ਭਾਰਤੀ ਸਰਹੱਦ ਵਿੱਚ ਦਾਖਲ ਹੋਏ ਪਾਕਿਸਤਾਨੀ ਡਰੋਨ ‘ਤੇ ਬੀਐਸਐਫ ਵੱਲੋਂ ਫਾਈਰਿੰਗ
ਭਾਰਤ-ਪਾਕਿਸਤਾਨ ਸਰਹੱਦ 'ਤੇ ਡਰੋਨ ਦੀਆਂ ਘਟਨਾਵਾਂ 'ਚ ਤਿੰਨ ਗੁਣਾ ਵਾਧਾ ਹੋਇਆ ਹੈ। ਅਣਪਛਾਤੇ ਏਰੀਅਲ ਵਹੀਕਲਸ ਹਥਿਆਰਾਂ ਅਤੇ ਗੋਲਾ ਬਾਰੂਦ ਦੇ ਨਾਲ-ਨਾਲ ਭਾਰਤ ਵਿੱਚ ਨਸ਼ਿਆਂ ਦੀ ਤਸਕਰੀ ਦੇ ਇੱਕ ਪ੍ਰਮੁੱਖ ਸਰੋਤ ਵਜੋਂ ਉਭਰੇ ਹਨ।
ਗੁਰਦਾਸਪੁਰ। ਪੰਜਾਬ ਦੇ ਸਰਹੱਦੀ ਇਲਾਕੇ ਵਿੱਚ ਇੱਕ ਸ਼ੱਕੀ ਪਾਕਿਸਤਾਨੀ ਡਰੋਨ ਵੱਲੋਂ ਭਾਰਤੀ ਹਵਾਈ ਖੇਤਰ ਦੀ ਉਲੰਘਣਾ ਕਰਨ ਦੀ ਇੱਕ ਹੋਰ ਘਟਨਾ ਸਾਹਮਣੇ ਆਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸੀਮਾ ਸੁਰੱਖਿਆ ਬਲ ਨੇ ਬੁੱਧਵਾਰ ਦੇਰ ਰਾਤ ਪੰਜਾਬ ਦੇ ਗੁਰਦਾਸਪੁਰ ਵਿੱਚ ਆਦੀਆ ਚੌਕੀ ਨੇੜੇ ਡਰੋਨ ਨੂੰ ਦੇਖਿਆ।
ਪਾਕਿਸਤਾਨੀ ਡ੍ਰੋਨ ਤੇ ਫਾਇਰਿੰਗ
ਬੀਐਸਐਫ ਦੇ ਸੈਕਟਰ ਗੁਰਦਾਸਪੁਰ ਅਧੀਨ ਆਉਂਦੀ ਬੀਐਸਐਫ ਦੀ 58 ਬਟਾਲੀਅਨ ਦੇ ਜਵਾਨਾਂ ਵੱਲੋਂ ਬੁੱਧਵਾਰ ਦੀ ਰਾਤ ਭਾਰਤੀ ਖੇਤਰ ਵਿੱਚ ਦਾਖ਼ਲ ਹੋਏ ਪਾਕਿਸਤਾਨੀ ਡ੍ਰੋਨ ਤੇ ਫਾਇਰਿੰਗ ਤੇ ਰੋਸ਼ਨੀ ਵਾਲੇ ਬੰਬ ਦਾਗ ਕੇ ਪਾਕਿਸਤਾਨੀ ਡ੍ਰੋਨ ਨੂੰ ਵਾਪਸ ਪਾਕਿਸਤਾਨ ਵਾਲੇ ਪਾਸੇ ਭੇਜਣ ਵਿੱਚ ਸਫਲਤਾ ਹਾਸਲ ਕੀਤੀ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਆਈਜੀ ਪ੍ਰਭਾਕਰ ਜੋਸ਼ੀ ਨੇ ਦੱਸਿਆ ਕਿ ਬੁੱਧਵਾਰ ਦੀ ਰਾਤ ਸਰਹੱਦ ਤੇ ਤਾਇਨਾਤ ਬੀਐਸਐਫ ਜਵਾਨਾਂ ਵੱਲੋਂ ਆਕਾਸ਼ ਵਿੱਚ ਗੂੰਜ ਦੀ ਅਵਾਜ਼ ਸੁਣੀ।
ਇਸ ਉਪਰੰਤ ਬੀਐਸਐਫ ਜਵਾਨਾਂ ਵੱਲੋਂ 16 ਰੌਂਦ ਫਾਇੰਗ ਕਰਕੇ 1 ਇਲੂ ਬੰਬ ਚਲਾ ਕੇ 30 ਸੈਕੇਂਡ ਦੇ ਅੰਦਰ ਹੀ ਡਰੋਨ ਨੂੰ ਪਰਤਨ ਵਿੱਚ ਮਜਬੂਰ ਕੀਤਾ ਗਿਆ। ਇਸ ਸਬੰਧੀ ਸਰਹੱਦ ਤੇ ਸਰਚ ਅਭਿਆਨ ਛੇੜੀਆ ਗਿਆ ਜਿਸ ਵਿੱਚ ਕੁਝ ਵੀ ਬਰਾਮਦ ਨਹੀਂ ਹੋਇਆ।
ਨਾਪਾਕ ਚਾਲਾਂ ਫੇਲ ਕਰ ਰਹੀ ਹੈ ਬੀਐਸਐਫ
ਬੀਐਸਐਫ ਨੇ ਇੱਕ ਬਿਆਨ ਵਿੱਚ ਕਿਹਾ ਕਿ ਪਿਛਲੇ ਤਿੰਨ ਦਿਨਾਂ ਵਿੱਚ ਪਾਕਿਸਤਾਨੀ ਡਰੋਨ ਦੇ ਭਾਰਤੀ ਪਾਸੇ ਦੇਖੇ ਜਾਣ ਅਤੇ ਡਿਊਟੀ ‘ਤੇ ਤਾਇਨਾਤ ਬੀਐਸਐਫ ਦੇ ਜਵਾਨਾਂ ਦੁਆਰਾ ਇਸ ‘ਤੇ ਗੋਲੀਬਾਰੀ ਕਰਨ ਅਤੇ ਇਸਨੂੰ ਵਾਪਸ ਪਾਕਿਸਤਾਨ ਭੇਜਣ ਦੀ ਇਹ ਚੌਥੀ ਘਟਨਾ ਹੈ। ਬੀਐਸਐਫ ਦੇ ਅਨੁਸਾਰ 2022 ਵਿੱਚ ਜਵਾਨਾਂ ਦੁਆਰਾ ਕੁੱਲ 22 ਡਰੋਨਾਂ ਨੂੰ ਕਬਜ਼ੇ ਵਿੱਚ ਲਿਆ ਗਿਆ ਸੀ। ਇਸ ਤੋਂ ਇਲਾਵਾ ਬੀਐਸਐਫ ਅਨੁਸਾਰ ਪਿਛਲੇ ਸਾਲ ਬੀਐਸਐਫ ਵੱਲੋਂ ਕੁੱਲ 316 ਕਿਲੋਗ੍ਰਾਮ ਨਸ਼ੀਲੇ ਪਦਾਰਥ ਜ਼ਬਤ ਕੀਤੇ ਗਏ ਸਨ ।
ਡਰੋਨ ਦੀਆਂ ਘਟਨਾਵਾਂ ‘ਚ ਤਿੰਨ ਗੁਣਾ ਵਾਧਾ
ਪਿਛਲੇ ਸਾਲ ਭਾਰਤ-ਪਾਕਿਸਤਾਨ ਸਰਹੱਦ ‘ਤੇ ਡਰੋਨ ਦੇਖਣ ਦੀਆਂ ਘਟਨਾਵਾਂ ‘ਚ ਤਿੰਨ ਗੁਣਾ ਵਾਧਾ ਹੋਇਆ ਹੈ। ਅਣਪਛਾਤੇ ਏਰੀਅਲ ਵਹੀਕਲਸ ਹਥਿਆਰਾਂ ਅਤੇ ਗੋਲਾ ਬਾਰੂਦ ਦੇ ਨਾਲ-ਨਾਲ ਭਾਰਤ ਵਿੱਚ ਨਸ਼ਿਆਂ ਦੀ ਤਸਕਰੀ ਦੇ ਇੱਕ ਪ੍ਰਮੁੱਖ ਸਰੋਤ ਵਜੋਂ ਉਭਰੇ ਹਨ। ਡਰੋਨ ਪੰਜਾਬ ਦੇ ਵੱਖ-ਵੱਖ ਖੇਤਰਾਂ ਵਿੱਚ ਦੇਖੇ ਗਏ ਹਨ ਅਤੇ ਅੰਤਰਰਾਸ਼ਟਰੀ ਸਰਹੱਦ ਦੇ 2 ਕਿਲੋਮੀਟਰ 10 ਕਿਲੋਮੀਟਰ ਦੇ ਦਾਇਰੇ ਵਿੱਚ ਸਨ। ਇਕ ਜਨਵਰੀ 2020 ਤੋਂ 23 ਦਸੰਬਰ 2022 ਤੱਕ ਭਾਰਤ-ਪਾਕਿਸਤਾਨ ਸਰਹੱਦ ‘ਤੇ ਦੇਖੇ ਗਏ 492 ਯੂਏਵੀ ਜਾਂ ਡਰੋਨਾਂ ਵਿੱਚੋਂ, 311 ਇਸ ਸਾਲ ਦੇਖੇ ਗਏ। ਬੀਐਸਐਫ ਦੇ ਅਨੁਸਾਰ 2021 ਵਿੱਚ, 104 ਡਰੋਨ ਦੇਖੇ ਗਏ ਸਨ ਅਤੇ 2020 ਵਿੱਚ 77 ਦੇਖੇ ਗਏ ਸਨ।