‘ਕ੍ਰਾਂਤੀਕਾਰੀ ਬਦਲਾਅ ਕਰਕੇ ਲੋਕਾਂ ਦਾ ਸਰਕਾਰੀ ਸਿਹਤ ਸੇਵਾਵਾਂ ਪ੍ਰਤੀ ਵਧਿਆ ਵਿਸ਼ਵਾਸ’
ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਦਾ ਦਾਅਵਾ ਹੈ ਕਿ ਹੁਣ ਲੋਕਾਂ ਦਾ ਸਰਕਾਰੀ ਹਸਪਤਾਲਾਂ ਪ੍ਰਤੀ ਵਿਸ਼ਵਾਸ ਵਧਿਆ ਹੈ ਅਤੇ ਲੋਕ ਹੁਣ ਪ੍ਰਾਈਵੇਟ ਹਸਪਤਾਲਾਂ ਦੀ ਥਾਂ ਸਰਕਾਰੀ ਹਸਪਤਾਲਾਂ ਨੂੰ ਤਰਜੀਹ ਦੇ ਰਹੇ ਹਨ।
ਹੁਸ਼ਿਆਰਪੁਰ : ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਦਾ ਕਹਿਣਾ ਹੈ ਕਿ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸਿਹਤ ਸੇਵਾਵਾਂ ਦੇ ਖੇਤਰ ਵਿਚ ਕ੍ਰਾਂਤੀਕਾਰੀ ਬਦਲਾਅ ਕੀਤੇ ਹਨ। ਇਹੀ ਕਾਰਨ ਹੈ ਕਿ ਹੁਣ ਲੋਕਾਂ ਦਾ ਸਰਕਾਰੀ ਹਸਪਤਾਲਾਂ ਪ੍ਰਤੀ ਵਿਸ਼ਵਾਸ ਵਧਿਆ ਹੈ ਅਤੇ ਲੋਕ ਹੁਣ ਪ੍ਰਾਈਵੇਟ ਹਸਪਤਾਲਾਂ ਦੀ ਥਾਂ ਸਰਕਾਰੀ ਹਸਪਤਾਲਾਂ ਨੂੰ ਤਰਜੀਹ ਦੇ ਰਹੇ ਹਨ। ਜਿੰਪਾ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਚ ਬਲੱਡ ਬੈਂਕ ਤੇ ਲੈਬਾਰਟਰੀ ਦੇ ਨਵੇਂ ਉਪਕਰਨਾਂ ਨੂੰ ਲੋਕ ਅਰਪਣ ਕਰਨ ਦੌਰਾਨ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ।
ਬਿਹਤਰ ਸਰਕਾਰੀ ਸਿਹਤ ਸਹੁਲਤਾਂ
ਕੈਬਨਿਟ ਮੰਤਰੀ ਨੇ ਕਿਹਾ ਕਿ ਆਈਸੀਆਈਸੀਆਈ ਬੈਂਕ ਫਾਊਂਡੇਸ਼ਨ ਵਲੋਂ ਸਿਵਲ ਹਸਪਤਾਲ ਹੁਸ਼ਿਆਰਪੁਰ ਨੂੰ ਬਲੱਡ ਬੈਂਕ ਤੇ ਲੈਬ ਲਈ ਦੋ ਡੋਨਰ ਕਾਊਚ, ਦੋ ਇੰਡੋ ਮੋਟਰ, ਦੋ ਟਿਊਬ ਸੀਲਰ, ਇਕ ਆਟੋਕਲੇਵ, ਦੋ ਸੈਂਟਰੀਫਯੂਗ ਮਸ਼ੀਨ, ਸੀਬੀਸੀ ਅਨਾਲਾਈਜ਼ਰ, ਇਕ ਵਾਟਰ ਡਿਸਟੀਲੇਸ਼ਨ ਯੂਨਿਟ ਭੇਟ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਹ ਖੁਸ਼ੀ ਦੀ ਗੱਲ ਹੈ ਕਿ ਸਿਹਤ ਸੇਵਾਵਾਂ ਦੇ ਸੁਧਾਰ ਲਈ ਸਰਕਾਰ ਦੇ ਨਾਲ-ਨਾਲ ਸਵੈਸੇਵੀ ਸੰਸਥਾਵਾਂ ਅਤੇ ਬੈਂਕਿੰਗ ਖੇਤਰ ਵੀ ਆਪਣਾ ਯੋਗਦਾਨ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨੂੰ ਬਿਹਤਰ ਤੇ ਬੁਨਿਆਦੀ ਸਿਹਤ ਸੁਵਿਧਾਵਾਂ ਦੇਣ ਲਈ ਵਚਨਬੱਧ ਹੈ, ਜਿਸ ਲਈ ਕੋਈ ਕਮੀ ਨਹੀਂ ਛੱਡੀ ਜਾਵੇਗੀ।
‘ਸਵੈਸੇਵੀ ਅਦਾਰੇ ਦੇ ਰਹੇ ਮਦਦ’
ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦੇ ਹੋਏ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਸਿਵਲ ਹਸਪਤਾਲ ਵਿਚ ਰੈਡ ਕਰਾਸ ਸੋਸਾਇਟੀ ਨੂੰ ਨਾਲ ਲੈ ਕੇ ਜਲਦ ਹੀ 24 ਘੰਟੇ ਲਈ ਜਨ ਔਸ਼ਧੀ ਕੇਂਦਰ ਖੋਲ੍ਹਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸਿਵਲ ਹਸਪਤਾਲ ਵਿਚ ਅਤਿ-ਆਧੁਨਿਕ ਲੈਬਾਰਟਰੀ ਤੇ ਸੀਟੀ ਸਕੈਨ ਦੀ ਸੁਵਿਧਾ ਹੈ, ਜਿਸ ਦਾ ਲੋਕਾਂ ਨੂੰ ਪੂਰਾ ਫਾਇਦਾ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਹਸਪਤਾਲ ਵਿਚ ਸਟਾਫ ਤੇ ਹੋਰ ਕਮੀਆਂ ਨੂੰ ਲੈ ਕੇ ਉਹ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨਾਲ ਗੱਲ ਕਰਨਗੇ ਅਤੇ ਇਨ੍ਹਾਂ ਕਮੀਆਂ ਨੂੰ ਵੀ ਜਲਦ ਦੂਰ ਕਰ ਦਿੱਤਾ ਜਾਵੇਗਾ। ਇਸ ਦੌਰਾਨ ਆਈਸੀਆਈਸੀਆਈ ਬੈਂਕ ਫਾਊਂਡੇਸ਼ਨ ਵਲੋਂ ਵਿਸ਼ਵਾਸ ਦਿਵਾਇਆ ਗਿਆ ਕਿ ਉਹ ਭਵਿੱਖ ਵਿਚ ਵੀ ਸਿਵਲ ਹਸਪਤਾਲ ਨੂੰ ਹੈਲਥ ਕੇਅਰ ਪ੍ਰੋਜੈਕਟ ਤਹਿਤ ਰੂਰਤ ਅਨੁਸਾਰ ਉਪਕਰਨ ਮੁਹੱਈਆ ਕਰਵਾਉਂਦੇ ਰਹਿਣਗੇ। ਇਸ ਮੌਕੇ ਬੀਟੀਓ ਡਾ. ਵੈਸ਼ਾਲੀ, ਆਈਸੀਆਈਸੀਆਈ ਬੈਂਕ ਫਾਊਂਡੇਸ਼ਨ ਦੇ ਸੀਨੀਅਰ ਪ੍ਰੋਗਰਾਮ ਮੈਨੇਜਰ ਸੁਰਿੰਦਰ ਪ੍ਰੋਹਿਤ , ਬ੍ਰਾਂਚ ਮੈਨੇਜਰ ਪੰਕਜ ਡੋਗਰਾ, ਵਿਕਾਸ ਅਫ਼ਸਰ ਗੁਰਵਿੰਦਰ ਸਿੰਘ, ਕਮਿਊਨਿਟੀ ਫੈਸੀਲੀਟੇਟਰ ਸਾਧੂ ਰਾਮ ਅਤੇ ਆਰ.ਐਮ ਫੋਰੈਕਸ ਤੋਂ ਸ਼ਿਵ ਕੁਮਾਰ ਵੀ ਮੌਜੂਦ ਸਨ।