ਰੂਸੀ ਫੌਜ ਵਿੱਚ ਭਰਤੀ 10 ਭਾਰਤੀ ਨੌਜਵਾਨਾਂ ਦੀ ਮੌਤ ਦੀ ਪੁਸ਼ਟੀ, ਤਿੰਨ ਮ੍ਰਿਤਕ ਪੰਜਾਬ ਨਾਲ ਸਬੰਧਿਤ

Updated On: 

28 Dec 2025 20:01 PM IST

Indian Youth in Russian Army Death: ਪੰਜਾਬ ਦੇ ਜਗਦੀਪ ਸਿੰਘ, ਜੋ ਖੁਦ ਰੂਸ ਗਏ ਸਨ, ਨੇ ਮਾਸਕੋ ਸਮੇਤ ਕਈ ਇਲਾਕਿਆਂ ਵਿੱਚ ਰੂਸੀ ਫੌਜ ਵਿੱਚ ਭਰਤੀ ਭਾਰਤੀ ਨੌਜਵਾਨਾਂ ਦੀ ਭਾਲ ਕੀਤੀ। ਵਾਪਸ ਆ ਕੇ ਉਹ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਦਫ਼ਤਰ ਪਹੁੰਚੇ, ਜਿੱਥੇ ਉਨ੍ਹਾਂ ਨੇ ਉਹ ਸਾਰੇ ਦਸਤਾਵੇਜ਼ ਪੇਸ਼ ਕੀਤੇ, ਜਿਨ੍ਹਾਂ ਵਿੱਚ ਰੂਸੀ ਅਧਿਕਾਰੀਆਂ ਵੱਲੋਂ 10 ਭਾਰਤੀ ਨੌਜਵਾਨਾਂ ਦੀ ਮੌਤ ਦੀ ਪੁਸ਼ਟੀ ਕੀਤੀ ਗਈ ਹੈ।

ਰੂਸੀ ਫੌਜ ਵਿੱਚ ਭਰਤੀ 10 ਭਾਰਤੀ ਨੌਜਵਾਨਾਂ ਦੀ ਮੌਤ ਦੀ ਪੁਸ਼ਟੀ, ਤਿੰਨ ਮ੍ਰਿਤਕ ਪੰਜਾਬ ਨਾਲ ਸਬੰਧਿਤ
Follow Us On

ਰੋਜ਼ੀ-ਰੋਟੀ ਦੀ ਤਲਾਸ਼ ਵਿੱਚ ਵਿਦੇਸ਼ ਗਏ ਕਈ ਭਾਰਤੀ ਨੌਜਵਾਨ ਰੂਸ ਦੀ ਫੌਜ ਵਿੱਚ ਭਰਤੀ ਹੋ ਕੇ ਯੂਕਰੇਨ-ਰੂਸ ਜੰਗ ਦਾ ਸ਼ਿਕਾਰ ਬਣ ਗਏ। ਹੁਣ ਤੱਕ ਰੂਸੀ ਫੌਜ ਵਿੱਚ ਭਰਤੀ 10 ਭਾਰਤੀ ਨੌਜਵਾਨਾਂ ਦੀ ਮੌਤ ਦੀ ਅਧਿਕਾਰਿਕ ਪੁਸ਼ਟੀ ਹੋ ਚੁੱਕੀ ਹੈ, ਜਿਨ੍ਹਾਂ ਵਿੱਚੋਂ ਤਿੰਨ ਪੰਜਾਬ ਦੇ ਰਹਿਣ ਵਾਲੇ ਹਨ, ਜਦਕਿ ਚਾਰ ਨੌਜਵਾਨ ਹਾਲੇ ਵੀ ਲਾਪਤਾ ਦੱਸੇ ਜਾ ਰਹੇ ਹਨ।

ਮਾਸਕੋ ਤੋਂ ਪਰਤ ਕੇ ਜਗਦੀਪ ਨੇ ਕੀਤਾ ਖੁਲਾਸਾ

ਪੰਜਾਬ ਦੇ ਜਗਦੀਪ ਸਿੰਘ, ਜੋ ਖੁਦ ਰੂਸ ਗਏ ਸਨ, ਨੇ ਮਾਸਕੋ ਸਮੇਤ ਕਈ ਇਲਾਕਿਆਂ ਵਿੱਚ ਰੂਸੀ ਫੌਜ ਵਿੱਚ ਭਰਤੀ ਭਾਰਤੀ ਨੌਜਵਾਨਾਂ ਦੀ ਭਾਲ ਕੀਤੀ। ਵਾਪਸ ਆ ਕੇ ਉਹ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਦਫ਼ਤਰ ਪਹੁੰਚੇ, ਜਿੱਥੇ ਉਨ੍ਹਾਂ ਨੇ ਉਹ ਸਾਰੇ ਦਸਤਾਵੇਜ਼ ਪੇਸ਼ ਕੀਤੇ, ਜਿਨ੍ਹਾਂ ਵਿੱਚ ਰੂਸੀ ਅਧਿਕਾਰੀਆਂ ਵੱਲੋਂ 10 ਭਾਰਤੀ ਨੌਜਵਾਨਾਂ ਦੀ ਮੌਤ ਦੀ ਪੁਸ਼ਟੀ ਕੀਤੀ ਗਈ ਹੈ।

ਮ੍ਰਿਤਕਾਂ ਵਿੱਚ ਪੰਜਾਬ, ਯੂਪੀ ਅਤੇ ਜੰਮੂ ਦੇ ਨੌਜਵਾਨ ਸ਼ਾਮਲ ਹਨ। ਜਗਦੀਪ ਅਨੁਸਾਰ ਮਰਨ ਵਾਲਿਆਂ ਵਿੱਚ, ਅੰਮ੍ਰਿਤਸਰ ਦਾ ਤੇਜਪਾਲ ਸਿੰਘ, ਲਖਨਊ ਦਾ ਅਰਵਿੰਦ ਕੁਮਾਰ, ਉੱਤਰ ਪ੍ਰਦੇਸ਼ ਦੇ ਧੀਰੇੰਦਰ ਕੁਮਾਰ, ਵਿਨੋਦ ਯਾਦਵ, ਯੋਗੇਂਦਰ ਯਾਦਵ, ਸਮੇਤ ਹੋਰ ਪੰਜ ਨੌਜਵਾਨ ਸ਼ਾਮਲ ਹਨ। ਉੱਧਰ, ਦੀਪਕ, ਯੋਗੇਸ਼ਵਰ ਪ੍ਰਸਾਦ, ਅਜ਼ਹੂਰੁੱਦੀਨ ਖਾਨ ਅਤੇ ਰਾਮਚੰਦਰ ਹਾਲੇ ਵੀ ਲਾਪਤਾ ਹਨ।

ਸੰਤ ਸੀਚੇਵਾਲ ਦੀ ਭੂਮਿਕਾ ਅਹੰਕਾਰਪੂਰਨ

ਜਗਦੀਪ ਨੇ ਦੱਸਿਆ ਕਿ 29 ਜੂਨ 2024 ਨੂੰ ਉਨ੍ਹਾਂ ਦੀ ਪਹਿਲੀ ਮੁਲਾਕਾਤ ਸੰਤ ਸੀਚੇਵਾਲ ਨਾਲ ਹੋਈ ਸੀ। ਉਸ ਦੌਰਾਨ ਉਨ੍ਹਾਂ ਨੇ ਆਪਣੇ ਭਰਾ ਮਨਦੀਪ ਸਮੇਤ ਰੂਸ ਦੀ ਫੌਜ ਵਿੱਚ ਫਸੇ ਨੌਜਵਾਨਾਂ ਦੀ ਸੁਰੱਖਿਅਤ ਵਾਪਸੀ ਲਈ ਮੰਗ ਪੱਤਰ ਸੌਂਪਿਆ। ਇਸ ਤੋਂ ਬਾਅਦ ਸੰਤ ਸੀਚੇਵਾਲ ਨੇ ਵਿਦੇਸ਼ ਮੰਤਰੀ ਨਾਲ ਮੁਲਾਕਾਤ ਕਰਕੇ ਕੇਂਦਰ ਸਰਕਾਰ ਨੂੰ ਪੱਤਰ ਲਿਖਿਆ।

ਪਰਿਵਾਰਾਂ ਨੂੰ ਲੰਮੇ ਸਮੇਂ ਤੱਕ ਸੱਚਾਈ ਤੋਂ ਅਣਜਾਣ ਰੱਖਿਆ

ਹੈਰਾਨੀ ਦੀ ਗੱਲ ਇਹ ਹੈ ਕਿ ਮਰਨ ਵਾਲੇ ਨੌਜਵਾਨਾਂ ਦੇ ਮਾਤਾ-ਪਿਤਾ ਲੰਮੇ ਸਮੇਂ ਤੱਕ ਆਪਣੇ ਪੁੱਤਰਾਂ ਦੀ ਸੁਰੱਖਿਅਤ ਵਾਪਸੀ ਦੀ ਆਸ ਕਰਦੇ ਰਹੇ, ਪਰ ਕਾਫ਼ੀ ਦੇਰ ਬਾਅਦ ਉਨ੍ਹਾਂ ਨੂੰ ਇਹ ਜਾਣਕਾਰੀ ਮਿਲੀ ਕਿ ਉਹ ਯੁੱਧ ਦੌਰਾਨ ਮਾਰੇ ਜਾ ਚੁੱਕੇ ਹਨ। ਜਗਦੀਪ ਨੇ ਕਿਹਾ ਕਿ ਜਦੋਂ ਉਨ੍ਹਾਂ ਨੂੰ ਆਪਣੇ ਭਰਾ ਬਾਰੇ ਕੋਈ ਜਾਣਕਾਰੀ ਨਾ ਮਿਲੀ ਤਾਂ ਉਨ੍ਹਾਂ ਨੇ ਖੁਦ ਰੂਸ ਜਾਣ ਦਾ ਫੈਸਲਾ ਕੀਤਾ। ਇਸ ਲਈ ਸੰਤ ਸੀਚੇਵਾਲ ਨੇ ਉਨ੍ਹਾਂ ਨੂੰ ਟਿਕਟਾਂ ਅਤੇ ਸਹਾਇਤਾ ਪੱਤਰ ਵੀ ਦਿੱਤਾ। ਉਹ ਦੋ ਵਾਰ ਰੂਸ ਗਏਪਹਿਲੀ ਵਾਰ 21 ਦਿਨ ਅਤੇ ਦੂਜੀ ਵਾਰ ਲਗਭਗ ਦੋ ਮਹੀਨੇ ਰਹੇ।

ਸਰਕਾਰ ਤੋਂ ਸਖ਼ਤ ਕਾਰਵਾਈ ਦੀ ਮੰਗ

ਇਸ ਮੌਕੇ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਭਾਰਤ ਸਰਕਾਰ ਤੋਂ ਮੰਗ ਕੀਤੀ ਕਿ ਰੂਸੀ ਫੌਜ ਵਿੱਚ ਭਰਤੀ ਹੋਣ ਤੋਂ ਭਾਰਤੀ ਨੌਜਵਾਨਾਂ ਨੂੰ ਤੁਰੰਤ ਰੋਕਿਆ ਜਾਵੇ. ਮ੍ਰਿਤਕ ਨੌਜਵਾਨਾਂ ਦੇ ਸ਼ਵ ਪਰਿਵਾਰਾਂ ਤੱਕ ਭੇਜੇ ਜਾਣ ਅਤੇ ਉਨ੍ਹਾਂ ਕਿਹਾ ਨੌਜਵਾਨਾਂ ਨੂੰ ਝਾਂਸਾ ਦੇਣ ਵਾਲੇ ਟਰੈਵਲ ਏਜੰਟਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਇਸ ਦੁੱਖ ਦੀ ਘੜੀ ਵਿੱਚ ਉਹ ਪੀੜਤ ਪਰਿਵਾਰਾਂ ਦੇ ਨਾਲ ਖੜ੍ਹੇ ਹਨ।