ਪੰਜਾਬ ਸਰਕਾਰ ਦਾ ਨਿਵੇਕਲਾ ਉਪਰਾਲਾ, ਸੋਸ਼ਲ ਮੀਡੀਆ ‘ਤੇ ਮਿਲੇਗੀ ਪਸ਼ੂਆਂ ਦੀ ਸਾਂਭ-ਸੰਭਾਲ ਬਾਰੇ ਪੂਰੀ ਜਾਣਕਾਰੀ

Published: 

03 Jan 2025 23:53 PM

ਪੰਜਾਬ ਦੇ ਕੈਬਿਨਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ "ਪਸ਼ੂ ਪਾਲਣ ਵਿਭਾਗ ਪੰਜਾਬ" ਨਾਮ ਦਾ ਅਧਿਕਾਰਤ ਯੂਟਿਊਬ ਚੈਨਲ ਤੇ ਫੇਸਬੁੱਕ ਪੇਜ ਲਾਂਚ ਕੀਤਾ। ਇਸ ਚੈਨਲ ਤੇ ਫੇਸਬੁੱਕ ਪੇਜ 'ਤੇ ਪਸ਼ੂ ਪਾਲਕਾਂ ਨੂੰ ਸਹੀ ਸੇਧ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕਿਸਾਨਾਂ ਲਈ ਹਰ ਸੋਮਵਾਰ ਲਾਈਵ ਸੈਸ਼ਨ ਦਾ ਆਯੋਜਨ ਕੀਤਾ ਜਾਵੇਗਾ।

ਪੰਜਾਬ ਸਰਕਾਰ ਦਾ ਨਿਵੇਕਲਾ ਉਪਰਾਲਾ, ਸੋਸ਼ਲ ਮੀਡੀਆ ਤੇ ਮਿਲੇਗੀ ਪਸ਼ੂਆਂ ਦੀ ਸਾਂਭ-ਸੰਭਾਲ ਬਾਰੇ ਪੂਰੀ ਜਾਣਕਾਰੀ

ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ

Follow Us On

ਪੰਜਾਬ ਸਰਕਾਰ ਦੇ ਪਸ਼ੂ ਪਾਲਣ ਵਿਭਾਗ ਨੇ ਸੋਸ਼ਲ ਮੀਡੀਆ ਦੀ ਦੁਨੀਆ ਵਿੱਚ ਇੱਕ ਨਵੀਂ ਐਂਟਰੀ ਕੀਤੀ ਹੈ। ਪੰਜਾਬ ਦੇ ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਮੱਛੀ ਪਾਲਣ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਯੂਟਿਊਬ ਅਤੇ ਫੇਸਬੁੱਕ ਪੇਜ ਲਾਂਚ ਕੀਤਾ। ਇਸ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਇਸ ਮਾਧਿਅਮ ਰਾਹੀਂ ਮਾਹਿਰ ਪਸ਼ੂ ਪਾਲਕਾਂ ਨੂੰ ਪਸ਼ੂਆਂ ਦੀ ਸਾਂਭ-ਸੰਭਾਲ ਸਬੰਧੀ ਜਾਣਕਾਰੀ ਦੇਣਗੇ। ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਪਸ਼ੂਆਂ ਦੀ ਸਾਂਭ-ਸੰਭਾਲ ਬਾਰੇ ਸਹੀ ਤੇ ਪ੍ਰਮਾਣਿਕ ​​ਜਾਣਕਾਰੀ ਪ੍ਰਦਾਨ ਕਰਨ ਲਈ ਇਹ ਇੱਕ ਡਿਜੀਟਲ ਉਪਰਾਲਾ ਹੈ।

ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਹਰ ਸੋਮਵਾਰ ਲਾਈਵ ਸੈਸ਼ਨ ਕਰਵਾਇਆ ਜਾਵੇਗਾ। ਕਈ ਸੈਸ਼ਨਾਂ ਦੌਰਾਨ, ਰਾਜ ਦੇ ਸਾਰੇ ਪਸ਼ੂ ਪਾਲਕਾਂ ਨੂੰ ਸੈਸ਼ਨਾਂ ਵਿੱਚ ਹਿੱਸਾ ਲੈਣ ਤੇ ਪਸ਼ੂ ਪਾਲਣ ਨਾਲ ਸਬੰਧਤ ਕੋਈ ਵੀ ਸਵਾਲ ਪੁੱਛਣ ਲਈ ਉਤਸ਼ਾਹਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮਾਹਿਰਾਂ ਅਤੇ ਕਿਸਾਨਾਂ ਵਿਚਕਾਰ ਇਹ ਸਿੱਧਾ ਸੰਚਾਰ ਪਸ਼ੂ ਧਨ ਦੀ ਸਹੀ ਸਾਂਭ-ਸੰਭਾਲ ਕਰਕੇ ਸਮੁੱਚੀ ਉਤਪਾਦਕਤਾ ਵਧਾਉਣ ਵਿੱਚ ਵਧੇਰੇ ਸਹਾਈ ਹੋਵੇਗਾ।

ਪਸ਼ੂਆਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਪਹਿਲਕਦਮੀ

ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਸਰਕਾਰ ਦਾ ਉਦੇਸ਼ ਪਸ਼ੂ ਪਾਲਣ ਤੇ ਸਬੰਧਤ ਹਿੱਸੇਦਾਰਾਂ ਨੂੰ ਵਧੇਰੇ ਆਰਥਿਕ ਅਤੇ ਨੈਤਿਕ ਪਸ਼ੂ ਪਾਲਣ ਅਭਿਆਸਾਂ ਅਤੇ ਤਰੀਕਿਆਂ ਬਾਰੇ ਜਾਣਕਾਰੀ ਪ੍ਰਾਪਤ ਕਰਨ ਵਿੱਚ ਮਦਦ ਕਰਨਾ ਹੈ। ਮੰਤਰੀ ਖੁੱਡੀਆ ਨੇ ਕਿਹਾ ਕਿ ਇਹ ਕਿਸਾਨਾਂ ਨੂੰ ਰੋਜ਼ਾਨਾ ਦੀਆਂ ਗਤੀਵਿਧੀਆਂ, ਟੀਕਾਕਰਨ, ਪਸ਼ੂਆਂ ਦੀ ਦੇਖਭਾਲ ਦੇ ਉਪਾਵਾਂ, ਪਸ਼ੂਆਂ ਨੂੰ ਬਿਮਾਰੀਆਂ ਤੋਂ ਬਚਾਉਣ ਅਤੇ ਪਸ਼ੂਆਂ ਲਈ ਵਧੀਆ ਖੁਰਾਕ ਦੇ ਅਭਿਆਸਾਂ ਬਾਰੇ ਆਸਾਨੀ ਨਾਲ ਸਹੀ ਅਤੇ ਪ੍ਰਮਾਣਿਕ ​​ਜਾਣਕਾਰੀ ਪ੍ਰਦਾਨ ਕਰੇਗਾ।

ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਇਹ ਪਲੇਟਫਾਰਮ ਪਸ਼ੂਆਂ ਦੀਆਂ ਬਿਮਾਰੀਆਂ ਦੇ ਨਿਦਾਨ ਅਤੇ ਇਲਾਜ, ਬਿਮਾਰੀਆਂ ਤੋਂ ਬਚਾਅ ਦੇ ਉਪਾਅ ਅਤੇ ਪਸ਼ੂਆਂ ਵਿੱਚ ਹੋਣ ਵਾਲੀਆਂ ਆਮ ਜ਼ੂਨੋਟਿਕ ਬਿਮਾਰੀਆਂ ਦੀ ਰੋਕਥਾਮ ਬਾਰੇ ਵੀ ਲੋੜੀਂਦੀ ਜਾਣਕਾਰੀ ਪ੍ਰਦਾਨ ਕਰੇਗਾ। ਇਸ ਤੋਂ ਇਲਾਵਾ ਐਨ.ਆਰ.ਡੀ.ਡੀ.ਐਲ ਜਲੰਧਰ ਅਤੇ ਜ਼ਿਲ੍ਹਾ ਪੱਧਰੀ ਪੌਲੀਕਲੀਨਿਕਾਂ ਅਤੇ ਪਸ਼ੂ ਸਿਹਤ ਸੰਸਥਾਵਾਂ ਵਿੱਚ ਪਸ਼ੂਆਂ ਦੀਆਂ ਵੱਖ-ਵੱਖ ਪ੍ਰਜਾਤੀਆਂ ਲਈ ਉਪਲਬਧ ਲੈਬਾਰਟਰੀ ਟੈਸਟਾਂ ਦੀਆਂ ਸਹੂਲਤਾਂ ਬਾਰੇ ਵੀ ਪਸ਼ੂ ਪਾਲਕਾਂ ਨੂੰ ਜਾਣਕਾਰੀ ਦਿੱਤੀ ਜਾਵੇਗੀ।

ਛੂਤ ਦੀਆਂ ਬਿਮਾਰੀਆਂ ਤੋਂ ਬਚਾਅ ਲਈ ਮੁਹਿੰਮ

ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਸੈਸ਼ਨ ਦੌਰਾਨ ਮਾਹਿਰਾਂ ਨੇ ਪਸ਼ੂ ਪਾਲਕਾਂ ਨੂੰ ਹਰ ਮੌਸਮ ਵਿੱਚ ਪਸ਼ੂਆਂ ਦੀ ਦੇਖਭਾਲ ਤੇ ਗਰਭ ਅਵਸਥਾ ਦੌਰਾਨ ਨਿਯਮਤ ਕੀੜੇ ਮਾਰਨ ਤੇ ਇਸ ਦੀ ਰੋਕਥਾਮ, ਆਮ ਪਰਜੀਵੀ ਬਿਮਾਰੀਆਂ, ਲੇਵੇ ਦੀ ਸੋਜ ਤੇ ਇਨਫੈਕਸ਼ਨ (ਮਾਸਟਾਈਟਸ), ਬਰੂਸੈਲੋਸਿਸ (ਆਵਰਤੀ ਹੋਣ) ਬਾਰੇ ਜਾਣਕਾਰੀ ਦਿੱਤੀ। ਮਹੱਤਵਪੂਰਨ ਮੁੱਦਿਆਂ ਜਿਵੇਂ ਕਿ ਹੋਰ ਛੂਤ ਦੀਆਂ ਬਿਮਾਰੀਆਂ ਅਤੇ ਜਾਨਵਰਾਂ ਨੂੰ ਪ੍ਰਭਾਵਿਤ ਕਰਨ ਵਾਲੀਆਂ ਪ੍ਰਬੰਧਨ ਸਮੱਸਿਆਵਾਂ ਬਾਰੇ ਵੀ ਚਰਚਾ ਕੀਤੀ ਜਾਵੇਗੀ।

ਪਸ਼ੂ ਪਾਲਣ ਵਿਭਾਗ ਦੇ ਪ੍ਰਮੁੱਖ ਸਕੱਤਰ ਰਾਹੁਲ ਭੰਡਾਰੀ ਨੇ ਦੱਸਿਆ ਕਿ ਪਸ਼ੂ ਪਾਲਕਾਂ ਨੂੰ ਸਮੇਂ-ਸਮੇਂ ‘ਤੇ ਪ੍ਰਮਾਣਿਕ ​​ਜਾਣਕਾਰੀ ਪ੍ਰਦਾਨ ਕਰਨ ਲਈ ਇਨ੍ਹਾਂ ਪਲੇਟਫਾਰਮਾਂ ‘ਤੇ ਹਰ ਹਫ਼ਤੇ 4 ਤੋਂ 5 ਵੀਡੀਓ ਪੋਸਟ ਕੀਤੀਆਂ ਜਾਣਗੀਆਂ ਤੇ ਪਸ਼ੂ ਪਾਲਕਾਂ ਲਈ ਮਾਹਿਰਾਂ ਨਾਲ ਆਨਲਾਈਨ ਸੈਸ਼ਨ ਵੀ ਕਰਵਾਏ ਜਾਣਗੇ। ਇਸ ਮੌਕੇ ਡਾਇਰੈਕਟਰ ਪਸ਼ੂ ਪਾਲਣ ਡਾ.ਜੀ.ਐਸ. ਬੇਦੀ, ਡਿਪਟੀ ਡਾਇਰੈਕਟਰ ਡਾ: ਬਿਕਰਮਜੀਤ ਸਿੰਘ, ਸਹਾਇਕ ਡਾਇਰੈਕਟਰ ਡਾ: ਪਰਮਪਾਲ ਸਿੰਘ, ਡਾ: ਲਖਵਿੰਦਰ ਸਿੰਘ ਅਤੇ ਵਿਭਾਗ ਦੇ ਹੋਰ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ।