ਕੈਬਿਨੇਟ ਮੰਤਰੀ ਤਰੁਣਪ੍ਰੀਤ ਸੋਂਧ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਤਲਬ ਹੋਣ ਦੇ ਹੁਕਮ, ਸਿੱਖ ਮਰਿਆਦਾ ਦੇ ਉਲਟ ਹੋਣ ਦੇ ਦੋਸ਼
Cabinet Minister Tarunpreet Sondh Akal Takht Sahib: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰਾਲੇ ਵੱਲੋਂ ਸਬੰਧਤ ਧਿਰਾਂ ਨੂੰ ਉਨ੍ਹਾਂ ਦੀਆਂ ਅਧਿਕਾਰਿਕ ਈ-ਮੇਲ ਆਈਡੀਜ਼ ਤੇ ਪੱਤਰ ਭੇਜੇ ਗਏ ਹਨ। ਸਕੱਤਰਾਲੇ ਦੇ ਇੰਚਾਰਜ ਸਰਦਾਰ ਬਗੀਚਾ ਸਿੰਘ ਨੇ ਦੱਸਿਆ ਕਿ ਕੈਬਿਨੇਟ ਮੰਤਰੀ ਤਰੁਣਪ੍ਰੀਤ ਸਿੰਘ ਸੋਂਧ ਕੋਲੋਂ ਸ੍ਰੀ ਆਨੰਦਪੁਰ ਸਾਹਿਬ ਵਿਖੇ ਭਾਈ ਜੀਵਨ ਸਿੰਘ (ਭਾਈ ਜੈਤਾ ਜੀ) ਦੀ ਸਮਾਰਕ ਵਿੱਚ ਤਿਆਰ ਕੀਤੀਆਂ ਕੁਝ ਤਸਵੀਰਾਂ ਸਬੰਧੀ ਸਪਸ਼ਟੀਕਰਨ ਮੰਗਿਆ ਗਿਆ ਹੈ।
ਕੈਬਿਨੇਟ ਮੰਤਰੀ ਤਰੁਣਪ੍ਰੀਤ ਸੋਂਧ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਤਲਬ ਹੋਣ ਦੇ ਹੁਕਮ
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕੈਬਿਨੇਟ ਮੰਤਰੀ ਸਰਦਾਰ ਤਰੁਣਪ੍ਰੀਤ ਸਿੰਘ ਸੋਂਧ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (DSGMC) ਦੇ ਪ੍ਰਧਾਨ ਸਮੇਤ ਹੋਰ ਅਹੁਦੇਦਾਰਾਂ ਅਤੇ ਚੀਫ਼ ਖ਼ਾਲਸਾ ਦੀਵਾਨ (CKD) ਦੇ ਪ੍ਰਧਾਨ ਨੂੰ 5 ਜਨਵਰੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਨਿੱਜੀ ਤੌਰ ਤੇ ਪੇਸ਼ ਹੋਣ ਦੇ ਹੁਕਮ ਜਾਰੀ ਕੀਤੇ ਹਨ। ਇਹ ਹੁਕਮ ਪੰਜ ਸਿੰਘ ਸਾਹਿਬਾਨਾਂ ਦੀ ਮੀਟਿੰਗ ਤੋਂ ਬਾਅਦ ਜਾਰੀ ਕੀਤੇ ਗਏ।
ਅਧਿਕਾਰਿਕ ਈ-ਮੇਲ ਰਾਹੀਂ ਭੇਜੇ ਗਏ ਹੁਕਮ
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰਾਲੇ ਵੱਲੋਂ ਸਬੰਧਤ ਧਿਰਾਂ ਨੂੰ ਉਨ੍ਹਾਂ ਦੀਆਂ ਅਧਿਕਾਰਿਕ ਈ-ਮੇਲ ਆਈਡੀਜ਼ ਤੇ ਪੱਤਰ ਭੇਜੇ ਗਏ ਹਨ। ਸਕੱਤਰਾਲੇ ਦੇ ਇੰਚਾਰਜ ਸਰਦਾਰ ਬਗੀਚਾ ਸਿੰਘ ਨੇ ਦੱਸਿਆ ਕਿ ਕੈਬਿਨੇਟ ਮੰਤਰੀ ਤਰੁਣਪ੍ਰੀਤ ਸਿੰਘ ਸੋਂਧ ਕੋਲੋਂ ਸ੍ਰੀ ਆਨੰਦਪੁਰ ਸਾਹਿਬ ਵਿਖੇ ਭਾਈ ਜੀਵਨ ਸਿੰਘ (ਭਾਈ ਜੈਤਾ ਜੀ) ਦੀ ਸਮਾਰਕ ਵਿੱਚ ਤਿਆਰ ਕੀਤੀਆਂ ਕੁਝ ਤਸਵੀਰਾਂ ਸਬੰਧੀ ਸਪਸ਼ਟੀਕਰਨ ਮੰਗਿਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਉਕਤ ਤਸਵੀਰਾਂ ਤੇ ਸਿੱਖ ਸਿਧਾਂਤਾਂ, ਮਰਿਆਦਾ ਅਤੇ ਧਾਰਮਿਕ ਭਾਵਨਾਵਾਂ ਦੇ ਉਲਟ ਹੋਣ ਦੇ ਦੋਸ਼ ਲਗਾਏ ਗਏ ਹਨ। ਇਸ ਸਬੰਧੀ ਮੰਤਰੀ ਸੋਂਧ ਵੱਲੋਂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦੁਰ ਜੀ ਦੇ ਸ਼ਹੀਦੀ ਸਾਕੇ ਦੀ 350ਵੀਂ ਵਰ੍ਹੇਗੰਢ ਕਾਰਨ ਸਮਾਂ ਮੰਗਿਆ ਗਿਆ ਸੀ, ਜਿਸ ਨੂੰ ਸਵੀਕਾਰ ਕਰਦੇ ਹੋਏ ਉਨ੍ਹਾਂ ਨੂੰ 5 ਜਨਵਰੀ ਸਵੇਰੇ 10 ਵਜੇ ਨਿੱਜੀ ਤੌਰ ਤੇ ਪੇਸ਼ ਹੋ ਕੇ ਲਿਖਤੀ ਸਪਸ਼ਟੀਕਰਨ ਦੇਣ ਲਈ ਕਿਹਾ ਗਿਆ ਹੈ।
ਰੋਕ ਦੇ ਬਾਵਜੂਦ DSGMC ਨੇ ਕੀਤੀ ਮੀਟਿੰਗ
ਸਰਦਾਰ ਬਗੀਚਾ ਸਿੰਘ ਨੇ ਦੱਸਿਆ ਕਿ DSGMC ਵੱਲੋਂ 25 ਅਕਤੂਬਰ 2025 ਨੂੰ ਬੁਲਾਏ ਗਏ ਵਿਸ਼ੇਸ਼ ਅਧਿਵੇਸ਼ਨ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਰੋਕ ਲਗਾਈ ਸੀ। ਇਸ ਦੇ ਬਾਵਜੂਦ ਕਮੇਟੀ ਦੇ ਅਹੁਦੇਦਾਰਾਂ ਵੱਲੋਂ ਹੁਕਮਾਂ ਦੀ ਉਲੰਘਣਾ ਕਰਦਿਆਂ ਮੀਟਿੰਗ ਜਾਰੀ ਰੱਖੀ ਗਈ। ਇਸ ਮਾਮਲੇ ਚ DSGMC ਦੇ ਪ੍ਰਧਾਨ, ਜਨਰਲ ਸਕੱਤਰ, ਸੀਨੀਅਰ ਵਾਈਸ ਪ੍ਰਧਾਨ, ਵਾਈਸ ਪ੍ਰਧਾਨ ਅਤੇ ਸਕੱਤਰ ਨੂੰ 5 ਜਨਵਰੀ ਸਵੇਰੇ 11 ਵਜੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਆਪਣਾ ਪੱਖ ਰੱਖਣ ਲਈ ਤਲਬ ਕੀਤਾ ਗਿਆ ਹੈ। ਰੋਕ ਸਬੰਧੀ ਪੱਤਰ 25 ਅਕਤੂਬਰ 2025 ਨੂੰ DSGMC ਦੀ ਅਧਿਕਾਰਿਕ ਈ-ਮੇਲ ਤੇ ਭੇਜਿਆ ਗਿਆ ਸੀ, ਪਰ ਈ-ਮੇਲ ਬੰਦ ਹੋਣ ਕਾਰਨ ਪੱਤਰ ਪ੍ਰਾਪਤ ਨਹੀਂ ਹੋ ਸਕਿਆ।
ਪੱਤਰ ਲੈਣ ਤੋਂ ਕੀਤਾ ਇਨਕਾਰ
ਇਸ ਤੋਂ ਬਾਅਦ SGPC ਦੇ ਸਿੱਖ ਮਿਸ਼ਨ ਦਿੱਲੀ ਦੇ ਇੰਚਾਰਜ ਭਾਈ ਮਨਵੀਤ ਸਿੰਘ ਵੱਲੋਂ DSGMC ਮੈਂਬਰ ਸਰਦਾਰ ਜਤਿੰਦਰ ਸਿੰਘ ਦੀ ਮੌਜੂਦਗੀ ਵਿੱਚ ਪੱਤਰ ਨਿੱਜੀ ਤੌਰ ਤੇ ਦੇਣ ਦੀ ਕੋਸ਼ਿਸ਼ ਕੀਤੀ ਗਈ, ਪਰ ਕਮੇਟੀ ਦੇ ਅਹੁਦੇਦਾਰਾਂ ਨੇ ਪੱਤਰ ਲੈਣ ਤੋਂ ਇਨਕਾਰ ਕਰ ਦਿੱਤਾ, ਜਿਸਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਦੀ ਅਵਹੇਲਨਾ ਮੰਨਿਆ ਗਿਆ ਹੈ।
ਇਹ ਵੀ ਪੜ੍ਹੋ
ਇਸੇ ਤਰ੍ਹਾਂ ਚੀਫ਼ ਖ਼ਾਲਸਾ ਦੀਵਾਨ ਤੋਂ ਪਹਿਲਾਂ ਜਾਰੀ ਹੁਕਮਾਂ ਅਧੀਨ ਇਹ ਜਾਣਕਾਰੀ ਮੰਗੀ ਗਈ ਸੀ ਕਿ ਉਸਦੇ ਕਿਹੜੇ ਮੈਂਬਰ ਅੰਮ੍ਰਿਤਧਾਰੀ ਹਨ ਅਤੇ ਕਿਹੜੇ ਗੈਰ-ਅੰਮ੍ਰਿਤਧਾਰੀ। ਦਿੱਤੀ ਗਈ ਜਾਣਕਾਰੀ ਅਸਪਸ਼ਟ ਪਾਈ ਗਈ। ਇਸ ਕਾਰਨ CKD ਦੇ ਪ੍ਰਧਾਨ ਨੂੰ 5 ਜਨਵਰੀ ਸਵੇਰੇ 10:30 ਵਜੇ ਨਿੱਜੀ ਤੌਰ ਤੇ ਹਾਜ਼ਰ ਹੋ ਕੇ ਅੰਮ੍ਰਿਤਧਾਰੀ ਅਤੇ ਗੈਰ-ਅੰਮ੍ਰਿਤਧਾਰੀ ਮੈਂਬਰਾਂ ਦੀ ਪੂਰੀ ਸੂਚੀ ਪੇਸ਼ ਕਰਨ ਦੇ ਹੁਕਮ ਦਿੱਤੇ ਗਏ ਹਨ।
