ ਕਿਹਾ- ਆਮ ਆਦਮੀ ਪਾਰਟੀ ਦਾ ਇੱਕ ਹੋਰ ਅਪਮਾਨਜਨਕ ਅਤੇ ਬੇਕਾਬੂ ਵਤੀਰਾ। ਵਿਧਾਇਕ ਅਮੋਲਕ ਸਿੰਘ ਚੰਡੀਗੜ੍ਹ ਪੁਲਿਸ ਦੇ ਇੱਕ ਮੁਲਾਜ਼ਮ ਨਾਲ ਬਦਸਲੂਕੀ ਕਰਦੇ ਨਜ਼ਰ ਆਏ। ਮੈਂ ਹੈਰਾਨ ਹਾਂ ਕਿ ਡੀਜੀਪੀ ਚੰਡੀਗੜ੍ਹ ਅਤੇ ਐਸਐਸਪੀ ਅਜਿਹੇ ਭੈੜੇ ਸਿਆਸਤਦਾਨਾਂ ਵਿਰੁੱਧ ਐਫਆਈਆਰ ਦਰਜ ਕਰਨ ਤੋਂ ਕਿਉਂ ਝਿਜਕ ਰਹੇ ਹਨ?

ਇਸ ਵੀਡੀਓ ਤੋਂ ਬਾਅਦ ਅਕਾਲੀ ਦਲ ਦੇ ਆਗੂ ਬਿਕਰਮ ਮਜੀਠੀਆ ਨੇ ਵੀ ‘ਆਪ’ ਨੂੰ ਘੇਰਿਆ ਹੈ। ਬਿਕਰਮ ਮਜੀਠੀਆ ਨੇ ਕਿਹਾ- ‘ਆਪ’ ਵਿਧਾਇਕ ਅਮੋਲਕ ਸਿੰਘ ਨੇ ਚੰਡੀਗੜ੍ਹ ਪੁਲਿਸ ਅਧਿਕਾਰੀ ਨਾਲ ਕੀਤੀ ਬਦਸਲੂਕੀ ਕੀ ਆਮ ਆਦਮੀ ਪਾਰਟੀ ਇਸ ਬਦਲਾਅ ਦਾ ਵਾਅਦਾ ਕਰ ਰਹੀ ਸੀ?

ਇਸ ਦੌਰਾਨ ਵਿਧਾਇਕ ਅਮੋਲਕ ਸਿੰਘ ਨੇ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਹ ਆਪਣਾ ਸਮਾਂ ਭੁੱਲ ਗਏ ਹਨ, ਜਦੋਂਕਿ 2017 ਤੋਂ 2022 ਤੱਕ ਉਹ ਪ੍ਰੈੱਸ ਕਾਨਫਰੰਸ ‘ਚ ਹੀ ਮੁੱਖ ਮੰਤਰੀ ਨੂੰ ਗਾਲਾਂ ਕੱਢਣ ਲੱਗ ਪਏ ਸਨ। ਖਹਿਰਾ ਕਦੇ ਕਾਰ ਤੇ ਕਦੇ ਵੀਡੀਓ ਵਰਗੇ ਮੁੱਦੇ ਉਠਾ ਰਹੇ ਹਨ। ਇਨ੍ਹਾਂ ਦੀ ਥਾਂ ਪੰਜਾਬ ਬਾਰੇ ਸੋਚਣਾ ਚਾਹੀਦਾ ਹੈ। ਜਦੋਂ ਪੰਜਾਬ ਹੜ੍ਹਾਂ ‘ਚ ਡੁੱਬ ਰਿਹਾ ਸੀ ਤਾਂ ਖਹਿਰਾ ਘਰੋਂ ਬਾਹਰ ਨਹੀਂ ਨਿਕਲੇ ਅਤੇ ਬਿਮਾਰ ਹੋਣ ਦੀ ਗੱਲ ਕਹਿ ਕੇ ਘਰ ਬੈਠੇ ਰਹੇ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ