ਸੀਬੀਆਈ ਨੇ ਆਈਪੀਐਸ ਕੁਲਦੀਪ ਚਾਹਲ ਨੂੰ ਜਾਂਚ ‘ਚ ਸ਼ਾਮਲ ਹੋਣ ਲਈ ਭੇਜਿਆ ਨੋਟਿਸ
ਇਸ ਅਧਿਕਾਰੀ ਤੇ ਚੰਡੀਗੜ੍ਹ ਦੇ ਇਕ ਵੱਡੇ ਸ਼ਾਪਿੰਗ ਮਾਲ ਦੇ ਸੀਨੀਅਰ ਅਧਿਕਾਰੀ ਨੂੰ ਸਰੀਰਕ ਸ਼ੋਸ਼ਣ ਦੇ ਮਾਮਲੇ ਵਿਚ ਬਚਾਉਣ ਦੇ ਦੋਸ਼ ਲੱਗੇ ਹਨ।
ਚੰਡੀਗੜ੍ਹ। ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿਚ ਘਿਰੇ ਆਈਪੀਐਸ ਅਧਿਕਾਰੀ ਕੁਲਦੀਪ ਚਾਹਲ ਦੀਆਂ ਮੁਸ਼ਕਲਾਂ ਦਿਨ-ਬ-ਦਿਨ ਵਧਦੀਆਂ ਨਜ਼ਰ ਆ ਰਹੀਆਂ ਹਨ। ਸੂਤਰਾਂ ਅਨੁਸਾਰ ਸੀਬੀਆਈ ਨੇ ਆਈਪੀਐਸ ਕੁਲਦੀਪ ਚਾਹਲ ਨੂੰ ਜਾਂਚ ਵਿਚ ਸ਼ਾਮਲ ਹੋਣ ਲਈ ਨੋਟਿਸ ਭੇਜਿਆ ਹੈ। ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਸੀਬੀਆਈ ਕੁਲਦੀਪ ਚਾਹਲ ਖ਼ਿਲਾਫ਼ ਜਾਂਚ ਕਰ ਰਹੀ ਹੈ। ਇਸ ਅਧਿਕਾਰੀ ਤੇ ਚੰਡੀਗੜ੍ਹ ਦੇ ਇਕ ਵੱਡੇ ਸ਼ਾਪਿੰਗ ਮਾਲ ਦੇ ਸੀਨੀਅਰ ਅਧਿਕਾਰੀ ਨੂੰ ਸਰੀਰਕ ਸ਼ੋਸ਼ਣ ਦੇ ਮਾਮਲੇ ਵਿਚ ਬਚਾਉਣ ਦੇ ਦੋਸ਼ ਲੱਗੇ ਹਨ। ਅਧਿਕਾਰੀ ਕੁਲਦੀਪ ਚਾਹਲ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੇ 12 ਦਸੰਬਰ ਨੂੰ ਚੰਡੀਗੜ੍ਹ ਦੇ ਐਸਐਸਪੀ ਦੇ ਅਹੁਦੇ ਤੋਂ ਰਿਲੀਵ ਕੀਤਾ ਸੀ। ਕੁਲਦੀਪ ਚਾਹਲ ਇਸ ਸਮੇਂ ਜਲੰਧਰ ਦੇ ਕਮਿਸ਼ਨਰ ਹਨ।
ਰਾਜਪਾਲ ਦੀ ਸ਼ਿਕਾਇਤ ਤੇ ਅਹੁਦੇ ਤੋਂ ਹਟਾਉਣ ਦਾ ਫੈਸਲਾ
ਜ਼ਿਕਰਯੋਗ ਹੈ ਕਿ 14 ਦਸੰਬਰ ਨੂੰ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਜਾਰੀ ਕਰਕੇ ਕਿਹਾ ਸੀ ਕਿ ਚਾਹਲ ਖਿਲਾਫ ਗੰਭੀਰ ਦੁਰਵਿਹਾਰ ਦੀ ਸ਼ਿਕਾਇਤ ਹੈ। ਜਿਸ ਤੋਂ ਬਾਅਦ ਚਾਹਲ ਨੂੰ ਚੰਡੀਗੜ੍ਹ ਦੇ ਐਸਐਸਪੀ ਦੇ ਅਹੁਦੇ ਤੋਂ ਹਟਾਉਣ ਦਾ ਫੈਸਲਾ ਕੀਤਾ ਗਿਆ ਸੀ। ਇਸ ਦੇ ਨਾਲ ਹੀ ਚੰਡੀਗੜ੍ਹ ਦੇ ਐਸਐਸਪੀ ਲਈ ਤਿੰਨ ਯੋਗ ਆਈਪੀਐਸ ਅਧਿਕਾਰੀਆਂ ਦਾ ਪੈਨਲ ਭੇਜਣ ਲਈ ਕਿਹਾ ਗਿਆ ਸੀ।
ਦੱਸ ਦਈਏ ਕਿ ਸਾਲ 2009 ਬੈਚ ਦੇ ਆਈਪੀਐਸ ਅਧਿਕਾਰੀ ਚਾਹਲ ਨੇ 29 ਸਤੰਬਰ 2020 ਚ ਐਸਐਸਪੀ ਚੰਡੀਗੜ੍ਹ ਦਾ ਕਾਰਜਭਾਰ ਸੰਭਾਲਿਆ ਸੀ। ਇਸ ਤੋਂ ਪਹਿਲਾਂ ਉਹ ਮੁਹਾਲੀ ਦੇ ਐਸਐਸਪੀ ਸਨ। ਚੰਡੀਗੜ੍ਹ ਦੇ ਐਸਐਸਪੀ ਦੇ ਅਹੁਦੇ ਤੋਂ ਰਿਲੀਵ ਕਰਨ ਤੋਂ ਬਾਅਦ ਅਧਿਕਾਰੀ ਕੁਲਦੀਪ ਚਾਹਲ ਨੂੰ ਪੰਜਾਬ ਪਰਤਣ ਤੇ ਕਈ ਦਿਨ ਕਿਤੇ ਵੀ ਤਾਇਨਾਤ ਨਹੀਂ ਕੀਤਾ ਗਿਆ। ਇਸ ਤੋਂ ਬਾਅਦ ਉਨ੍ਹਾਂ ਨੂੰ 21 ਜਨਵਰੀ ਨੂੰ ਜਲੰਧਰ ਦੇ ਪੁਲਿਸ ਕਮਿਸ਼ਨਰ ਵਜੋਂ ਡੀ.ਆਈ.ਜੀ. ਤਾਇਨਾਤ ਕੀਤਾ ਗਿਆ ਸੀ।
ਫੂਡ ਕੋਰਟ ਨੂੰ ਖਾਲੀ ਕਰਵਾਉਣ ‘ਚ ਸੀ ਸ਼ੱਕੀ ਭੂਮਿਕਾ
ਦੱਸ ਦੇਈਏ ਕਿ ਆਈ ਪੀ ਐਸ ਅਧਿਕਾਰੀ ਚਾਹਲ ‘ਤੇ ਲੱਗੇ ਦੋਸ਼ਾਂ ‘ਚੋਂ ਇਕ ਦੋਸ਼ ਉਸ ‘ਤੇ ਨਿੱਜੀ ਤੌਰ ‘ਤੇ ਵੱਡੇ ਮਾਲਾਂ ‘ਚ ਫੂਡ ਕੋਰਟ ਖਾਲੀ ਕਰਵਾਉਣ ਦਾ ਹੈ। ਇਸ ਦੇ ਨਾਲ ਹੀ ਇੱਕ ਪ੍ਰਭਾਵਸ਼ਾਲੀ ਵਿਅਕਤੀ ਦੇ ਖਿਲਾਫ ਜਿਨਸੀ ਸ਼ੋਸ਼ਣ ਦੇ ਮਾਮਲੇ ਵਿੱਚ ਐਫਆਈਆਰ ਦਰਜ ਨਾ ਹੋਣ ਦੇ ਮਾਮਲੇ ਵਿੱਚ ਵੀ ਚਹਿਲ ਦੀ ਭੂਮਿਕਾ ਸ਼ੱਕੀ ਸੀ। ਇਸ ਤੋਂ ਇਲਾਵਾ ਇਕ ਮਕਾਨ ‘ਤੇ ਨਾਜਾਇਜ਼ ਕਬਜ਼ਾ ਕਰਨ ਦੇ ਮਾਮਲੇ ‘ਚ ਵੀ ਚਾਹਲ ਦੀ ਭੂਮਿਕਾ ਸ਼ੱਕੀ ਸੀ।