ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਛੱਡਿਆ MD ਅਹੁਦਾ, ਕਿਹਾ- ਜਨਤਾ ਦੀ ਸੇਵਾ ਪਹਿਲੀ ਜ਼ਿੰਮੇਵਾਰੀ

Updated On: 

03 Aug 2025 20:18 PM IST

ਲੁਧਿਆਣਾ ਪੱਛਮੀ ਤੋਂ ਵਿਧਾਇਕ ਅਤੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਹੈਂਪਟਨ ਸਕਾਈ ਰਿਐਲਟੀ ਲਿਮਟਿਡ ਸਣੇ 8 ਕੰਪਨੀਆਂ ਦਾ ਕੰਮ ਛੱਡ ਦਿੱਤਾ ਹੈ। ਉਨ੍ਹਾਂ ਨੇ ਇਨ੍ਹਾਂ 8 ਕੰਪਨੀਆਂ ਦੇ MD ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਉਹ ਪੂਰੀ ਤਰ੍ਹਾਂ ਦੇ ਨਾਲ ਜਨਤਾ ਦੀ ਸੇਵਾ ਕਰਨਗੇ। ਇਸ ਦੌਰਾਨ ਉਨ੍ਹਾਂ ਨੇ ਇਹ ਵੀ ਕਿਹਾ ਕਿ ਪਾਰਦਰਸ਼ਕਤਾ ਤੇ ਇਮਾਨਦਾਰੀ ਦੇ ਨਾਲ ਉਹ ਸੰਵਿਧਾਨਿਕ ਫਰਜ਼ ਨਿਭਾਉਣਗੇ।

ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਛੱਡਿਆ MD ਅਹੁਦਾ, ਕਿਹਾ- ਜਨਤਾ ਦੀ ਸੇਵਾ ਪਹਿਲੀ ਜ਼ਿੰਮੇਵਾਰੀ
Follow Us On

ਪੰਜਾਬ ਸਰਕਾਰ ਵਿੱਚ ਕੈਬਨਿਟ ਮੰਤਰੀ ਬਣਨ ਤੋਂ ਬਾਅਦ ਲੁਧਿਆਣਾ ਪੱਛਮੀ ਹਲਕੇ ਤੋਂ ਵਿਧਾਇਕ ਸੰਜੀਵ ਅਰੋੜਾ ਨੇ ਹੈਂਪਟਨ ਸਕਾਈ ਰਿਐਲਟੀ ਲਿਮਟਿਡ ਸਮੇਤ ਆਪਣੀਆਂ ਸਾਰੀਆਂ 8 ਕੰਪਨੀਆਂ ਦੇ ਐਮਡੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਨੇ ਐਤਵਾਰ ਨੂੰ ਕੰਪਨੀ ਦੇ ਬੋਰਡ ਨੂੰ ਦੱਸਿਆ ਕਿ ਉਹ 3 ਅਗਸਤ 2025 ਤੋਂ ਇਹ ਅਹੁਦਾ ਛੱਡ ਰਹੇ ਹਨ।

ਅਰੋੜਾ ਨੇ ਕਿਹਾ ਕਿ 23 ਜੂਨ ਨੂੰ ਉਹ ਪੰਜਾਬ ਤੋਂ ਵਿਧਾਇਕ ਚੁਣੇ ਗਏ ਸਨ ਅਤੇ 3 ਜੁਲਾਈ ਨੂੰ ਕੈਬਨਿਟ ਮੰਤਰੀ ਬਣੇ ਸਨ। ਹੁਣ ਮੰਤਰੀ ਅਹੁਦੇ ਦੀਆਂ ਜ਼ਿੰਮੇਵਾਰੀਆਂ ਨਿਭਾਉਣ ਲਈ, ਉਹ ਕੰਪਨੀਆਂ ਦੇ ਕੰਮ ਤੋਂ ਆਪਣੇ ਆਪ ਨੂੰ ਵੱਖ ਕਰ ਰਹੇ ਹਨ।

ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਆਪਣੇ ਅਸਤੀਫ਼ੇ ਵਿੱਚ ਲਿਖਿਆ ਹੈ ਕਿ ਉਨ੍ਹਾਂ ਨੂੰ 3 ਜੁਲਾਈ 2025 ਨੂੰ ਪੰਜਾਬ ਦੇ ਰਾਜਪਾਲ ਦੁਆਰਾ ਕੈਬਨਿਟ ਮੰਤਰੀ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਇਸ ਮਹੱਤਵਪੂਰਨ ਜਨਤਕ ਅਹੁਦੇ ਦੀਆਂ ਜ਼ਿੰਮੇਵਾਰੀਆਂ ਹੁਣ ਉਨ੍ਹਾਂ ਦੀ ਪੂਰੀ ਵਫ਼ਾਦਾਰੀ ਅਤੇ ਸਮਰਪਣ ਦੀ ਮੰਗ ਕਰਦੀਆਂ ਹਨ, ਜਿਸ ਕਾਰਨ ਉਹ ਕੰਪਨੀ ਵਿੱਚ ਆਪਣੀ ਪੁਰਾਣੀ ਭੂਮਿਕਾ ਨਿਭਾਉਣਾ ਸੰਭਵ ਨਹੀਂ ਸਮਝਦੇ।

ਸੀਨੀਅਰ ਮੈਨੇਜਰਾਂ ਦਾ ਧੰਨਵਾਦ ਪ੍ਰਗਟ ਕੀਤਾ

ਇਸ ਦੌਰਾਨ ਸੰਜੀਵ ਅਰੋੜਾ ਨੇ ਬੋਰਡ, ਸੀਨੀਅਰ ਮੈਨੇਜਮੈਂਟ ਅਤੇ ਕੰਪਨੀ ਦੇ ਸਾਰੇ ਹਿੱਸੇਦਾਰਾਂ ਦਾ ਧੰਨਵਾਦ ਪ੍ਰਗਟ ਕੀਤਾ ਅਤੇ ਕਿਹਾ ਕਿ ਉਨ੍ਹਾਂ ਨੇ ਆਪਣੇ ਕਾਰਜਕਾਲ ਦੌਰਾਨ ਜੋ ਸਹਿਯੋਗ, ਸਮਰਥਨ ਅਤੇ ਪੇਸ਼ੇਵਰਤਾ ਦਾ ਅਨੁਭਵ ਕੀਤਾ ਉਹ ਬਹੁਤ ਹੀ ਸ਼ਲਾਘਾਯੋਗ ਸੀ। ਉਨ੍ਹਾਂ ਇਹ ਵੀ ਵਿਸ਼ਵਾਸ ਪ੍ਰਗਟ ਕੀਤਾ ਕਿ ਮੌਜੂਦਾ ਲੀਡਰਸ਼ਿਪ ਹੇਠ ਕੰਪਨੀ ਜ਼ਿੰਮੇਵਾਰ ਵਿਕਾਸ ਦੇ ਰਾਹ ‘ਤੇ ਅੱਗੇ ਵਧਦੀ ਰਹੇਗੀ।

ਸੰਵਿਧਾਨਕ ਫਰਜ਼ਾਂ ਨੂੰ ਨਿਭਾਵਾਂਗੇ- ਸੰਜੀਵ ਅਰੋੜਾ

ਪੰਜਾਬ ਦੇ ਵਿਕਾਸ ਅਤੇ ਲੋਕ ਭਲਾਈ ਪ੍ਰਤੀ ਆਪਣੀ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ, ਸੰਜੀਵ ਅਰੋੜਾ ਨੇ ਕਿਹਾ ਕਿ ਉਹ ਹੁਣ ਪੂਰੀ ਤਰ੍ਹਾਂ ਜਨਤਾ ਦੀ ਸੇਵਾ ਕਰਨ, ਪਾਰਦਰਸ਼ਤਾ ਅਤੇ ਇਮਾਨਦਾਰੀ ਨਾਲ ਆਪਣੇ ਸੰਵਿਧਾਨਕ ਫਰਜ਼ਾਂ ਨੂੰ ਨਿਭਾਉਣ ‘ਤੇ ਕੇਂਦ੍ਰਿਤ ਹਨ। ਉਨ੍ਹਾਂ ਇਹ ਵੀ ਕਿਹਾ ਕਿ ਉਹ ਪੰਜਾਬ ਦੇ ਲੋਕਾਂ ਦੇ ਜੀਵਨ ਨੂੰ ਬਿਹਤਰ ਬਣਾਉਣ ਲਈ ਪ੍ਰਗਤੀਸ਼ੀਲ ਨੀਤੀਆਂ ਅਤੇ ਠੋਸ ਨਤੀਜਿਆਂ ‘ਤੇ ਕੰਮ ਕਰਦੇ ਰਹਿਣਗੇ।