ਪ੍ਰਧਾਨ ਮੰਤਰੀ ਮੋਦੀ ਨੂੰ ਮਿਲੇ ਕੈਪਟਨ ਅਮਰਿੰਦਰ, ਕਿਹਾ- ਜਲਦੀ ਹੱਲ ਹੋ ਜਾਵੇਗਾ ਕਿਸਾਨਾਂ ਦਾ ਮਸਲਾ
ਦਿੱਲੀ ਵਿੱਚ ਪ੍ਰਧਾਨ ਮੰਤਰੀ ਮੋਦੀ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮੁਲਾਕਾਤ ਹੋਈ ਹੈ। ਬੈਠਕ ਤੋਂ ਬਾਅਦ ਕੈਪਟਨ ਨੇ ਪ੍ਰਧਾਨਮੰਤਰੀ ਨਰੇਂਦਰ ਮੋਦੀ ਤੇ ਭਰੋਸਾ ਪ੍ਰਗਟਾਉਂਦਿਆਂ ਕਿਹਾ ਕਿ ਕਿਸਾਨਾਂ ਦੇ ਸਾਰੇ ਮਸਲੇ ਦਾ ਜਲਦੀ ਹੀ ਤਸੱਲੀ ਬਖਸ਼ ਹੱਲ ਕਰ ਲਿਆ ਜਾਵੇਗਾ। ਉਹਨਾਂ ਕਿਹਾ ਕਿ ਕਿਸਾਨਾਂ ਲਈ ਅਜਿਹਾ ਫੈਸਲਿਆਂ ਲਿਆ ਜਾਵੇਗਾ ਜਿਸ ਉੱਪਰ ਸਾਰੇ ਕਿਸਾਨ ਸਹਿਮਤ ਹੋਣਗੇ।
ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਿੱਲੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਇਸ ਮੌਕੇ ਕੈਪਟਨ ਅਮਰਿੰਦਰ ਨੇ ਪ੍ਰਧਾਨ ਮੰਤਰੀ ਸਾਹਮਣੇ ਪੰਜਾਬ ਦੇ ਕਿਸਾਨੀ ਤੋਂ ਇਲਾਵਾ ਕਈ ਹੋਰ ਮਸਲੇ ਰੱਖੇ। ਜਿਨ੍ਹਾਂ ਤੇ ਪ੍ਰਧਾਨ ਮੰਤਰੀ ਨਾਲ ਵਿਸਥਾਰਪੂਰਵਕ ਚਰਚਾ ਹੋਈ।
ਇਸ ਬੈਠਕ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਹਮੇਸ਼ਾ ਹੀ ਕਿਸਾਨਾਂ ਅਤੇ ਪੰਜਾਬ ਦੇ ਭਲੇ ਦੀ ਗੱਲ ਕਰਦੇ ਹਨ। ਇਸ ਬੈਠਕ ਵਿੱਚ ਵੀ ਕਈ ਮਸਲਿਆਂ ਤੇ ਚਰਚਾ ਹੋਈ ਹੈ। ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨਮੰਤਰੀ ਨਰੇਂਦਰ ਮੋਦੀ ਤੇ ਭਰੋਸਾ ਪ੍ਰਗਟਾਉਂਦਿਆਂ ਕਿਹਾ ਕਿ ਕਿਸਾਨਾਂ ਦੇ ਸਾਰੇ ਮਸਲੇ ਦਾ ਜਲਦੀ ਹੀ ਤਸੱਲੀ ਬਖਸ਼ ਹੱਲ ਕਰ ਲਿਆ ਜਾਵੇਗਾ। ਉਹਨਾਂ ਕਿਹਾ ਕਿ ਕਿਸਾਨਾਂ ਲਈ ਅਜਿਹਾ ਫੈਸਲਿਆਂ ਲਿਆ ਜਾਵੇਗਾ ਜਿਸ ਉੱਪਰ ਸਾਰੇ ਕਿਸਾਨ ਸਹਿਮਤ ਹੋਣਗੇ।
ਕੀ ਅਕਾਲੀ ਭਾਜਪਾ ਗੱਠਜੋੜ ਤੇ ਹੋਈ ਚਰਚਾ ?
ਬੇਸ਼ੱਕ ਗੱਠਜੋੜ ਸਬੰਧੀ ਚਰਚਾ ਦੀ ਅਜੇ ਕੋਈ ਅਧਿਕਾਰਿਤ ਜਾਣਕਾਰੀ ਤਾਂ ਸਾਹਮਣੇ ਨਹੀਂ ਆਈ ਹੈ। ਪਰ ਇਹ ਕਿਆਸਰਾਈਆਂ ਲੱਗ ਰਹੀਆਂ ਹਨ ਕਿ ਇਸ ਬੈਠਕ ਵਿੱਚ ਅਗਾਮੀ ਲੋਕ ਸਭਾ ਚੋਣਾਂ ਲਈ ਅਕਾਲੀ ਭਾਜਪਾ ਗੱਠਜੋੜ ਅਤੇ ਚੋਣ ਤਿਆਰੀਆਂ ਸਬੰਧੀ ਚਰਚਾ ਹੋਈ ਹੈ। ਕਿਉਂਕਿ ਬੀਤੇ ਦਿਨ ਪ੍ਰਧਾਨਮੰਤਰੀ ਨਾਲ ਬੈਠਕ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਉਹ ਚਾਹੁੰਦੇ ਹਨ ਕਿ ਸ੍ਰੋਮਣੀ ਅਕਾਲੀ ਦਲ ਅਤੇ ਭਾਜਪਾ ਇਕੱਠੇ ਹੋਕੇ ਪੰਜਾਬ ਵਿੱਚ ਚੋਣ ਲੜਣ।
ਬੀਤੀ ਦਿਨੀਂ ਉਹਨਾਂ ਨੇ ਕਿਹਾ ਸੀ ਕਿ ਪੰਜਾਬ ਵਿੱਚ ਅਕਾਲੀ ਦਲ ਅਤੇ ਭਾਜਪਾ ਦੇ ਗਠਜੋੜ ਦੀ ਬਹੁਤ ਲੋੜ ਹੈ। ਜੇਕਰ ਇਹ ਦੋਵੇਂ ਪਾਰਟੀਆਂ ਇਕੱਠੀਆਂ ਹੋ ਕੇ ਚੋਣ ਮੈਦਾਨ ਵਿੱਚ ਉਤਰਦੀਆਂ ਹਨ ਤਾਂ ਸਾਰੀਆਂ ਵਿਰੋਧੀ ਪਾਰਟੀਆਂ ਲਈ ਚੁਣੌਤੀ ਪੇਸ਼ ਕਰਨਗੀਆਂ। ਉਨ੍ਹਾਂ ਕਿਹਾ ਕਿ ਗਠਜੋੜ ਦੀ ਪ੍ਰਕਿਰਿਆ ਜਲਦੀ ਹੀ ਮੁਕੰਮਲ ਕਰ ਲਈ ਜਾਵੇਗੀ। ਪੇਂਡੂ ਖੇਤਰਾਂ ਵਿੱਚ ਅਕਾਲੀ ਦਲ ਮਜ਼ਬੂਤ ਹੈ, ਜਦੋਂ ਕਿ ਸ਼ਹਿਰੀ ਖੇਤਰਾਂ ਵਿੱਚ ਭਾਜਪਾ ਮਜ਼ਬੂਤ ਹੈ। ਹਾਲਾਂਕਿ ਉਨ੍ਹਾਂ ਨੇ ਸੀਟਾਂ ਦੀ ਵੰਡ ਬਾਰੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਇਸ ਸਬੰਧੀ ਸਥਿਤੀ ਜਲਦੀ ਹੀ ਸਪੱਸ਼ਟ ਹੋ ਜਾਵੇਗੀ।