ਸਸਤਾ ਰੇਤਾ-ਬਜਰੀ ਮੁਹੱਈਆ ਕਰਾਉਣ, ਗ਼ੈਰ-ਕਾਨੂੰਨੀ ਮਾਈਨਿੰਗ ਨੂੰ ਠੱਲ੍ਹ ਪਾਉਣ ਅਤੇ ਪਰਾਲੀ ਦੀ ਸਮੱਸਿਆ ਨੂੰ ਖਤਮ ਕਰੇਗੀ ਸਰਕਾਰ

Updated On: 

06 Dec 2023 20:19 PM

ਕੈਬਨਿਟ ਮੰਤਰੀ ਜੌੜਾਮਾਜਰਾ ਨੇ ਕਰੱਸ਼ਰ ਮਾਲਕਾਂ, ਮਾਈਨਿੰਗ ਠੇਕੇਦਾਰਾਂ ਅਤੇ ਭੱਠਾ ਮਾਲਕਾਂ ਨਾਲ ਹੰਗਾਮੀ ਮੀਟਿੰਗਾਂ ਕੀਤੀਆਂ। ਇਸ ਦੌਰਾਨ ਖਣਨ ਤੇ ਭੂ-ਵਿਗਿਆਨ ਵਿਭਾਗ ਦੇ ਅਧਿਕਾਰੀਆਂ ਨੂੰ ਕਰੱਸ਼ਰ ਤੇ ਭੱਠਾ ਮਾਲਕਾਂ ਅਤੇ ਮਾਈਨਿੰਗ ਠੇਕੇਦਾਰਾਂ ਦੀਆਂ ਮੁਸ਼ਕਿਲਾਂ ਤੁਰੰਤ ਹੱਲ ਕਰਨ ਲਈ ਕਿਹਾ ਗਿਆ। ਭੱਠਾ ਮਾਲਕਾਂ ਵੱਲੋਂ 2 ਹੈਕਟੇਅਰ ਤੱਕ ਮਿੱਟੀ ਪੁੱਟਣ ਦੀ ਇਜਾਜ਼ਤ ਦੇਣ ਸਬੰਧੀ ਛੇਤੀ ਫ਼ੈਸਲਾ ਲੈਣ ਦਾ ਭਰੋਸਾ ਵੀ ਦਿੱਤਾ ਗਿਆ। ਮੰਤਰੀ ਨੇ ਕਿਹਾ ਕਿ ਸੂਬੇ ਨੂੰ ਪ੍ਰਦੂਸ਼ਣ-ਮੁਕਤ ਕਰਨ ਲਈ ਘੱਟੋ-ਘੱਟ 20 ਫ਼ੀਸਦੀ ਪਰਾਲੀ ਵਰਤਣ ਭੱਠਾ ਮਾਲਕ।

ਸਸਤਾ ਰੇਤਾ-ਬਜਰੀ ਮੁਹੱਈਆ ਕਰਾਉਣ, ਗ਼ੈਰ-ਕਾਨੂੰਨੀ ਮਾਈਨਿੰਗ ਨੂੰ ਠੱਲ੍ਹ ਪਾਉਣ ਅਤੇ ਪਰਾਲੀ ਦੀ ਸਮੱਸਿਆ ਨੂੰ ਖਤਮ ਕਰੇਗੀ ਸਰਕਾਰ
Follow Us On

ਪੰਜਾਬ ਨਿਊਜ। ਪੰਜਾਬ ਦੇ ਖਣਨ ਅਤੇ ਭੂ-ਵਿਗਿਆਨ ਮੰਤਰੀ ਚੇਤਨ ਸਿੰਘ ਜੌੜਾਮਾਜਰਾ (Chetan Singh Jaudamajra) ਵੱਲੋਂ ਸੂਬਾ ਵਾਸੀਆਂ ਨੂੰ ਸਸਤੀਆਂ ਦਰਾਂ ‘ਤੇ ਰੇਤਾ-ਬਜਰੀ ਮਿਲਣਾ ਯਕੀਨੀ ਬਣਾਉਣ, ਗ਼ੈਰ-ਕਾਨੂੰਨੀ ਮਾਈਨਿੰਗ ਨੂੰ ਠੱਲ੍ਹ ਪਾਉਣ ਅਤੇ ਸੂਬੇ ਨੂੰ ਪ੍ਰਦੂਸ਼ਣ-ਮੁਕਤ ਕਰਨ ਲਈ ਪਰਾਲੀ ਦਾ ਨਿਪਟਾਰਾ ਯਕੀਨੀ ਬਣਾਉਣ ਲਈ ਅੱਜ ਕਰੱਸ਼ਰ ਮਾਲਕਾਂ, ਮਾਈਨਿੰਗ ਠੇਕੇਦਾਰਾਂ ਅਤੇ ਭੱਠਾ ਮਾਲਕਾਂ ਨਾਲ ਪੰਜਾਬ ਭਵਨ ਵਿਖੇ ਵੱਖੋ-ਵੱਖ ਹੰਗਾਮੀ ਮੀਟਿੰਗਾਂ ਕੀਤੀਆਂ ਗਈਆਂ।

ਇਸ ਦੌਰਾਨ ਕੈਬਨਿਟ ਮੰਤਰੀ ਨੇ ਦੁਹਰਾਇਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ (Chief Minister Bhagwant Singh Mann) ਦੀ ਅਗਵਾਈ ਵਾਲੀ ਸਰਕਾਰ ਸੂਬੇ ਨੂੰ ਪ੍ਰਦੂਸ਼ਣ-ਮੁਕਤ ਬਣਾਉਣ ਨੇ ਨਾਲ-ਨਾਲ ਮਾਈਨਿੰਗ ਸੈਕਟਰ ਅੰਦਰ ਪਾਰਦਰਸ਼ਤਾ ਅਤੇ ਨੈਤਿਕ ਅਭਿਆਸਾਂ ਨੂੰ ਕਾਇਮ ਰੱਖਣ ਲਈ ਵਚਨਬੱਧ ਹੈ, ਇਸ ਲਈ ਭੱਠਾ ਮਾਲਕ ਅਤੇ ਕਰੱਸ਼ਰ ਮਾਲਕ ਤੇ ਮਾਈਨਿੰਗ ਠੇਕੇਦਾਰ ਸਰਕਾਰ ਦੇ ਇਸ ਕਦਮ ਵਿੱਚ ਭਰਪੂਰ ਸਹਿਯੋਗ ਦੇਣ।

ਪਰਾਲੀ ਦਾ ਨਿਪਟਾਰਾ ਕਰਨਾ ਵੱਡਾ ਮੁੱਦਾ

ਉਨ੍ਹਾਂ ਭੱਠਾ ਮਾਲਕਾਂ ਨੂੰ ਅਪੀਲ ਕੀਤੀ ਕਿ ਸੂਬੇ ਵਿੱਚ ਪਰਾਲੀ ਦਾ ਨਿਪਟਾਰਾ ਕਰਨਾ ਵੱਡਾ ਮੁੱਦਾ ਹੈ। ਇਸ ਲਈ ਸੂਬੇ ਨੂੰ ਪ੍ਰਦੂਸ਼ਣ-(Pollution) ਮੁਕਤ ਕਰਨ ਦੇ ਉਦਮਾਂ ਤਹਿਤ ਭੱਠਾ ਮਾਲਕ ਘੱਟੋ-ਘੱਟ 20 ਫ਼ੀਸਦੀ ਪਰਾਲੀ ਆਪਣੇ ਭੱਠਿਆਂ ਵਿੱਚ ਵਰਤਣ। ਉਨ੍ਹਾਂ ਕਿਹਾ ਕਿ ਛੇਤੀ ਹੀ ਭਾਈਵਾਲ ਵਿਭਾਗਾਂ ਜਿਵੇਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ, ਵਾਤਾਵਰਣ ਵਿਭਾਗ ਅਤੇ ਭੱਠਾ ਮਾਲਕਾਂ ਨਾਲ ਮੀਟਿੰਗ ਕਰਕੇ ਇਸ ਸਬੰਧੀ ਅਗਲੀ ਕਾਰਵਾਈ ਉਲੀਕੀ ਜਾਵੇਗੀ।

ਭੱਠਾ ਮਾਲਕਾਂ ਨੂੰ ਭਰੋਸਾ ਦਿਵਾਇਆ

ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਭੱਠਾ ਮਾਲਕਾਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਵੱਲੋਂ 2 ਹੈਕਟੇਅਰ ਤੱਕ ਮਿੱਟੀ ਪੁੱਟਣ ਦੀ ਇਜਾਜ਼ਤ ਦੇਣ ਦੀ ਰੱਖੀ ਗਈ ਮੁੱਖ ਮੰਗ ਨੂੰ ਹਮਦਰਦੀ ਨਾਲ ਵਿਚਾਰਿਆ ਜਾਵੇਗਾ ਅਤੇ ਇਸ ਸਬੰਧੀ ਛੇਤੀ ਹੀ ਫ਼ੈਸਲਾ ਲਿਆ ਜਾਵੇਗਾ ਜਿਸ ਨਾਲ ਉਨ੍ਹਾਂ ਦੀ ਚਿਰੋਕਣੀ ਮੰਗ ਪੂਰੀ ਹੋ ਜਾਵੇਗੀ। ਜੌੜਾਮਾਜਰਾ ਨੇ ਮਾਈਨਿੰਗ ਠੇਕੇਦਾਰਾਂ ਨਾਲ ਮੀਟਿੰਗ ਦੌਰਾਨ ਪਾਰਦਰਸ਼ੀ ਅਤੇ ਸਾਫ਼-ਸੁਥਰੇ ਢੰਗ ਨਾਲ ਕੰਮ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਮਾਈਨਿੰਗ ਠੇਕੇਦਾਰ ਕਾਨੂੰਨੀ ਤਰੀਕੇ ਨਾਲ ਖਣਨ ਗਤੀਵਿਧੀਆਂ ਕਰ ਰਹੇ ਹਨ, ਇਸ ਲਈ ਪ੍ਰਸ਼ਾਸਨਿਕ ਅਮਲੇ ਰਾਹੀਂ ਉਨ੍ਹਾਂ ਨੂੰ ਪੂਰੀ ਮਦਦ ਮੁਹੱਈਆ ਕਰਵਾਈ ਜਾ ਰਹੀ ਹੈ।

ਉਨ੍ਹਾਂ ਕਿਹਾ ਕਿ ਸਰਕਾਰ ਨੇ ਗ਼ੈਰ-ਕਾਨੂੰਨੀ ਮਾਈਨਿੰਗ ਵਿਰੁੱਧ ਮੁਹਿੰਮ ਵਿੱਢੀ ਹੋਈ ਹੈ ਜਿਸ ਨਾਲ ਕਾਨੂੰਨੀ ਢੰਗ ਨਾਲ ਮਾਈਨਿੰਗ ਕਰ ਰਹੇ ਠੇਕੇਦਾਰਾਂ ਨੂੰ ਨਿਰੰਤਰ ਫ਼ਾਇਦਾ ਹੋਣਾ ਤੈਅ ਹੈ। ਇਸ ਦੌਰਾਨ ਮਾਈਨਿੰਗ ਠੇਕੇਦਾਰਾਂ ਵੱਲੋਂ ਖਣਨ ਲਈ ਪੌਕਲੇਨ ਮਸ਼ੀਨਾਂ ਵਰਤਣ ਦੀ ਮੰਗ ‘ਤੇ ਮੰਤਰੀ ਨੇ ਕਿਹਾ ਕਿ ਇਸ ਮੰਗ ਸਬੰਧੀ ਹਮਦਰਦੀ ਨਾਲ ਵਿਚਾਰ ਕੀਤਾ ਜਾਵੇਗਾ।

ਸਰਕਾਰ ਲੋਕਾਂ ਨੂੰ ਕਿਫ਼ਾਇਤੀ ਦਰਾਂ ‘ਤੇ ਰੇਤ-ਬਜਰੀ ਮੁਹੱਈਆ

ਇਸੇ ਤਰ੍ਹਾਂ ਕਰੱਸ਼ਰ ਮਾਲਕਾਂ ਨਾਲ ਮੀਟਿੰਗ ਦੌਰਾਨ ਕੈਬਨਿਟ ਮੰਤਰੀ ਨੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ। ਉਨ੍ਹਾਂ ਕਿਹਾ ਕਿ ਸਰਕਾਰ ਲੋਕਾਂ ਨੂੰ ਕਿਫ਼ਾਇਤੀ ਦਰਾਂ ‘ਤੇ ਰੇਤ-ਬਜਰੀ ਮੁਹੱਈਆ ਕਰਾਉਣ ਲਈ ਅਤੇ ਕਰੱਸ਼ਰ ਕਾਰੋਬਾਰ ਨੂੰ ਉਤਸ਼ਾਹਿਤ ਕਰਨ ਲਈ ਵੱਖ-ਵੱਖ ਸੂਬਿਆਂ ਦੀਆਂ ਨੀਤੀਆਂ ਨੂੰ ਘੋਖੇਗੀ। ਕਰੱਸ਼ਰ ਮਾਲਕਾਂ ਵੱਲੋਂ ਮਾਈਨਿੰਗ ਵਾਲੀਆਂ ਥਾਵਾਂ ਲੀਜ਼ ‘ਤੇ ਦੇਣ ਦੀ ਮੰਗ ਬਾਰੇ ਕੈਬਨਿਟ ਮੰਤਰੀ ਨੇ ਕਿਹਾ ਕਿ ਇਸ ਸਬੰਧੀ ਵਿਚਾਰ ਕੀਤਾ ਜਾਵੇਗਾ ਅਤੇ ਛੇਤੀ ਹੀ ਕੋਈ ਢੁਕਵਾਂ ਫ਼ੈਸਲਾ ਲਿਆ ਜਾਵੇਗਾ।

ਜੋੜਾ ਮਾਜਰਾ ਨੇ ਕੀਤੀ ਮੀਟਿੰਗ

ਦੱਸ ਦੇਈਏ ਕਿ ਬੀਤੇ ਕੱਲ੍ਹ ਚੇਤਨ ਸਿੰਘ ਜੌੜਾਮਾਜਰਾ ਨੇ ਖਣਨ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਸੋਚ ਮੁਤਾਬਕ ਸੂਬਾ ਵਾਸੀਆਂ ਨੂੰ ਸਸਤੇ ਭਾਅ ‘ਤੇ ਰੇਤ-ਬਜਰੀ ਮੁਹੱਈਆ ਕਰਾਉਣ ਲਈ ਨਿਕਾਸੀ ਵਧਾਉਣ ਸਬੰਧੀ ਵਿਉਂਤਬੰਦੀ ਕਰਨ ਲਈ ਕਿਹਾ ਸੀ। ਉਨ੍ਹਾਂ ਜ਼ਿਲ੍ਹਾ ਸਰਵੇਖਣ ਰਿਪੋਰਟਾਂ ਵਿੱਚ ਹੋਰ ਸੰਭਾਵਿਤ ਸਾਈਟਾਂ ਨੂੰ ਸ਼ਾਮਲ ਕਰਕੇ ਅਤੇ ਸਾਰੀਆਂ ਮਾਈਨਿੰਗ ਸਾਈਟਾਂ ‘ਤੇ ਕਾਰਵਾਈਆਂ ਸ਼ੁਰੂ ਕਰਕੇ ਅਤੇ ਖਣਿਜਾਂ ਦੀ ਨਿਕਾਸੀ ਨੂੰ ਵਧਾਉਣ ਦੀ ਲੋੜ ‘ਤੇ ਜ਼ੋਰ ਦਿੱਤਾ ਜਿਸ ਨਾਲ ਬਾਜ਼ਾਰ ਵਿੱਚ ਰੇਤ ਤੇ ਬਜਰੀ ਦੀ ਉਪਲਬਧਤਾ ਵਧਣਾ, ਕੀਮਤਾਂ ਘਟਾਉਣ ਵਿੱਚ ਮਦਦ ਮਿਲਣਾ ਅਤੇ ਗ਼ੈਰ-ਕਾਨੂੰਨੀ ਮਾਈਨਿੰਗ ਨੂੰ ਕਰੜੇ ਹੱਥੀਂ ਠੱਲ੍ਹ ਪਾਉਣਾ ਯਕੀਨੀ ਬਣੇਗਾ।

ਉਨ੍ਹਾਂ ਸਾਰੇ ਜ਼ਿਲ੍ਹਾ ਮਾਈਨਿੰਗ ਅਫ਼ਸਰਾਂ ਨੂੰ ਆਪਣੇ ਫ਼ਰਜ਼ ਇਮਾਨਦਾਰੀ ਨਾਲ ਨਿਭਾਉਣ ਦੀ ਤਾਕੀਦ ਕਰਦਿਆਂ ਕਿਹਾ ਸੀ ਕਿ ਗ਼ੈਰ-ਕਾਨੂੰਨੀ ਗਤੀਵਿਧੀਆਂ ਵਿੱਚ ਸ਼ਾਮਲ ਪਾਏ ਗਏ ਕਿਸੇ ਵੀ ਅਧਿਕਾਰੀ ਜਾਂ ਮੁਲਾਜ਼ਮ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਮੀਟਿੰਗ ਦੌਰਾਨ ਖਣਨ ਤੇ ਭੂ-ਵਿਗਿਆਨ ਵਿਭਾਗ ਦੇ ਡਾਇਰੈਕਟਰ ਸ੍ਰੀ ਅਭਿਜੀਤ ਕਪਲਿਸ਼, ਚੀਫ ਇੰਜੀਨੀਅਰ (ਮਾਈਨਿੰਗ) ਸ. ਹਰਦੀਪ ਸਿੰਘ ਮਹਿੰਦੀਰੱਤਾ ਅਤੇ ਹੋਰ ਅਧਿਕਾਰੀ ਮੌਜੂਦ ਸਨ।